- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਾਲ ਭਗਵਤੀ ਜਾਗਰਣ ਦੇ ਸਬੰਧ ’ਚ ਕੱਢੀ ਅਲੌਕਿਕ ਸ਼ੋਭਾ ਯਾਤਰਾ

- ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਕੀਤੀ ਸ਼ਮੂਲੀਅਤ
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ
ਭਵਾਨੀਗੜ੍ਹ : ਨਾਭਾ ਗੇਟ ਸਥਿਤ ਇਤਿਹਾਸਕ ਧਾਰਮਿਕ ਅਸਥਾਨ ਤਪੋ ਅਸਥਾਨ ਨਗਨ ਬਾਬਾ ਸ਼੍ਰੀ ਸਾਹਿਬ ਦਾਸ ਵਿਖੇ ਸਮੂਹ ਸੰਗਤ, ਪ੍ਰਬੰਧਕ ਕਮੇਟੀ ਅਤੇ ਸੇਵਾ ਦਲ ਸੰਗਰੂਰ ਦੇ ਸਾਂਝੇ ਉਪਰਾਲੇ ਨਾਲ 27 ਜੂਨ ਨੂੰ ਕਰਵਾਏ ਜਾ ਰਹੇ 30ਵਾਂ ਵਿਸ਼ਾਲ ਭਗਵਤੀ ਜਗਰਾਤੇ ਦੇ ਸਬੰਧ ਵਿੱਚ ਮੰਗਲਵਾਰ ਨੂੰ ਵਿਸ਼ਾਲ ਅਤੇ ਅਲੌਕਿਕ ਸ਼ੋਭਾ ਯਾਤਰਾ ਕੱਢੀ ਗਈ। ਧਾਰਮਿਕ ਜੈਕਾਰਿਆਂ, ਭਜਨਾਂ ਅਤੇ ਸ਼ਰਧਾ ਦੇ ਰੰਗ ਵਿੱਚ ਰੰਗੀ ਇਸ ਯਾਤਰਾ ਨੇ ਸਮੁੱਚੇ ਸੰਗਰੂਰ ਨੂੰ ਆਧਿਆਤਮਿਕ ਮਾਹੌਲ ਨਾਲ ਸਰਾਬੋਰ ਕਰ ਦਿੱਤਾ। ਸ਼ੋਭਾ ਯਾਤਰਾ ਦੌਰਾਨ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਪਵਿੱਤਰ ਝੰਡਾ ਆਪਣੇ ਹੱਥਾਂ ਵਿੱਚ ਚੁੱਕ ਕੇ ਯਾਤਰਾ ਦੀ ਅਗਵਾਈ ਕੀਤੀ। ਇਸ ਮੌਕੇ ਸੰਗਤ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।
ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਉਪਰੰਤ ਧਾਰਮਿਕ ਮਰਿਆਦਾ ਅਨੁਸਾਰ ਪਵਿੱਤਰ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਡਾ. ਮਿੰਕੂ ਜਵੰਧਾ ਨੇ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਇਲਾਕੇ ਦੀ ਚੜ੍ਹਦੀ ਕਲਾ, ਖੁਸ਼ਹਾਲੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਸਮਾਗਮ ਦੌਰਾਨ ਪ੍ਰਬੰਧਕ ਕਮੇਟੀ ਅਤੇ ਸੇਵਾ ਦਲ ਦੇ ਅਹੁਦੇਦਾਰਾਂ ਵੱਲੋਂ ਡਾ. ਮਿੰਕੂ ਜਵੰਧਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਵਜੋਂ ਪਵਿੱਤਰ ਸਿਰੋਪਾਓ ਅਤੇ ਮਹਾਪੁਰਸ਼ਾਂ ਦਾ ਸਰੂਪ ਭੇਟ ਕੀਤਾ ਗਿਆ। ਇਸ ਮੌਕੇ ਡਾ. ਮਿੰਕੂ ਜਵੰਧਾ ਨੇ ਕਿਹਾ ਕਿ ਮਹਾਪੁਰਸ਼ਾਂ ਦੇ ਤਪ ਅਸਥਾਨ ਅਤੇ ਧਾਰਮਿਕ ਸਮਾਗਮ ਸਮਾਜ ਨੂੰ ਭਾਈਚਾਰੇ, ਨਿਸ਼ਕਾਮ ਸੇਵਾ, ਅਮਨ-ਸ਼ਾਂਤੀ ਅਤੇ ਪ੍ਰਭੂ ਭਗਤੀ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸੇਵਾ ਦਲ ਸੰਗਰੂਰ ਵੱਲੋਂ ਪਿਛਲੇ ਤਿੰਨ ਦਹਾਕਿਆਂ ਤੋਂ ਲਗਾਤਾਰ ਕਰਵਾਇਆ ਜਾ ਰਿਹਾ ਇਹ ਵਿਸ਼ਾਲ ਭਗਵਤੀ ਜਗਰਾਤਾ ਇੱਕ ਪ੍ਰੇਰਨਾਦਾਇਕ ਅਤੇ ਸ਼ਲਾਘਾਯੋਗ ਉਪਰਾਲਾ ਹੈ, ਜੋ ਨਵੀਂ ਪੀੜ੍ਹੀ ਨੂੰ ਧਾਰਮਿਕ ਅਤੇ ਸਮਾਜਿਕ ਕਦਰਾਂ-ਕੀਮਤਾਂ ਨਾਲ ਜੋੜ ਰਿਹਾ ਹੈ। ਉਨ੍ਹਾਂ ਸਮੂਹ ਪ੍ਰਬੰਧਕਾਂ, ਸੇਵਾਦਾਰਾਂ ਅਤੇ ਸੰਗਤ ਨੂੰ ਇਸ ਮਹਾਨ ਧਾਰਮਿਕ ਉਪਰਾਲੇ ਲਈ ਵਧਾਈ ਦਿੰਦਿਆਂ ਕਿਹਾ ਕਿ ਉਹ ਹਮੇਸ਼ਾ ਧਾਰਮਿਕ, ਸਮਾਜਿਕ ਅਤੇ ਲੋਕ-ਭਲਾਈ ਦੇ ਕਾਰਜਾਂ ਵਿੱਚ ਆਪਣਾ ਬਣਦਾ ਯੋਗਦਾਨ ਦਿੰਦੇ ਰਹਿਣਗੇ। ਸਮਾਗਮ ਦੇ ਅਖੀਰ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਪਹੁੰਚੀਆਂ ਸੰਗਤਾਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।