ਮਾਂ ਨੂੰ ਬਚਾਉਣ ਆਏ 15 ਸਾਲਾ ਪੁੱਤ ਦੀ ਕਰੰਟ ਲੱਗਣ ਨਾਲ ਮੌਤ, ਮਾਂ ਗੰਭੀਰ ਜ਼ਖ਼ਮੀ; ਛੱਤ 'ਤੇ ਕੱਪੜੇ ਸੁਕਾਉਂਦੇ ਸਮੇਂ ਹੋਇਆ ਦਰਦਨਾਕ ਹਾਦਸਾ
ਵਾਰਡ ਨੰਬਰ 14 ਦੀ ਕੌਂਸਲਰ ਬਲਵਿੰਦਰ ਕੌਰ ਉਰਫ਼ ਸੰਦੀਪ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਇਸ ਘਟਨਾ ਨੂੰ ਬੇਹੱਦ ਮੰਦਭਾਗਾ ਦੱਸਦਿਆਂ ਦੋਸ਼ ਲਾਇਆ ਕਿ ਬਿਜਲੀ ਬੋਰਡ ਦੀ ਕਥਿਤ ਲਾਪਰਵਾਹੀ ਕਾਰਨ ਇੱਕ ਗ਼ਰੀਬ ਪਰਿਵਾਰ ਨੇ ਆਪਣਾ ਨਾਬਾਲਗ ਪੁੱਤ ਗੁਆ ਦਿੱਤਾ ਹੈ।
Publish Date: Tue, 20 Oct 2026 04:58 PM (IST)
Updated Date: Tue, 20 Oct 2026 05:01 PM (IST)
ਜਾਗਰਣ ਸੰਵਾਦਦਾਤਾ, ਸੰਗਰੂਰ : ਲਹਿਰਾਗਾਗਾ ਦੇ ਵਾਰਡ ਨੰਬਰ 14 'ਚ ਦੁਸਹਿਰੇ ਵਾਲੇ ਦਿਨ ਮੰਗਲਵਾਰ ਦੁਪਹਿਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ। ਮਾਂ ਨੂੰ ਬਚਾਉਣ ਲਈ ਅੱਗੇ ਆਏ 15 ਸਾਲਾ ਪੁੱਤ ਦੀ ਹਾਈ ਵੋਲਟੇਜ ਬਿਜਲੀ ਦੀ ਤਾਰ ਤੋਂ ਕਰੰਟ ਲੱਗਣ ਕਾਰਨ ਮੌਤ ਹੋ ਗਈ, ਜਦਕਿ ਉਸ ਦੀ ਮਾਂ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ। ਜ਼ਖ਼ਮੀ ਔਰਤ ਅਤੇ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਹਾਦਸੇ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਹੈ।
ਵਾਰਡ ਵਾਸੀਆਂ ਨੇ ਇਸ ਘਟਨਾ ਲਈ ਬਿਜਲੀ ਬੋਰਡ ਦੀ ਕਥਿਤ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਅਤੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਪਛਾਣ ਗੋਬਿੰਦ ਸਿੰਘ (15) ਵਜੋਂ ਹੋਈ ਹੈ, ਜਦਕਿ ਉਸ ਦੀ ਮਾਂ ਪਾਲੋ ਕੌਰ (38) ਲਹਿਰਾਗਾਗਾ ਦੇ ਸਰਕਾਰੀ ਹਸਪਤਾਲ 'ਚ ਇਲਾਜ ਅਧੀਨ ਹੈ।
ਘਰ ਦੀ ਛੱਤ 'ਤੇ ਕੱਪੜੇ ਸੁਕਾਉਂਦੇ ਸਮੇਂ ਵਾਪਰਿਆ ਹਾਦਸਾ
ਵਾਰਡ ਨੰਬਰ 14 ਦੀ ਕੌਂਸਲਰ ਬਲਵਿੰਦਰ ਕੌਰ ਨੇ ਦੱਸਿਆ ਕਿ ਕਈ ਰਿਹਾਇਸ਼ੀ ਮਕਾਨਾਂ ਦੀਆਂ ਛੱਤਾਂ ਉੱਪਰੋਂ 11 ਕੇਵੀ ਦੀਆਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਲੰਘ ਰਹੀਆਂ ਹਨ। ਮੰਗਲਵਾਰ ਨੂੰ ਪਾਲੋ ਕੌਰ ਆਪਣੇ ਘਰ ਦੀ ਛੱਤ 'ਤੇ ਕੱਪੜੇ ਸੁਕਾਉਣ ਲਈ ਗਈ ਸੀ। ਇਸ ਦੌਰਾਨ ਇੱਕ ਕੱਪੜਾ ਬਿਜਲੀ ਦੀਆਂ ਤਾਰਾਂ ਦੇ ਸੰਪਰਕ 'ਚ ਆ ਗਿਆ, ਜਿਸ ਕਾਰਨ ਉਹ ਕਰੰਟ ਦੀ ਲਪੇਟ 'ਚ ਆ ਗਈ।
ਮਾਂ ਦੀਆਂ ਚੀਕਾਂ ਸੁਣ ਕੇ ਉਸ ਦਾ 15 ਸਾਲਾ ਪੁੱਤ ਗੋਬਿੰਦ ਸਿੰਘ ਉਸ ਨੂੰ ਬਚਾਉਣ ਲਈ ਅੱਗੇ ਵਧਿਆ, ਪਰ ਉਹ ਵੀ ਕਰੰਟ ਦੀ ਲਪੇਟ 'ਚ ਆ ਗਿਆ। ਦੋਵਾਂ ਨੂੰ ਤੁਰੰਤ ਲਹਿਰਾਗਾਗਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਗੋਬਿੰਦ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਮਾਂ ਦਾ ਇਲਾਜ ਜਾਰੀ ਹੈ।
ਬਿਜਲੀ ਬੋਰਡ ਦੀ ਕਥਿਤ ਲਾਪਰਵਾਹੀ ਵਿਰੁੱਧ ਭੜਕੇ ਵਾਰਡ ਵਾਸੀ
ਹਾਦਸੇ ਤੋਂ ਬਾਅਦ ਵਾਰਡ ਵਾਸੀਆਂ 'ਚ ਭਾਰੀ ਰੋਸ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਰਿਹਾਇਸ਼ੀ ਮਕਾਨਾਂ ਦੀਆਂ ਛੱਤਾਂ ਉੱਪਰੋਂ ਲੰਘ ਰਹੀਆਂ 11 ਕੇਵੀ ਦੀਆਂ ਬਿਜਲੀ ਦੀਆਂ ਤਾਰਾਂ ਲੋਕਾਂ ਦੀ ਜਾਨ ਲਈ ਖ਼ਤਰਾ ਬਣੀਆਂ ਹੋਈਆਂ ਹਨ। ਜੇਕਰ ਇਨ੍ਹਾਂ ਤਾਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਤਬਦੀਲ ਕਰ ਦਿੱਤਾ ਜਾਂਦਾ ਤਾਂ ਅਜਿਹੇ ਹਾਦਸਿਆਂ ਨੂੰ ਰੋਕਣ 'ਚ ਮਦਦ ਮਿਲ ਸਕਦੀ ਸੀ।
ਵਾਰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਨੂੰ ਢੁੱਕਵਾਂ ਮੁਆਵਜ਼ਾ ਦੇਣ ਅਤੇ ਹਾਦਸੇ ਲਈ ਜ਼ਿੰਮੇਵਾਰ ਪਾਏ ਜਾਣ ਵਾਲੇ ਬਿਜਲੀ ਬੋਰਡ ਦੇ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਕੌਂਸਲਰ ਬਲਵਿੰਦਰ ਕੌਰ ਨੇ ਕੀਤੀ ਮੁਆਵਜ਼ੇ ਦੀ ਮੰਗ
ਵਾਰਡ ਨੰਬਰ 14 ਦੀ ਕੌਂਸਲਰ ਬਲਵਿੰਦਰ ਕੌਰ ਉਰਫ਼ ਸੰਦੀਪ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਇਸ ਘਟਨਾ ਨੂੰ ਬੇਹੱਦ ਮੰਦਭਾਗਾ ਦੱਸਦਿਆਂ ਦੋਸ਼ ਲਾਇਆ ਕਿ ਬਿਜਲੀ ਬੋਰਡ ਦੀ ਕਥਿਤ ਲਾਪਰਵਾਹੀ ਕਾਰਨ ਇੱਕ ਗ਼ਰੀਬ ਪਰਿਵਾਰ ਨੇ ਆਪਣਾ ਨਾਬਾਲਗ ਪੁੱਤ ਗੁਆ ਦਿੱਤਾ ਹੈ।
ਉਨ੍ਹਾਂ ਪੰਜਾਬ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਨੂੰ ਢੁੱਕਵਾਂ ਮੁਆਵਜ਼ਾ ਦੇਣ ਅਤੇ ਰਿਹਾਇਸ਼ੀ ਮਕਾਨਾਂ ਦੇ ਉੱਪਰੋਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਤਬਦੀਲ ਕਰਨ ਦੀ ਮੰਗ ਕੀਤੀ, ਤਾਂ ਜੋ ਭਵਿੱਖ 'ਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਕੈਬਨਿਟ ਮੰਤਰੀ ਦੇ ਪੁੱਤ ਨੇ ਜ਼ਖ਼ਮੀ ਔਰਤ ਦਾ ਹਾਲ ਜਾਣਿਆ
ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਦੇ ਪੁੱਤ ਗੌਰਵ ਗੋਇਲ ਲਹਿਰਾਗਾਗਾ ਦੇ ਸਰਕਾਰੀ ਹਸਪਤਾਲ ਪਹੁੰਚੇ। ਉਨ੍ਹਾਂ ਨੇ ਜ਼ਖ਼ਮੀ ਪਾਲੋ ਕੌਰ ਦਾ ਹਾਲ-ਚਾਲ ਜਾਣਿਆ ਅਤੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ ਬੱਚੇ ਦੀ ਮੌਤ : ਡਾਕਟਰ
ਲਹਿਰਾਗਾਗਾ ਦੇ ਸਰਕਾਰੀ ਹਸਪਤਾਲ ਦੇ ਡਾ. ਤਲੇਸ਼ ਨੇ ਦੱਸਿਆ ਕਿ ਮੰਗਲਵਾਰ ਨੂੰ ਕਰੰਟ ਲੱਗਣ ਕਾਰਨ ਜ਼ਖ਼ਮੀ ਹੋਏ ਦੋ ਵਿਅਕਤੀਆਂ ਨੂੰ ਹਸਪਤਾਲ ਲਿਆਂਦਾ ਗਿਆ ਸੀ। ਇਨ੍ਹਾਂ 'ਚੋਂ ਕਰੀਬ 14-15 ਸਾਲਾ ਗੋਬਿੰਦ ਸਿੰਘ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ, ਜਦਕਿ ਪਾਲੋ ਕੌਰ ਦਾ ਇਲਾਜ ਕੀਤਾ ਜਾ ਰਿਹਾ ਹੈ।
ਪੁਲਿਸ ਨੇ ਜਾਂਚ ਸ਼ੁਰੂ ਕੀਤੀ
ਥਾਣਾ ਲਹਿਰਾ ਦੇ ਏਐੱਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਤੱਥਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।