ਜ਼ਿਲ੍ਹੇ ’ਚ 558 ਬੀਐੱਲਓ ਭਰਵਾ ਰਹੇ ਗਣਨਾ ਫਾਰਮ : ਜ਼ਿਲ੍ਹਾ ਚੋਣ ਅਫ਼ਸਰ ਜਿਲ੍ਹੇ ’ਚ 558 ਬੀਐਲਓ ਗਣਨਾ ਫਾਰਮ ਭਰਵਾਉਣ ਲਈ ਜੁਟੇ: ਜ਼ਿਲ੍ਹਾ ਚੋਣ ਅਫ਼ਸਰ
Publish Date: Mon, 29 Jun 2026 04:44 PM (IST)
Updated Date: Mon, 29 Jun 2026 04:46 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਜਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ’ਚ 558 ਬੀਐਲਓ ਆਪਣੇ ਆਪਣੇ ਖੇਤਰ ਵਿਚ ਡਟੇ ਹੋਏ ਹਨ, ਜਿਨ੍ਹਾਂ ’ਚ ਬਹੁਤੇ ਘਰ ਘਰ ਗਣਨਾ ਫਾਰਮ ਵੰਡਣ ਤੋਂ ਬਾਅਦ ਫਾਰਮ ਭਰਵਾਉਣ ’ਚ ਜੁਟ ਗਏ ਹਨ। ਇਸ ਦੌਰਾਨ ਵਿਧਾਨ ਸਭਾ ਹਲਕਾ 103 ਬਰਨਾਲਾ ’ਚ ਸ੍ਰੋਮਣੀ ਸਾਹਿਤਕਾਰ ਅਤੇ ਉੱਘੇ ਨਾਵਲਕਾਰ ਓਮ ਪ੍ਰਕਾਸ਼ ਗਾਸੋ ਨੇ ਆਪਣਾ ਗਣਨਾ ਫਾਰਮ ਭਰਿਆ ਅਤੇ ਜ਼ਿਲ੍ਹੇ ਦੇ ਸਾਰੇ ਵੋਟਰਾਂ ਨੂੰ ਗਣਨਾ ਫਾਰਮ ਭਰਨ ਦਾ ਸੁਨੇਹਾ ਦਿੱਤਾ। ਇਸੇ ਤਰ੍ਹਾਂ ਉੱਘੇ ਨਿਰਦੇਸ਼ਕ ਅਤੇ ਪੰਜਾਬੀ ਅਦਾਕਾਰ ਭੁਪਿੰਦਰ ਬਰਨਾਲਾ ਨੇ ਵੀ ਆਪਣਾ ਗਣਨਾ ਫਾਰਮ ਭਰ ਕੇ ਵੋਟਰਾਂ ਨੂੰ ਗਣਨਾ ਫਾਰਮ ਭਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਬੀਐਲਓ ਪ੍ਰੇਰਨਾਸ੍ਰੋਤ ਅਤੇ ਵੋਟਰਾਂ ਦੇ ਮਾਰਗਦਰਸ਼ਕ ਵਜੋਂ ਫੀਲਡ ’ਚ ਵਿਚਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਗਹਿਰੀ ਸੁਧਾਈ ਦਾ ਉਦੇਸ਼ ਹਰ ਯੋਗ ਵੋਟਰ ਨੂੰ ਵੋਟਰ ਸੂਚੀ ਵਿਚ ਸ਼ਾਮਲ ਕਰਨਾ ਅਤੇ ਅਯੋਗ ਵੋਟਰਾਂ ਨੂੰ ਸੂਚੀ ਵਿਚੋਂ ਬਾਹਰ ਕਰਨਾ ਹੈ। ਉਨ੍ਹਾਂ ਕਿਹਾ ਕਿ ਹਰ ਘਰ, ਹਰ ਵੋਟਰ ਤਕ ਪਹੁੰਚ ਕੀਤੀ ਜਾ ਰਹੀ ਹੈ। ਇਸ ਮੌਕੇ ਪ੍ਰੀ ਮੈਪਿੰਗ 100 ਫੀਸਦੀ ਕਰਨ ਵਾਲੇ ਅਤੇ ਗਣਨਾ ਫਾਰਮ ਵੰਡਣ ਦਾ ਕੰਮ ਮੋਹਰੀ ਰਹਿੰਦਿਆਂ ਮੁਕੰਮਲ ਕਰਨ ਵਾਲੇ ਬੀਐਲਓ ਅੰਕੁਰ ਕੁਮਾਰ, ਜੋ ਕਿ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤਪਾ (ਲੜਕੇ) ਵਿਖੇ ਕੰਪਿਊਟਰ ਅਧਿਆਪਕ ਹਨ, ਨੇ ਕਿਹਾ ਕਿ ਉਨ੍ਹਾਂ ਕੋਲ ਬੂਥ ਨੰਬਰ 94 ਵਿਧਾਨ ਸਭਾ ਚੋਣ ਹਲਕਾ 102 ਭਦੌੜ ਵਿਖੇ 731 ਵੋਟਰਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਿਆਰੀ ਵਿਸ਼ੇਸ਼ ਗਹਿਰੀ ਸੁਧਾਈ ਤੋਂ ਕਾਫੀ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਭਾਰਤੀ ਚੋਣ ਕਮਿਸ਼ਨ ਦੀ ਆਧਾਰ ਸੀਡਿੰਗ ਪ੍ਰਕਿਰਿਆ ਦੌਰਾਨ, ਉਨ੍ਹਾਂ ਨੇ ਬੜੀ ਬਾਰੀਕੀ ਨਾਲ ਇੱਕ ਅਜਿਹਾ ਡਾਟਾਬੇਸ ਤਿਆਰ ਕੀਤਾ ਜਿਸ ’ਚ ਹਰੇਕ ਵੋਟਰ ਦਾ ਨਾਮ, ਰਿਸ਼ਤੇਦਾਰ ਦਾ ਨਾਮ, ਮਕਾਨ ਨੰਬਰ, ਆਧਾਰ ਨੰਬਰ ਅਤੇ ਮੋਬਾਈਲ ਨੰਬਰ ਸ਼ਾਮਲ ਸੀ। ਜਦੋਂ ਪ੍ਰੀ-ਐਸ.ਆਈ.ਆਰ. ਮੈਪਿੰਗ ਦੀ ਪ੍ਰਕਿਰਿਆ ਸ਼ੁਰੂ ਹੋਈ, ਤਾਂ ਬੂਥ ਨੰਬਰ 94 ਨੇ 100% ਮੈਪਿੰਗ ਕੀਤੀ। ਅੰਕੁਰ ਨੇ ਈਸੀਆਈ ਐਨਈਟੀ ਐਪ ਤੋਂ ਪ੍ਰੀ-ਐਸ.ਆਈ.ਆਰ ਮੈਪਿੰਗ ਡਾਟਾ ਡਾਊਨਲੋਡ ਕੀਤਾ ਅਤੇ ਇੱਕ ਰਜਿਸਟਰ ਤਿਆਰ ਕੀਤਾ। ਉਨ੍ਹਾਂ ਆਪਣੇ ਵੋਟਰਾਂ ਦਾ ਵਟਸਐਪ ਗਰੁੱਪ ਵੀ ਬਣਾਇਆ। ਇਸ ਗਰੁੱਪ ਰਾਹੀਂ, ਉਹ ਵੋਟਰਾਂ ਨੂੰ ਐਸ.ਆਈ.ਆਰ. ਲਈ ਲੋੜੀਂਦੇ ਦਸਤਾਵੇਜ਼ਾਂ ਬਾਰੇ ਲਗਾਤਾਰ ਸੂਚਿਤ ਕਰਦੇ ਰਹੇ। ਉਨ੍ਹਾਂ ਮਿੱਥੇ ਸਮੇਂ ਅੰਦਰ ਗਣਨਾ ਫਾਰਮ ਵੰਡ ਦਿੱਤੇ ਅਤੇ ਗਣਨਾ ਫਾਰਮ ਭਰਵਾਉਣ ਦਾ ਕੰਮ ਸ਼ੁਰੂ ਕਰ ਲਿਆ। ਪਿੰਡ ਸ਼ਹਿਣਾ ਦੇ ਬੂਥ ਨੰਬਰ 39 ਦੇ ਬੀ.ਐਲ.ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਘਰ-ਘਰ ਜਾ ਕੇ ਗਣਨਾ ਫਾਰਮ ਵੰਡਣ ਮਗਰੋਂ ਫਾਰਮ ਭਰਵਾਉਣ ਦਾ ਕਾਰਜ ਜਾਰੀ ਹੈ ਅਤੇ ਹਰ ਵੋਟਰ ਤਕ ਪਹੁੰਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਬਤੌਰ ਮਲਟੀਪਰਪਜ਼ ਸਿਹਤ ਸੁਪਰਵਾਈਜ਼ਰ ਤਾਇਨਾਤ ਹਨ ਅਤੇ ਇਸ ਅਹਿਮ ਕਾਰਜ ਲਈ ਸ਼ਿੱਦਤ ਨਾਲ ਜੁਟੇ ਹੋਏ ਹਨ। ਵਿਧਾਨ ਸਭਾ ਚੋਣ ਹਲਕਾ 103 ਬਰਨਾਲਾ ਦੇ ਪਿੰਡ ਰਾਜਗੜ੍ਹ ਦੇ ਬੂਥ ਨੰਬਰ 187 ਦੇ ਬੀ.ਐਲ.ਓ. ਹਰਜਿੰਦਰ ਸਿੰਘ ਨੇ ਘਰ-ਘਰ ਜਾ ਕੇ ਗਣਨਾ ਫਾਰਮ ਵੰਡਣ ਦਾ ਕੰਮ ਹਲਕੇ ਵਿਚੋਂ ਮੋਹਰੀ ਰਹਿੰਦਿਆਂ ਮੁਕੰਮਲ ਕਰਨ ਮਗਰੋਂ ਅਤੇ ਹੁਣ ਭਰਵਾਉਣ ਦਾ ਕੰਮ ਜਾਰੀ ਹੈ। ਉਹ ਕਮਿਊਨਟੀ ਹੈਲਥ ਸੈਂਟਰ ਧਨੌਲਾ ਵਿਖੇ ਬਤੌਰ ਮਲਟੀਪਰਪਜ਼ ਸਿਹਤ ਸੁਪਰਵਾਈਜ਼ਰ ਵਜੋਂ ਤਾਇਨਾਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਕੰਮ ਨੂੰ ਬੋਝ ਵਜੋਂ ਨਹੀਂ ਬਲਕਿ ਜ਼ਿੰਮੇਵਾਰੀ ਵਜੋਂ ਲੈ ਰਹੇ ਹਨ। ਵਿਧਾਨ ਸਭਾ ਹਲਕਾ ਮਹਿਲ ਕਲਾਂ ’ਚ ਬੂਥ ਨੰਬਰ 51 ਦੇ ਬੀਐਲਓ ਗੁਰਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਰੇ ਬੀਐਲਓ ਸੰਜੀਦਗੀ ਨਾਲ ਮੁਹਿੰਮ ’ਚ ਜੁਟੇ ਹੋਏ ਹਨ ਅਤੇ ਹਰ ਘਰ, ਹਰ ਵੋਟਰ ਤੱਕ ਪਹੁੰਚ ਕੀਤੀ ਜਾ ਰਹੀ ਹੈ।