- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਇਤਿਹਾਸਕ ਸਥਾਨ ਨੂੰ 19 ਅਕਤੂਬਰ 2001 ਨੂੰ ‘ਮਹਾਰਾਜਾ ਰਣਜੀਤ ਸਿੰਘ ਹੈਰੀਟੇਜ਼ ਹਿੱਲ ਪਾਰਕ, ਆਂਸਰੋਂ’ ਦਾ ਦਰਜਾ ਦਿੱਤਾ ਗਿਆ ਸੀ, ਪਰ ਇਸ ਦੇ ਵਿਕਾਸ ਅਤੇ ਸੰਭਾਲ ਲਈ ਸਰਕਾਰੀ ਪੱਧਰ ’ਤੇ ਉਮੀਦਾਂ ਅਨੁਸਾਰ ਕੰਮ ਨਹੀਂ ਹੋ ਸਕਿਆ।

ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਮਿਸਾਲਾਂ ਦੇਣ ਵਾਲੀਆਂ ਸਿਆਸੀ ਪਾਰਟੀਆਂ ਦੇ ਦਾਅਵਿਆਂ ਦੇ ਉਲਟ ਰੂਪਨਗਰ ਨੇੜੇ ਸ਼ਿਵਾਲਿਕ ਦੀਆਂ ਪਹਾੜੀਆਂ ’ਤੇ ਸਥਿਤ ਖਾਲਸਾ ਰਾਜ ਦੀ ਇਤਿਹਾਸਕ ਵਿਰਾਸਤੀ ਚੌਕੀ ਦੀ ਸੰਭਾਲ ਅੱਜ ਆਮ ਲੋਕਾਂ ਦੇ ਸਹਿਯੋਗ ਨਾਲ ਹੋ ਰਹੀ ਹੈ। ਇਸ ਇਤਿਹਾਸਕ ਸਥਾਨ ਨੂੰ 19 ਅਕਤੂਬਰ 2001 ਨੂੰ ‘ਮਹਾਰਾਜਾ ਰਣਜੀਤ ਸਿੰਘ ਹੈਰੀਟੇਜ਼ ਹਿੱਲ ਪਾਰਕ, ਆਂਸਰੋਂ’ ਦਾ ਦਰਜਾ ਦਿੱਤਾ ਗਿਆ ਸੀ, ਪਰ ਇਸ ਦੇ ਵਿਕਾਸ ਅਤੇ ਸੰਭਾਲ ਲਈ ਸਰਕਾਰੀ ਪੱਧਰ ’ਤੇ ਉਮੀਦਾਂ ਅਨੁਸਾਰ ਕੰਮ ਨਹੀਂ ਹੋ ਸਕਿਆ।
ਸੰਨ 2000 ਵਿੱਚ ਪੰਜਾਬ ਹੈਰੀਟੇਜ਼ ਐਂਡ ਐਜੂਕੇਸ਼ਨ ਫਾਊਂਡੇਸ਼ਨ ਦੇ ਉਪਰਾਲਿਆਂ ਨਾਲ ਇਸ ਵਿਰਾਸਤੀ ਪਹਾੜੀ ਦੀ ਪਛਾਣ ਮੁੜ ਸਥਾਪਤ ਹੋਈ। 2003 ਵਿੱਚ ਇੱਥੇ ਨਿਸ਼ਾਨ ਸਾਹਿਬ ਦੀ ਮੁੜ ਸਥਾਪਨਾ ਕੀਤੀ ਗਈ। ਬਾਅਦ ਵਿੱਚ ਗੁਰਮਤਿ ਵਿਚਾਰ ਮੰਚ ਨੇ ਵਿਰਾਸਤੀ ਚੌਕੀ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਇੱਥੇ ਧਾਰਮਿਕ ਸਮਾਗਮ ਵੀ ਕਰਵਾਏ।
ਲੋਕਾਂ ਦੇ ਸਹਿਯੋਗ ਨਾਲ ਹੋਏ ਵਿਕਾਸ ਕਾਰਜ
ਸਾਲ 2024 ਦੌਰਾਨ ਦਾਨੀ ਸੱਜਣਾਂ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਵਿਰਾਸਤੀ ਚੌਕੀ ਤੱਕ ਜਾਣ ਲਈ ਡਿਊਢੀ, 244 ਪੌੜੀਆਂ ਅਤੇ ਸੁਰੱਖਿਆ ਕੰਧ ਦੀ ਉਸਾਰੀ ਕਰਵਾਈ ਗਈ। ਇਸ ਤੋਂ ਇਲਾਵਾ ਇੰਟਰਲਾਕ ਟਾਈਲਾਂ ਲਗਾਉਣ ਲਈ ਵੀ ਸਥਾਨਕ ਜਨ-ਪ੍ਰਤੀਨਿਧੀਆਂ ਨੇ ਯੋਗਦਾਨ ਦਿੱਤਾ।
ਸਰਕਾਰਾਂ ਤੋਂ ਵੱਧ ਲੋਕਾਂ ਨੇ ਨਿਭਾਈ ਜ਼ਿੰਮੇਵਾਰੀ
ਸਰਕਾਰ-ਏ-ਖਾਲਸਾ ਵਿਰਾਸਤੀ ਚੌਕੀ ਸੰਭਾਲ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਪਤਿਆਲਾ ਨੇ ਕਿਹਾ ਕਿ ਹੁਣ ਇਤਿਹਾਸਕ ਵਿਰਾਸਤਾਂ ਦੀ ਸੰਭਾਲ ਲਈ ਸਿਰਫ਼ ਸਰਕਾਰਾਂ ’ਤੇ ਨਿਰਭਰ ਨਹੀਂ ਰਿਹਾ ਜਾ ਸਕਦਾ। ਕਮੇਟੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਰੈਸਟ ਰੂਮ, ਉਡੀਕ ਕਮਰਾ, ਲੈਟਰੀਨ-ਬਾਥਰੂਮ, ਰਸੋਈ ਅਤੇ ਪੀਣ ਵਾਲੇ ਪਾਣੀ ਦੀ ਸਹੂਲਤ ਬਣਾਉਣ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ।
-ਪੰਜਾਬ ਹੈਰੀਟੇਜ਼ ਐਂਡ ਐਜੂਕੇਸ਼ਨ ਫਾਊਂਡੇਸ਼ਨ ਦੇ ਪ੍ਰਧਾਨ ਕਰਨਲ ਜਤਿੰਦਰ ਸਿੰਘ ਨੇ ਕਿਹਾ ਕਿ ਵੱਖ-ਵੱਖ ਸਰਕਾਰਾਂ ਕੋਲ ਇਹ ਮਾਮਲਾ ਉਠਾਉਣ ਦੇ ਬਾਵਜੂਦ ਵਿਰਾਸਤੀ ਚੌਕੀ ਦੇ ਵਿਕਾਸ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਧਰੋਹਰ ਨੂੰ ਬਚਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਆਮ ਲੋਕਾਂ ਦਾ ਹੈ।
ਅੱਜ ਮਨਾਈ ਜਾਵੇਗੀ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ
ਅਕਾਲੀ ਦਲ (ਅ) ਵੱਲੋਂ 27 ਜੂਨ ਨੂੰ ਵਿਰਾਸਤੀ ਚੌਕੀ ਸਰਕਾਰ-ਏ-ਖਾਲਸਾ ਵਿਖੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਈ ਜਾਵੇਗੀ। ਸਵੇਰੇ 10 ਵਜੇ ਅਰਦਾਸ ਕੀਤੀ ਜਾਵੇਗੀ, ਜਿਸ ਵਿੱਚ ਪਾਰਟੀ ਆਗੂਆਂ ਅਤੇ ਸੰਗਤ ਦੇ ਸ਼ਾਮਲ ਹੋਣ ਦੀ ਉਮੀਦ ਹੈ।