ਸੀਵਰੇਜ਼ ਓਵਰਫ਼ਲੋ, ਟੂਟੀਆਂ ’ਚ ਆ ਰਿਹਾ ਗੰਦਾ ਪਾਣੀ, ਲੋਕ ਪਰੇਸ਼ਾਨ
ਸੀਵਰੇਜ਼ ਦੇ ਓਵਰਫ਼ਲੋ ਤੋਂ ਬਾਅਦ ਹੁਣ ਪਾਣੀ ਵਾਲੀਆਂ ਟੂਟੀਆਂ ’ਚ ਵੀ ਆਇਆ ਗੰਦਾ ਪਾਣੀ, ਲੋਕ ਪ੍ਰੇਸ਼ਾਨ
Publish Date: Tue, 23 Jun 2026 03:49 PM (IST)
Updated Date: Wed, 24 Jun 2026 04:01 AM (IST)

: ਸਮੱਸਿਆ ਦਾ ਜਲਦ ਹੱਲ ਨਾ ਹੋਇਆ ਤਾਂ ਸੀਵਰੇਜ਼ ਵਿਭਾਗ ਦੇ ਦਫ਼ਤਰਾਂ ’ਚ ਲਗਾਂਵਾਗੇ ਜਿੰਦਰਾ : ਲੋਟਾ ਯਾਦਵਿੰਦਰ ਸਿੰਘ ਭੁੱਲਰ/ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਗਲੀ ਨੰਬਰ 10 ਤੇ ਪਟੇਲ ਨਗਰ ਗਲੀ ਨੰਬਰ 5 ’ਚ ਲੋਕਾਂ ਦੇ ਘਰਾਂ ’ਚ ਪੀਣ ਵਾਲੇ ਪਾਣੀ ਦੀਆਂ ਟੂਟੀਆਂ ’ਚੋਂ ਗੰਦਾ ਪਾਣੀ ਆਉਣ ਤੋਂ ਖਫ਼ਾ ਮੁਹੱਲਾ ਵਾਸੀਆਂ ਵਲੋਂ ਸਰਕਾਰ ਤੇ ਸੀਵਰੇਜ਼ ਵਿਭਾਗ ਦੇ ਅਧਿਕਾਰੀਆਂ ਦੇ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਾਂਗਰਸ ਪਾਰਟੀ ਦੇ ਸ਼ਹਿਰੀ ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ ਨੇ ਕਿਹਾ ਕਿ ਗਲੀ ਨੰਬਰ 10 ਤੇ ਪਟੇਲ ਨਗਰ ਦੀ ਗਲੀ ਨੂੰ 5 ’ਚ ਸੀਵਰੇਜ਼ ਦੀ ਸਮੱਸਿਆ ਕਾਫ਼ੀ ਲੰਮੇਂ ਸਮੇਂ ਤੋਂ ਚੱਲ ਰਹੀ ਹੈ, ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ’ਚ ਦਾਖਲ ਹੋ ਚੁੱਕਿਆ ਹੈ, ਪਰ ਮੰਗਲਵਾਰ ਨੂੰ ਲੋਕਾਂ ਦੇ ਘਰਾਂ ’ਚ ਪੀਣ ਵਾਲਾ ਗੰਦਾ ਪਾਣੀ ਆਉਣ ਕਾਰਨ ਲੋਕਾਂ ’ਚ ਹਾਅ ਹਾਅ ਕਾਰ ਮੱਚ ਗਈ। ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਹੈ। ਗੰਦੇ ਪਾਣੀ ਨਾਲ ਲੋਕਾਂ ਨੂੰ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੀਵਰੇਜ਼ ਦੀ ਸਮੱਸਿਆ ਦਾ ਹੱਲ ਨਾ ਹੋਣ ਕਾਰਨ ਗੰਦਾ ਪਾਣੀ ਓਵਰਫ਼ਲੋ ਹੋ ਕੇ ਲੋਕਾਂ ਦੇ ਘਰਾਂ ’ਚ ਦਾਖਲ ਹੋ ਚੁੱਕਿਆ ਹੈ, ਜ਼ੋ ਘਰਾਂ ਦੀਆਂ ਨੀਂਹਾਂ ’ਚ ਪੈ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਆਪਣੇ ਘਰ ਛੱਡ ਕੇ ਬਾਹਰ ਆਰਮੀ ਤੰਬੂ ਲਗਾ ਕੇ ਘਰਾਂ ਤੋਂ ਬਾਹਰ ਨਿੱਕਲ ਕੇ ਰਹਿਣਾ ਪੈ ਰਿਹਾ ਹੈ ਪਰ ਇਸ ਸਮੱਸਿਆ ਦੇ ਹੱਲ ਅਧਿਕਾਰੀਆਂ ਦਾ ਕੋਈ ਧਿਆਨ ਨਹੀਂ ਹੈ, ਅਧਿਕਾਰੀ ਏਸੀ ਕਮਰਿਆਂ ’ਚ ਬੈਠੇ ਹਨ ਤੇ ਲੋਕ ਪੀਣ ਵਾਲੇ ਸਾਫ਼ ਪਾਣੀ ਨੂੰ ਵੀ ਤਰਸ ਰਹੇ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਜੇਕਰ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਨ੍ਹਾ ਵਲੋਂ ਸਮੂਹ ਮੁਹੱਲਾ ਵਾਸੀਆਂ ਨਾਲ ਸੀਵਰੇਜ ਵਿਭਾਗ ਦੇ ਦਫ਼ਤਰ ਨੂੰ ਜਿੰਦਰਾ ਲਗਾ ਕੇ ਧਰਨਾ ਦਿੱਤਾ ਜਾਵੇਗਾ। ਜਿਸ ਦੀ ਜਿੰਮੇਵਾਰ ਵਿਭਾਗ ਦੀ ਹੋਵੇਗੀ। ਲੋਕ ਘਰਾਂ ਤੋਂ ਬਾਹਰ ਰਹਿਣ ਲਈ ਹੋਏ ਮਜ਼ਬੂਰ ਜਿ਼ਕਰਯੋਗ ਹੈ ਕਿ ਪਟੇਲ ਨਗਰ ਗਲੀ ਨੰਬਰ 5 ’ਚ ਪਿਛਲੇ ਲੰਮੇਂ ਸਮੇਂ ਤੋਂ ਸੀਵਰੇਜ਼ ਦੀ ਬਲੋਕੇਜ ਦੀ ਚੱਲ ਰਹੀ ਸਮੱਸਿਆ ਦਾ ਖਮਿਆਜਾ ਉੱਥੇ ਰਹਿ ਰਹੇ ਲੋੜਵੰਦ ਪਰਿਵਾਰਾਂ ਨੂੰ ਭੁਗਤਨਾ ਪੈ ਰਿਹਾ ਹੈ। ਸੀਵਰੇਜ ਦਾ ਗੰਦਾ ਪਾਣੀ ਓਵਰਲੋਫ਼ ਹੋ ਕੇ ਲੋਕਾਂ ਦੇ ਘਰਾਂ ਦੀਆਂ ਨੀਂਹਾਂ ’ਚ ਪੈ ਰਿਹਾ ਹੈ, ਜਿਸ ਕਾਰਨ ਕਈ ਪਰਿਵਾਰ ਆਪਣੇ ਘਰਾਂ ਤੋਂ ਬਾਹਰ ਕੇ ਸਾਰੇ ਸਮਾਨ ਸਮੇਂ ਤਰਪਾਲਾਂ ਪਾ ਕੇ ਆਰਮੀ ਰਹਿ ਬਸੇਰਾ ਬਣਾਕੇ ਆਪਣੇ ਛੋਟੇ ਬੱਚਿਆਂ ਸਮੇਤ ਰਹਿਣ ਲਈ ਮਜਬੂਰ ਹੋ ਚੁੱਕੇ ਹਨ। ਸੀਵਰੇਜ਼ ਦੇ ਗੰਦੇ ਪਾਣੀ ਕਾਰਨ ਇਸ ਇਲਾਕੇ ’ਚ ਭਿਆਨਕ ਬਦਬੂ ਮਾਰ ਰਹੀ ਹੈ ਤੇ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ। ਪਰ ਇਸ ਸਮੱਸਿਆ ਵੱਲ ਕਿਸੇ ਵੀ ਅਧਿਕਾਰੀ ਦਾ ਕੋਈ ਧਿਆਨ ਨਹੀਂ ਹੈ। ::ਬਾਕਸ ਨਿਊਜ:: ਜਲਦ ਹੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ : ਐੱਸਡੀਓ ਇਸ ਸਬੰਧੀ ਜਦ ਸੀਵਰੇਜ਼ ਵਿਭਾਗ ਦੇ ਐਸਡੀਓ ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਖਾਲੀ ਪਾਇਪਾਂ ’ਚੋ ਕਈ ਵਾਰ ਜੰਗਾਲ ਆ ਜਾਂਦੀ ਹੈ, ਪਰ ਉਨ੍ਹਾਂ ਵਲੋਂ ਇਸ ਸਮੱਸਿਆ ਦਾ ਹੱਲ ਕਰਵਾਉਣ ਲਈ ਤੁਰੰਤ ਹੀ ਕਰਮਚਾਰੀਆਂ ਨੂੰ ਭੇਜਿਆ ਗਿਆ ਹੈ। ਜਦਕਿ ਉਨ੍ਹਾਂ ਨੂੰ ਸੀਵਰੇਜ਼ ਦੀ ਸਮੱਸਿਆ ਦੇ ਹੱਲ ਲਈ ਕਿਹਾ ਗਿਆ ਤਾਂ ਉਨ੍ਹਾਂ ਕਿਹਾ ਕਿ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਇਸ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ। ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਜਾ ਚੁੱਕਿਆ ਹੈ।