- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਭਰਤਗੜ੍ਹ ਦੇ ਜਤਿੰਦਰ ਕੌਰ ਨੇ ਰਵਾਇਤੀ ਖੇਤੀ ਤੋਂ ਅੱਗੇ ਵੱਧਦਿਆਂ ਲੈਮਨਗ੍ਰਾਸ ਦੀ ਕਾਸ਼ਤ ਅਤੇ ਉਸ ਤੋਂ ਤਿਆਰ ਹੋਣ ਵਾਲੇ ਤੇਲ ਦੇ ਉਤਪਾਦਨ ਤੇ ਵਿਕਰੀ ਨੂੰ ਸਫ਼ਲ ਕਾਰੋਬਾਰ ਦਾ ਰੂਪ ਦਿੱਤਾ ਹੈ। ਇਸ ਦੇ ਨਾਲ ਹੀ ਉਹ ਵਪਾਰਕ ਪੱਧਰ ’ਤੇ ਬੈਕਯਾਰਡ ਪੋਲਟਰੀ ਯੂਨਿਟ ਵੀ ਚਲਾ ਰਹੇ ਹਨ ਅਤੇ ਇਸ ਦਾ ਹੋਰ ਵਿਸਥਾਰ ਕਰਕੇ ਆਮਦਨ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਸਿਰਜਣ ਵੱਲ ਅੱਗੇ ਵੱਧ ਰਹੇ ਹਨ।

ਲਖਵੀਰ ਖਾਬੜਾ, ਪੰਜਾਬੀ ਜਾਗਰਣ,ਰੂਪਨਗਰ : ਨੈਸ਼ਨਲ ਨਬਾਰਡ ਫਾਊਡੇਸ਼ਨ ਦਿਵਸ ਮੌਕੇ ਰੂਪਨਗਰ ਜ਼ਿਲ੍ਹੇ ਦੀਆ ਦੋ ਅਗਾਂਹਵਧੂ ਮਹਿਲਾਵਾਂ ਨੂੰ ਰਾਜ ਪੱਧਰੀ ਸਨਮਾਨ ਨਾਲ ਚੰਡੀਗੜ੍ਹ ਵਿਖੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਜਾਣਕਾਰੀ ਅਨਸਾਰ ਪਿੰਡ ਬਹਾਦਰਪੁਰ ਪਿੰਡ ਦੀ ਕੁਲਦੀਪ ਕੌਰ ਜੋ ਆਰਐੱਸ ਡੇਅਰੀ ਫਾਰਮ ਦਾ ਸਫ਼ਲ ਸੰਚਾਲਨ ਕਰ ਰਹੇ ਹਨ, ਗੁਣਵੱਤਾ ਭਰਪੂਰ ਅਤੇ ਸਾਫ਼ ਦੁੱਧ ਉਤਪਾਦਨ ਦੇ ਨਾਲ-ਨਾਲ ਪੂਰੇ ਪਿੰਡ ਨੂੰ ਬਾਇਓਗੈਸ ਦੀ ਮੁਫ਼ਤ ਸਪਲਾਈ ਕਰਕੇ ਊਰਜਾ ਸੰਭਾਲ ਅਤੇ ਵਾਤਾਵਰਣ ਸੁਰੱਖਿਆ ਵਿਚ ਵੀ ਅਹਿਮ ਯੋਗਦਾਨ ਪਾ ਰਹੇ ਹਨ। ਉਨ੍ਹਾਂ ਦੇ ਇਸ ਉਪਰਾਲੇ ਨਾਲ ਪਿੰਡ ਵਾਸੀਆਂ ਨੂੰ ਸਿੱਧਾ ਲਾਭ ਮਿਲ ਰਿਹਾ ਹੈ।
ਪਿੰਡ ਭਰਤਗੜ੍ਹ ਦੇ ਜਤਿੰਦਰ ਕੌਰ ਨੇ ਰਵਾਇਤੀ ਖੇਤੀ ਤੋਂ ਅੱਗੇ ਵੱਧਦਿਆਂ ਲੈਮਨਗ੍ਰਾਸ ਦੀ ਕਾਸ਼ਤ ਅਤੇ ਉਸ ਤੋਂ ਤਿਆਰ ਹੋਣ ਵਾਲੇ ਤੇਲ ਦੇ ਉਤਪਾਦਨ ਤੇ ਵਿਕਰੀ ਨੂੰ ਸਫ਼ਲ ਕਾਰੋਬਾਰ ਦਾ ਰੂਪ ਦਿੱਤਾ ਹੈ। ਇਸ ਦੇ ਨਾਲ ਹੀ ਉਹ ਵਪਾਰਕ ਪੱਧਰ ’ਤੇ ਬੈਕਯਾਰਡ ਪੋਲਟਰੀ ਯੂਨਿਟ ਵੀ ਚਲਾ ਰਹੇ ਹਨ ਅਤੇ ਇਸ ਦਾ ਹੋਰ ਵਿਸਥਾਰ ਕਰਕੇ ਆਮਦਨ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਸਿਰਜਣ ਵੱਲ ਅੱਗੇ ਵੱਧ ਰਹੇ ਹਨ।
ਜ਼ਿਕਰਯੋਗ ਹੈ ਕਿ ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਰੂਪਨਗਰ ਵੱਲੋਂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਆਧੁਨਿਕ ਖੇਤੀ ਤਕਨੀਕਾਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਉਸ ਸਮੇਂ ਹੋਰ ਬਲ ਮਿਲਿਆ, ਜਦੋਂ ਕੇਂਦਰ ਦੀ ਸਿਫ਼ਾਰਸ਼ ’ਤੇ ਜ਼ਿਲ੍ਹੇ ਦੀਆਂ ਦੋ ਅਗਾਂਹਵਧੂ ਕਿਸਾਨ ਬੀਬੀਆਂ ਨੂੰ ਰਾਜ ਪੱਧਰੀ ਸਨਮਾਨ ਨਾਲ ਨਿਵਾਜਿਆ ਗਿਆ। ਇਹ ਸਨਮਾਨ ਪੇਂਡੂ ਖੇਤਰ ਦੀਆਂ ਮਹਿਲਾਵਾਂ ਦੀ ਮਿਹਨਤ, ਦ੍ਰਿੜ੍ਹ ਇੱਛਾ-ਸ਼ਕਤੀ ਅਤੇ ਖੇਤੀਬਾੜੀ ਵਿਚ ਉਨ੍ਹਾਂ ਦੇ ਵੱਧਦੇ ਯੋਗਦਾਨ ਦਾ ਪ੍ਰਤੀਕ ਹੈ।
ਕ੍ਰਿਸ਼ੀ ਵਿਗਿਆਨ ਕੇਂਦਰ ਰੂਪਨਗਰ ਦੇ ਨਿਰਦੇਸ਼ਕ (ਸਿਖਲਾਈ) ਡਾ.ਸਤਬੀਰ ਸਿੰਘ ਨੇ ਦੱਸਿਆ ਕਿ ਕੇਵੀਕੇ ਰੂਪਨਗਰ ਵਿਗਿਆਨਕ ਜਾਣਕਾਰੀ, ਤਕਨੀਕੀ ਸਲਾਹ ਅਤੇ ਸਿਖਲਾਈ ਰਾਹੀਂ ਕਿਸਾਨਾਂ ਨੂੰ ਆਧੁਨਿਕ ਖੇਤੀ ਅਪਣਾਉਣ ਲਈ ਲਗਾਤਾਰ ਪ੍ਰੇਰਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਰਹਿਨੁਮਾਈ ਸਦਕਾ ਕਈ ਕਿਸਾਨ ਅਤੇ ਕਿਸਾਨ ਬੀਬੀਆਂ ਖੇਤੀ ਅਤੇ ਸਹਾਇਕ ਧੰਦਿਆਂ ਵਿਚ ਸਫ਼ਲਤਾ ਹਾਸਲ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਸਨਮਾਨਿਤ ਕਿਸਾਨ ਬੀਬੀਆਂ ਨੂੰ ਕੇਵੀਕੇ ਦੇ ਵਿਗਿਆਨੀਆਂ ਵੱਲੋਂ ਸਮੇਂ-ਸਮੇਂ ’ਤੇ ਤਕਨੀਕੀ ਮਾਰਗਦਰਸ਼ਨ ਅਤੇ ਸਹਿਯੋਗ ਦਿੱਤਾ ਗਿਆ, ਜਿਸ ਸਦਕਾ ਉਹ ਆਪਣੇ ਖੇਤੀ ਅਤੇ ਪਸ਼ੂ ਪਾਲਣ ਦੇ ਕਾਰੋਬਾਰ ਵਿਚ ਜ਼ਿਕਰਯੋਗ ਸਫ਼ਲਤਾ ਹਾਸਲ ਕਰਨ ਵਿਚ ਕਾਮਯਾਬ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਪੰਜਾਬ ਦੇ ਪੇਂਡੂ ਖੇਤਰਾਂ ਵਿਚ ਮਹਿਲਾਵਾਂ ਦੀ ਸਮਰੱਥਾ, ਆਤਮ-ਵਿਸ਼ਵਾਸ ਅਤੇ ਖੇਤੀਬਾੜੀ ਦੇ ਵਿਕਾਸ ਵਿਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦੀ ਹੈ। ਉਨ੍ਹਾਂ ਕਿਹਾ ਕਿ ਕੇਵੀਕੇ ਰੂਪਨਗਰ ਭਵਿੱਖ ਵਿਚ ਵੀ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਨਵੀਨਤਮ ਤਕਨੀਕਾਂ ਨਾਲ ਜੋੜ ਕੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਕਰਨ ਲਈ ਵਚਨਬੱਧ ਰਹੇਗਾ।