- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤੋਂ ਇਲਾਵਾ ਡਾਊਨਸਟ੍ਰੀਮ ਖੇਤਰ ਵਿੱਚ ਕਰੀਬ 100 ਮੀਟਰ ਲੰਬੇ ਅਤੇ 50 ਮੀਟਰ ਚੌੜੇ ਹਿੱਸੇ ਨੂੰ ਕੰਕਰੀਟ ਨਾਲ ਮਜ਼ਬੂਤ ਕੀਤਾ ਗਿਆ ਹੈ ਤਾਂ ਜੋ ਭਵਿੱਖ ਵਿੱਚ ਪਾਣੀ ਦੇ ਤੇਜ਼ ਵਹਾਅ ਨਾਲ ਢਾਂਚੇ ਨੂੰ ਨੁਕਸਾਨ ਨਾ ਪਹੁੰਚੇ।

ਆਰ. ਸਿੰਘ, ਪੰਜਾਬੀ ਜਾਗਰਣ, ਪਠਾਨਕੋਟ: ਪਿਛਲੇ ਸਾਲ ਰਾਵੀ ਦਰਿਆ ਵਿੱਚ ਆਏ ਭਿਆਨਕ ਹੜ੍ਹ ਦੌਰਾਨ ਮਾਧੋਪੁਰ ਹੈੱਡਵਰਕਸ ਨੂੰ ਹੋਏ ਨੁਕਸਾਨ ਤੋਂ ਬਾਅਦ ਸਿੰਚਾਈ ਵਿਭਾਗ ਨੇ ਇਸ ਇਤਿਹਾਸਕ ਬੈਰਾਜ ਦਾ ਵੱਡੇ ਪੱਧਰ ’ਤੇ ਆਧੁਨਿਕੀਕਰਨ ਅਤੇ ਮਜ਼ਬੂਤੀਕਰਨ ਕੀਤਾ ਹੈ। ਲਗਭਗ 35 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਗਏ ਸੁਧਾਰਾਂ ਮਗਰੋਂ ਵਿਭਾਗ ਦਾ ਦਾਅਵਾ ਹੈ ਕਿ ਹੁਣ ਮਾਧੋਪੁਰ ਹੈੱਡਵਰਕਸ ਕਿਸੇ ਵੀ ਹੜ੍ਹ ਜਾਂ ਐਮਰਜੈਂਸੀ ਸਥਿਤੀ ਨਾਲ ਪਹਿਲਾਂ ਨਾਲੋਂ ਕਈ ਗੁਣਾ ਬਿਹਤਰ ਢੰਗ ਨਾਲ ਨਜਿੱਠਣ ਦੇ ਸਮਰੱਥ ਹੋ ਗਿਆ ਹੈ।
ਪਿਛਲੇ ਸਾਲ 27 ਅਗਸਤ ਨੂੰ ਉਪਰਲੇ ਪਹਾੜੀ ਖੇਤਰਾਂ ਵਿੱਚ ਹੋਈ ਭਾਰੀ ਬਾਰਿਸ਼ ਤੋਂ ਬਾਅਦ ਰਾਵੀ ਦਰਿਆ ਵਿੱਚ ਆਏ ਤੇਜ਼ ਵਹਾਅ ਨੇ ਮਾਧੋਪੁਰ ਬੈਰਾਜ ’ਤੇ ਭਾਰੀ ਦਬਾਅ ਪਾਇਆ ਸੀ। ਪਾਣੀ ਦੇ ਅਚਾਨਕ ਵਧੇ ਵਹਾਅ ਕਾਰਨ ਚਾਰ ਫਲੱਡ ਗੇਟ ਨੁਕਸਾਨੇ ਗਏ ਸਨ ਅਤੇ ਹੇਠਲੇ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਸੀ। ਉਸ ਸਮੇਂ ਗੇਟਾਂ ਨੂੰ ਹੱਥੀਂ ਚਲਾ ਕੇ ਹਾਲਾਤ ਕਾਬੂ ਕਰਨੇ ਪਏ ਸਨ।
ਮੈਨੂਅਲ ਤੋਂ ਆਟੋਮੈਟਿਕ ਪ੍ਰਣਾਲੀ ਵੱਲ ਕਦਮ
ਸਿੰਚਾਈ ਵਿਭਾਗ ਦੇ ਐੱਸਡੀਓ ਅਜੀਤ ਕੁਮਾਰ ਨੇ ਦੱਸਿਆ ਕਿ ਇਸ ਵਾਰ ਬੈਰਾਜ ਦੇ ਸੰਚਾਲਨ ਵਿੱਚ ਵੱਡੇ ਤਕਨੀਕੀ ਬਦਲਾਅ ਕੀਤੇ ਗਏ ਹਨ। ਪਹਿਲਾਂ ਹੱਥੀਂ ਚੱਲਣ ਵਾਲੇ ਗੇਟਾਂ ਨੂੰ ਪੂਰੀ ਤਰ੍ਹਾਂ ਇਲੈਕਟ੍ਰਾਨਿਕ ਅਤੇ ਮੋਟਰਾਈਜ਼ਡ ਪ੍ਰਣਾਲੀ ਨਾਲ ਜੋੜਿਆ ਗਿਆ ਹੈ। ਪੁਰਾਣੀ ਵਾਇਰਿੰਗ ਦੀ ਥਾਂ ਨਵੀਂ ਕੇਬਲਿੰਗ ਕੀਤੀ ਗਈ ਹੈ ਅਤੇ ਅਤਿ-ਆਧੁਨਿਕ ਕੰਟਰੋਲ ਪੈਨਲ ਲਗਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਸਾਰੇ ਗੇਟਾਂ ਦੀ ਦੋ ਤੋਂ ਤਿੰਨ ਵਾਰ ਸਫਲ ਟੈਸਟਿੰਗ ਕੀਤੀ ਜਾ ਚੁੱਕੀ ਹੈ। ਹੁਣ ਲੋੜ ਪੈਣ ’ਤੇ ਗੇਟਾਂ ਨੂੰ ਕੁਝ ਹੀ ਪਲਾਂ ਵਿੱਚ ਖੋਲ੍ਹਿਆ ਜਾਂ ਬੰਦ ਕੀਤਾ ਜਾ ਸਕੇਗਾ, ਜਿਸ ਨਾਲ ਹੜ੍ਹ ਦੀ ਸਥਿਤੀ ਵਿੱਚ ਤੁਰੰਤ ਫੈਸਲੇ ਲੈਣਾ ਸੰਭਵ ਹੋਵੇਗਾ।
54 ਗੇਟਾਂ ਦੀ ਮੁਰੰਮਤ, ਚਾਰ ਨਵੇਂ ਫਲੱਡ ਗੇਟ ਲਗਾਏ
ਪਿਛਲੇ ਹੜ੍ਹ ਦੌਰਾਨ ਨੁਕਸਾਨੇ ਗਏ ਢਾਂਚਿਆਂ ਦੀ ਮੁਰੰਮਤ ਦੇ ਨਾਲ-ਨਾਲ ਪੂਰੇ ਹੈੱਡਵਰਕਸ ਦੀ ਮਜ਼ਬੂਤੀ ਲਈ ਵਿਆਪਕ ਕੰਮ ਕੀਤਾ ਗਿਆ ਹੈ। ਹਰਿਆਣਾ ਦੀ ਦਿਆਨੰਦ ਕੰਸਟਰਕਸ਼ਨ ਕੰਪਨੀ ਵੱਲੋਂ ਚਾਰ ਨਵੇਂ ਫਲੱਡ ਗੇਟ ਲਗਾਏ ਗਏ ਹਨ, ਜਦਕਿ ਸਾਰੇ 54 ਗੇਟਾਂ ਦੀ ਮੁਰੰਮਤ ਕਰਕੇ ਉਨ੍ਹਾਂ ਨੂੰ ਮੁੜ ਚਾਲੂ ਹਾਲਤ ਵਿੱਚ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ ਡਾਊਨਸਟ੍ਰੀਮ ਖੇਤਰ ਵਿੱਚ ਕਰੀਬ 100 ਮੀਟਰ ਲੰਬੇ ਅਤੇ 50 ਮੀਟਰ ਚੌੜੇ ਹਿੱਸੇ ਨੂੰ ਕੰਕਰੀਟ ਨਾਲ ਮਜ਼ਬੂਤ ਕੀਤਾ ਗਿਆ ਹੈ ਤਾਂ ਜੋ ਭਵਿੱਖ ਵਿੱਚ ਪਾਣੀ ਦੇ ਤੇਜ਼ ਵਹਾਅ ਨਾਲ ਢਾਂਚੇ ਨੂੰ ਨੁਕਸਾਨ ਨਾ ਪਹੁੰਚੇ।
ਵਾਇਰ ਕ੍ਰੇਟ ਬਣੇ ਨਵਾਂ ਸੁਰੱਖਿਆ ਕਵਚ
ਬੈਰਾਜ ਦੀ ਨੀਂਹ ਨੂੰ ਕਟਾਅ ਤੋਂ ਬਚਾਉਣ ਲਈ ਇਸ ਵਾਰ ਵੱਡੇ ਪੱਧਰ ’ਤੇ ਵਾਇਰ ਕ੍ਰੇਟ ਲਗਾਏ ਗਏ ਹਨ। ਅਪਸਟ੍ਰੀਮ ਹਿੱਸੇ ਵਿੱਚ 24 ਫੁੱਟ ਅਤੇ ਡਾਊਨਸਟ੍ਰੀਮ ਹਿੱਸੇ ਵਿੱਚ 40 ਫੁੱਟ ਤੱਕ ਵਾਇਰ ਕ੍ਰੇਟ ਤਿਆਰ ਕੀਤੇ ਗਏ ਹਨ। ਵਿਭਾਗ ਦਾ ਮੰਨਣਾ ਹੈ ਕਿ ਇਸ ਨਾਲ ਤੇਜ਼ ਵਹਾਅ, ਪੱਥਰਾਂ ਦੀ ਟੱਕਰ ਅਤੇ ਕਟਾਅ ਕਾਰਨ ਹੋਣ ਵਾਲੇ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕੇਗਾ।
13 ਹਜ਼ਾਰ ਕਿਊਸਿਕ ਪਾਣੀ ਦੀ ਹੋ ਰਹੀ ਸਪਲਾਈ
ਐੱਸਡੀਓ ਅਜੀਤ ਕੁਮਾਰ ਅਨੁਸਾਰ ਰਣਜੀਤ ਸਾਗਰ ਡੈਮ ਤੋਂ ਬਿਜਲੀ ਉਤਪਾਦਨ ਮਗਰੋਂ ਪਾਣੀ ਸ਼ਾਹਪੁਰਕੰਡੀ ਡੈਮ ਵਿੱਚ ਸਟੋਰ ਕੀਤਾ ਜਾਂਦਾ ਹੈ। ਉੱਥੋਂ ਇਸ ਸਮੇਂ 13 ਹਜ਼ਾਰ ਕਿਊਸਿਕ ਪਾਣੀ ਸਿੰਚਾਈ ਲਈ ਛੱਡਿਆ ਜਾ ਰਿਹਾ ਹੈ। ਇਸ ਵਿੱਚੋਂ 400 ਕਿਊਸਿਕ ਪਾਣੀ ਕਸ਼ਮੀਰੀ ਨਹਿਰ ਨੂੰ ਅਤੇ 3,200 ਕਿਊਸਿਕ ਪਾਣੀ ਪੰਜਾਬ ਰਾਹੀਂ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ, ਜਦਕਿ ਬਾਕੀ ਪਾਣੀ ਪੰਜਾਬ ਦੀਆਂ ਨਹਿਰਾਂ ਅਤੇ ਖੇਤੀਬਾੜੀ ਲਈ ਵਰਤਿਆ ਜਾ ਰਿਹਾ ਹੈ।
150 ਸਾਲ ਪੁਰਾਣਾ ਹੈ ਮਾਧੋਪੁਰ ਹੈੱਡਵਰਕਸ
ਰਾਵੀ ਦਰਿਆ ’ਤੇ ਸਥਿਤ ਮਾਧੋਪੁਰ ਹੈੱਡਵਰਕਸ ਦਾ ਨਿਰਮਾਣ 1872 ਤੋਂ 1875 ਦੇ ਦਰਮਿਆਨ ਕੀਤਾ ਗਿਆ ਸੀ। ਇਹ ਅੱਪਰ ਬਾਰੀ ਦੋਆਬ ਨਹਿਰ (ਯੂਬੀਡੀਸੀ) ਦਾ ਮੁੱਖ ਸਰੋਤ ਹੈ ਅਤੇ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਸਮੇਤ ਕਈ ਜ਼ਿਲ੍ਹਿਆਂ ਦੀ ਖੇਤੀਬਾੜੀ ਲਈ ਜੀਵਨ ਰੇਖਾ ਮੰਨਿਆ ਜਾਂਦਾ ਹੈ। 1959 ਵਿੱਚ ਇਸ ਦਾ ਵਿਸਥਾਰ ਅਤੇ ਆਧੁਨਿਕੀਕਰਨ ਕੀਤਾ ਗਿਆ ਸੀ, ਜਦਕਿ ਦੇਸ਼ ਦੀ ਵੰਡ ਤੋਂ ਬਾਅਦ ਇਹ ਭਾਰਤ ਦੇ ਹਿੱਸੇ ਵਿੱਚ ਆ ਕੇ ਪੰਜਾਬ ਦੀ ਸਿੰਚਾਈ ਪ੍ਰਣਾਲੀ ਦਾ ਅਹਿਮ ਕੇਂਦਰ ਬਣਿਆ ਹੋਇਆ ਹੈ।