ਹਾਏ ਮਹਿੰਗਾਈ! ਇੱਟਾਂ ਦੇ ਭਾਅ 10 ਹਜ਼ਾਰ ਤੱਕ ਪੁੱਜਿਆ
ਹਾਏ ਮਹਿੰਗਾਈ! ਇੱਟਾਂ ਦੇ ਭਾਅ 10 ਹਜ਼ਾਰ ਤੱਕ ਪੁੱਜਿਆ
Publish Date: Thu, 18 Jun 2026 06:16 PM (IST)
Updated Date: Fri, 19 Jun 2026 04:10 AM (IST)

ਗਰੀਬ ਦੀ ਪਹੁੰਚ ਤੋਂ ਦੂਰ ਹੋਇਆ ਘਰ ਬਣਾਉਣ ਦਾ ਸੁਪਨਾ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਮਹਿੰਗਾਈ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ, ਘਰ ਇੱਕ ਚੀਜ ’ਚ ਮਹਿੰਗਾਈ ਦਾ ਬੋਲ ਬਾਲਾ ਹੈ, ਜਿਸ ਦਾ ਸਭ ਤੋਂ ਵੱਡਾ ਅਸਰ ਲੋੜਵੰਦ ਪਰਿਵਾਰਾਂ ਦੇ ਪੈ ਰਿਹਾ ਹੈ, ਜੋ ਇਸ ਦੀ ਮਾਰ ਹੇਠ ਆ ਚੁੱਕੇ ਹਨ। ਹੁਣ ਲੋੜਵੰਦ ਇੱਟਾਂ ਦੇ ਭਾਅ ਆਸਮਾਨੀ ਚੜ੍ਹ ਚੁੱਕੇ ਹਨ ਜਿਸ ਕਾਰਨ ਲੋੜਵੰਦਾਂ ਨੂੰ ਆਪਣੇ ਘਰ ਬਣਾਉਣ ਦਾ ਸੁਪਨਾ ਵੀ ਹੁਣ ਅਧੂਰਾ ਜਾਪ ਰਿਹਾ ਹੈ, ਪਰ ਮਹਿੰਗਾਈ ਦੇ ਦੌਰ ’ਚ ਸਰਕਾਰੀ ਦੀ ਚੁੱਪੀ ਸਾਰ ਨਜ਼ਰ ਆ ਰਹੀ ਹੈ। : ਇੱਟਾਂ ਦੇ ਭਾਅ 10 ਹਜ਼ਾਰ ਤੱਕ ਪੁੱਜਿਆ ਜਾਣਕਾਰੀ ਅਨੁਸਾਰ ਕੁਝ ਮਹੀਨੇ ਪਹਿਲਾਂ ਤੱਕ ਇੱਕ ਹਜ਼ਾਰ ਇੱਟਾਂ ਦਾ ਭਾਅ 7 ਤੋਂ 8 ਹਜ਼ਾਰ ਰੁਪਏ ਦੇ ਕਰੀਬ ਸੀ, ਜੋ ਹੁਣ ਵਧ ਕੇ ਲਗਭਗ 10 ਹਜ਼ਾਰ ਰੁਪਏ ਤੱਕ ਪਹੁੰਚ ਗਿਆ ਹੈ ਜੋ ਪਹਿਲਾਂ ਹੀ ਸੀਮੈਂਟ, ਲੋਹੇ, ਰੇਤ ਅਤੇ ਹੋਰ ਨਿਰਮਾਣ ਸਮੱਗਰੀ ਦੀਆਂ ਵਧੀਆਂ ਕੀਮਤਾਂ ਨਾਲ ਜੂਝ ਰਹੇ ਲੋਕਾਂ ਲਈ ਇੱਟਾਂ ਦੀ ਮਹਿੰਗਾਈ ਇੱਕ ਹੋਰ ਵੱਡਾ ਬੋਝ ਬਣ ਗਈ ਹੈ। ਵਿਧਾਨ ਸਭਾ ਹਲਕਾ ਮਹਿਲ ਕਲਾਂ ਅਤੇ ਇਸ ਦੇ ਪੇਂਡੂ ਖੇਤਰਾਂ ਵਿੱਚ ਵੀ ਇੱਟਾਂ ਦੇ ਵਧੇ ਰੇਟਾਂ ਦਾ ਸਿੱਧਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਕਈ ਪਰਿਵਾਰਾਂ ਨੇ ਵਧ ਰਹੇ ਖਰਚਿਆਂ ਕਾਰਨ ਆਪਣੇ ਮਕਾਨਾਂ ਦੀ ਉਸਾਰੀ ਦਾ ਕੰਮ ਅਸਥਾਈ ਤੌਰ ਤੇ ਰੋਕ ਦਿੱਤਾ ਹੈ ਜਾਂ ਫਿਰ ਉਸ ਵਿੱਚ ਕਟੌਤੀ ਕਰਨ ਲਈ ਮਜਬੂਰ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਮਹਿੰਗਾਈ ਦੀ ਮਾਰ ਕਾਰਨ ਘਰ ਬਣਾਉਣਾ ਹੁਣ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ। ਦੂਜੇ ਪਾਸੇ ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਉਤਪਾਦਨ ਲਾਗਤ ਵਿੱਚ ਹੋਏ ਭਾਰੀ ਵਾਧੇ ਕਾਰਨ ਕੀਮਤਾਂ ਵਧਾਉਣਾ ਉਨ੍ਹਾਂ ਦੀ ਮਜ਼ਬੂਰੀ ਬਣ ਗਿਆ ਹੈ। ਉਦਯੋਗ ਨਾਲ ਜੁੜੇ ਆਗੂਆਂ ਅਨੁਸਾਰ ਇੱਟਾਂ ਅਤੇ ਕੋਲੇ ਤੇ ਲੱਗਣ ਵਾਲੇ ਜੀਐਸਟੀ ਵਿੱਚ ਵਾਧਾ, ਡੀਜ਼ਲ ਦੀਆਂ ਉੱਚੀਆਂ ਕੀਮਤਾਂ, ਢੋਆ-ਢੁਆਈ ਦੇ ਖਰਚੇ, ਮਿੱਟੀ ਅਤੇ ਹੋਰ ਕੱਚੇ ਮਾਲ ਦੀ ਮਹਿੰਗਾਈ ਅਤੇ ਮਜ਼ਦੂਰੀ ਦਰਾਂ ਵਿੱਚ ਵਾਧੇ ਨੇ ਇੱਟਾਂ ਦੇ ਉਤਪਾਦਨ ਨੂੰ ਕਾਫ਼ੀ ਮਹਿੰਗਾ ਕਰ ਦਿੱਤਾ ਹੈ।ਭੱਠਾ ਉਦਯੋਗ ਨਾਲ ਜੁੜੇ ਅੰਕੜਿਆਂ ਮੁਤਾਬਕ ਇੱਕ ਸਮੇਂ ਪੰਜਾਬ ’ਚ ਕਰੀਬ 2700 ਇੱਟ ਭੱਠੇ ਚੱਲਦੇ ਸਨ, ਜਦਕਿ ਹੁਣ ਇਹ ਗਿਣਤੀ ਘਟ ਕੇ ਲਗਭਗ 1300 ਰਹਿ ਗਈ ਹੈ। ਉਦਯੋਗ ਨਾਲ ਜੁੜੇ ਲੋਕਾਂ ਵੱਲੋਂ ਵਧ ਰਹੇ ਆਰਥਿਕ ਦਬਾਅ ਦੇ ਮੱਦੇਨਜ਼ਰ ਅਗਲੇ ਕੁਝ ਮਹੀਨਿਆਂ ਲਈ ਕੰਮਕਾਜ ਬੰਦ ਕਰਨ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਜੇਕਰ ਭੱਠਾ ਉਦਯੋਗ ਵੱਲੋਂ ਕੰਮ ਬੰਦ ਕਰਨ ਦਾ ਫ਼ੈਸਲਾ ਲਿਆ ਜਾਂਦਾ ਹੈ ਤਾਂ ਇਸ ਦਾ ਪ੍ਰਭਾਵ ਨਾ ਸਿਰਫ਼ ਨਿੱਜੀ ਮਕਾਨਾਂ ਦੀ ਉਸਾਰੀ ਤੇ ਪਵੇਗਾ, ਸਗੋਂ ਸਰਕਾਰੀ ਇਮਾਰਤਾਂ, ਸਕੂਲਾਂ, ਹਸਪਤਾਲਾਂ, ਸੜਕਾਂ ਅਤੇ ਹੋਰ ਵਿਕਾਸ ਪ੍ਰਾਜੈਕਟਾਂ ਦੀ ਰਫ਼ਤਾਰ ਵੀ ਪ੍ਰਭਾਵਿਤ ਹੋ ਸਕਦੀ ਹੈ। ਇਸ ਸਬੰਧੀ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਲਗਾਤਾਰ ਵਧ ਰਹੀ ਮਹਿੰਗਾਈ ’ਤੇ ਕੰਟਰੋਲ ਕੀਤਾ ਜਾਵੇ ਤਾਂ ਜੋ ਲੋੜਵੰਦ ਪਰਿਵਾਰ ਵੀ ਆਪਣੇ ਸੁਪਨਿਆ ਦਾ ਘਰ ਬਣਾ ਸਕਣ ਤੇ ਉਨ੍ਹਾਂ ਨੂੰ ਮਹਿੰਗਾਈ ਤੋਂ ਕੁੱਝ ਰਾਹਤ ਮਿਲ ਸਕੇ।