- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੁੱਧਵਾਰ ਸਵੇਰੇ ਸੰਗਰੂਰ ਪੁਲਿਸ ਅਤੇ ਸੀਆਈਏ ਸਟਾਫ਼ ਦੀ ਸਾਂਝੀ ਟੀਮ ਨੇ ਸ਼੍ਰੋਮਣੀ ਅਕਾਲੀ ਦਲ (ਪੁਨਰ: ਸੁਰਜੀਤ) ਦੇ ਹਲਕਾ ਦਿੜ੍ਹਬਾ ਇੰਚਾਰਜ ਵਿਜੇ ਲੰਕੇਸ਼ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਚਮਨਦੀਪ ਸਿੰਘ ਮਿਲਖੀ ਨੂੰ ਉਨ੍ਹਾਂ ਦੇ ਘਰੋਂ ਹਿਰਾਸਤ ਵਿੱਚ ਲੈ ਲਿਆ।

ਜਾਗਰਣ ਸੰਵਾਦਦਾਤਾ, ਜਾਗਰਣ, ਸੰਗਰੂਰ: ਭਵਾਨੀਗੜ੍ਹ ਨੇੜਲੇ ਪਿੰਡ ਘਰਾਚੋਂ ਵਿੱਚ ਮੰਗਲਵਾਰ ਨੂੰ ਮੁੱਖ ਮੰਤਰੀ ਦੇ ਓਐਸਡੀ ਦੇ ਘਰ ਛਾਪਾਮਾਰੀ ਕਰਨ ਪਹੁੰਚੀ ਸੀਬੀਆਈ ਟੀਮ ਦੀ ਗੱਡੀ ’ਤੇ ਫੁੱਲ ਵਰਸਾਉਣ ਵਾਲੇ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂਆਂ ਖ਼ਿਲਾਫ਼ ਪੁਲਿਸ ਨੇ ਕਾਰਵਾਈ ਕੀਤੀ ਹੈ। ਬੁੱਧਵਾਰ ਸਵੇਰੇ ਸੰਗਰੂਰ ਪੁਲਿਸ ਅਤੇ ਸੀਆਈਏ ਸਟਾਫ਼ ਦੀ ਸਾਂਝੀ ਟੀਮ ਨੇ ਸ਼੍ਰੋਮਣੀ ਅਕਾਲੀ ਦਲ (ਪੁਨਰ: ਸੁਰਜੀਤ) ਦੇ ਹਲਕਾ ਦਿੜ੍ਹਬਾ ਇੰਚਾਰਜ ਵਿਜੇ ਲੰਕੇਸ਼ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਚਮਨਦੀਪ ਸਿੰਘ ਮਿਲਖੀ ਨੂੰ ਉਨ੍ਹਾਂ ਦੇ ਘਰੋਂ ਹਿਰਾਸਤ ਵਿੱਚ ਲੈ ਲਿਆ।
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਆਗੂ ਮੰਗਲਵਾਰ ਰਾਤ ਪਿੰਡ ਘਰਾਚੋਂ ਵਿੱਚ ਉਸ ਸਮੇਂ ਮੌਕੇ ’ਤੇ ਪਹੁੰਚੇ ਸਨ, ਜਦੋਂ ਸੀਬੀਆਈ ਦੀ ਟੀਮ ਮੁੱਖ ਮੰਤਰੀ ਦੇ ਓਐਸਡੀ ਦੀ ਰਿਹਾਇਸ਼ ’ਤੇ ਜਾਂਚ ਲਈ ਪਹੁੰਚੀ ਸੀ। ਇਸ ਦੌਰਾਨ ਆਗੂਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਸੀਬੀਆਈ ਟੀਮ ਦੀ ਗੱਡੀ ’ਤੇ ਫੁੱਲ ਵਰਸਾਏ ਸਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਦਿਆਂ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ।
ਵਿਜੇ ਲੰਕੇਸ਼ ਅਤੇ ਚਮਨਦੀਪ ਸਿੰਘ ਮਿਲਖੀ ਨੇ ਮੁੱਖ ਮੰਤਰੀ, ਉਨ੍ਹਾਂ ਦੇ ਓਐਸਡੀ ਸਮੇਤ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ’ਤੇ ਵੀ ਸਿਆਸੀ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਸੀਬੀਆਈ ਨੂੰ ਮਾਮਲੇ ਦੀ ਜਾਂਚ ਬਿਨਾਂ ਕਿਸੇ ਸਿਆਸੀ ਦਬਾਅ ਦੇ ਨਿਰਪੱਖ ਤਰੀਕੇ ਨਾਲ ਕਰਨੀ ਚਾਹੀਦੀ ਹੈ, ਤਾਂ ਜੋ ਸੱਚਾਈ ਸਾਹਮਣੇ ਆ ਸਕੇ।
ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਧੂਰੀ ਦੌਰੇ ’ਤੇ ਹਨ। ਇਸ ਦੇ ਮੱਦੇਨਜ਼ਰ ਵੀ ਪੁਲਿਸ ਵੱਲੋਂ ਇਹ ਕਦਮ ਚੁੱਕੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮਾਮਲੇ ਨੂੰ ਲੈ ਕੇ ਪਿੰਡ ਘਰਾਚੋਂ ਅਤੇ ਆਸ-ਪਾਸ ਦੇ ਇਲਾਕੇ ਵਿੱਚ ਵੀ ਚਰਚਾ ਦਾ ਮਾਹੌਲ ਹੈ। ਵਿਰੋਧੀ ਧਿਰ ਇਸ ਨੂੰ ਸਿਆਸੀ ਕਾਰਵਾਈ ਦੱਸ ਰਹੀ ਹੈ, ਜਦਕਿ ਪੁਲਿਸ ਵੱਲੋਂ ਇਸ ਨੂੰ ਮੁੱਖ ਮੰਤਰੀ ਦੇ ਧੂਰੀ ਦੌਰੇ ਦੇ ਮੱਦੇਨਜ਼ਰ ਕਾਨੂੰਨ-ਵਿਵਸਥਾ ਨਾਲ ਜੁੜੇ ਪਹਿਲੂਆਂ ਦੇ ਆਧਾਰ ’ਤੇ ਕੀਤੀ ਗਈ ਕਾਰਵਾਈ ਦੱਸਿਆ ਜਾ ਰਿਹਾ ਹੈ।