- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕਾਂ ਦਾ ਸਮਾਗਮ ਵਿੱਚ ਪੁੱਜਣਾ ਸਰਕਾਰ ਨੂੰ ਹੋਰ ਉਤਸ਼ਾਹ ਅਤੇ ਸਮਰਪਣ ਨਾਲ ਲੋਕਾਂ ਦੀ ਸੇਵਾ ਕਰਨ ਲਈ ਹੌਸਲਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਜਿਹੀ ਉਪਜਾਊ ਧਰਤੀ ਹੈ ਜਿੱਥੇ ਹਰ ਬੀਜ ਉੱਗ ਸਕਦਾ ਹੈ ਪਰ ਨਫ਼ਰਤ ਦਾ ਬੀਜ ਨਹੀਂ ਉੱਗ ਸਕਦਾ।

ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ: ਫਗਵਾੜਾ ਵਿੱਚ ਕਰਵਾਈ ਗਈ ‘ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਭਜਨ ਸੰਧਿਆ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਰਧਾਲੂਆਂ ਨਾਲ ਸ਼ਮੂਲੀਅਤ ਕੀਤੀ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਪੁੱਜੇ ਅਤੇ ਭਗਵਾਨ ਸ਼ਿਵ ਦੀ ਭਗਤੀ ਕੀਤੀ। ਇਸ ਦੌਰਾਨ ‘ਹਰ ਹਰ ਮਹਾਦੇਵ’ ਅਤੇ ‘ਬਮ ਬਮ ਭੋਲੇ’ ਦੇ ਜੈਕਾਰੇ ਗੂੰਜਦੇ ਰਹੇ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਬਜ਼ੁਰਗਾਂ ਨੂੰ ਤੀਰਥ ਯਾਤਰਾ ਕਰਵਾ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਆਪ ਨੂੰ ਆਧੁਨਿਕ ਯੁੱਗ ਦਾ ਸ਼੍ਰਵਣ ਕੁਮਾਰ ਸਾਬਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਨ ਸੂਬੇ ਦੇ ਬਜ਼ੁਰਗਾਂ ਦੀ ਆਪਣੇ ਮਾਪਿਆਂ ਵਾਂਗ ਸੇਵਾ ਕਰ ਰਹੇ ਹਨ। ਉਨ੍ਹਾਂ ਪੰਜਾਬ ਦੇ ਬਜ਼ੁਰਗਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪੁੱਤਰ ਭਗਵੰਤ ਮਾਨ ਨੂੰ ਇਸੇ ਤਰ੍ਹਾਂ ਅਸੀਸਾਂ ਦਿੰਦੇ ਰਹਿਣ।
ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਵਿਸਥਾਰ ਕਰਦਿਆਂ ਸਲਾਸਰ-ਖਾਟੂ ਸ਼ਿਆਮ, ਹਰਿਦੁਆਰ-ਰਿਸ਼ੀਕੇਸ਼ ਅਤੇ ਮਥੁਰਾ-ਵ੍ਰਿੰਦਾਵਨ ਦੀਆਂ ਤੀਰਥ ਯਾਤਰਾਵਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ। ਇਨ੍ਹਾਂ ਯਾਤਰਾਵਾਂ ਦੀ ਭਾਰੀ ਮੰਗ ਹੈ ਅਤੇ ਲੰਬੀਆਂ ਉਡੀਕ ਸੂਚੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਧਾਰਮਿਕ ਸਥਾਨਾਂ ਲਈ 1.5 ਲੱਖ ਸ਼ਰਧਾਲੂਆਂ ਨੂੰ ਤੀਰਥ ਯਾਤਰਾ ਕਰਵਾਈ ਜਾਵੇਗੀ।
ਕਾਲੀ ਮਾਤਾ ਮੰਦਰ ਦੇ ਮੁੜ ਵਿਕਾਸ ਦਾ ਦਾਅਵਾ
ਕੇਜਰੀਵਾਲ ਨੇ ਕਿਹਾ ਕਿ ਪਟਿਆਲਾ ਦੇ ਕਾਲੀ ਮਾਤਾ ਮੰਦਰ ਦਾ 80 ਕਰੋੜ ਰੁਪਏ ਦੀ ਲਾਗਤ ਨਾਲ ਮੁੜ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਅਨੁਸਾਰ ਇਸ ਦਾ ਕੰਮ ਕਰੀਬ 10 ਅਕਤੂਬਰ ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਨਾਤਨ ਧਰਮ ਨਾਲ ਸਬੰਧਤ ਧਾਰਮਿਕ ਸਥਾਨਾਂ ਦੇ ਵਿਕਾਸ ਲਈ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ 23 ਸ਼ਹਿਰਾਂ ਵਿੱਚ ‘ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਭਜਨ ਸੰਧਿਆਵਾਂ ਕਰਵਾਈਆਂ ਜਾ ਰਹੀਆਂ ਹਨ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਕਿਸੇ ਵੀ ਸਰਕਾਰ ਨੇ ਸਨਾਤਨ ਧਰਮ ਲਈ ਓਨਾ ਕੰਮ ਨਹੀਂ ਕੀਤਾ, ਜਿੰਨਾ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ।
‘ਪੰਜਾਬ ਦੀ ਧਰਤੀ ’ਤੇ ਨਫ਼ਰਤ ਦਾ ਬੀਜ ਨਹੀਂ ਉੱਗ ਸਕਦਾ’
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕਾਂ ਦਾ ਸਮਾਗਮ ਵਿੱਚ ਪੁੱਜਣਾ ਸਰਕਾਰ ਨੂੰ ਹੋਰ ਉਤਸ਼ਾਹ ਅਤੇ ਸਮਰਪਣ ਨਾਲ ਲੋਕਾਂ ਦੀ ਸੇਵਾ ਕਰਨ ਲਈ ਹੌਸਲਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਜਿਹੀ ਉਪਜਾਊ ਧਰਤੀ ਹੈ ਜਿੱਥੇ ਹਰ ਬੀਜ ਉੱਗ ਸਕਦਾ ਹੈ ਪਰ ਨਫ਼ਰਤ ਦਾ ਬੀਜ ਨਹੀਂ ਉੱਗ ਸਕਦਾ। ਪੰਜਾਬ ਵਿੱਚ ਲੋਕ ਸਾਰੇ ਤਿਉਹਾਰ ਮਿਲਜੁਲ ਕੇ ਮਨਾਉਂਦੇ ਹਨ। ਭਾਵੇਂ ਸਮਾਗਮ ਭਗਵਾਨ ਸ਼ਿਵ ਨੂੰ ਸਮਰਪਿਤ ਸੀ ਪਰ ਇਸ ਵਿੱਚ ਹਰ ਧਰਮ ਦੇ ਲੋਕਾਂ ਦੀ ਸ਼ਮੂਲੀਅਤ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਦਰਸਾਉਂਦੀ ਹੈ।
69 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦੇਣ ਦਾ ਦਾਅਵਾ
ਮੁੱਖ ਮੰਤਰੀ ਨੇ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਪਾਰਦਰਸ਼ੀ ਢੰਗ ਨਾਲ 69 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ 90 ਫ਼ੀਸਦੀ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ ਅਤੇ ਕਿਸਾਨਾਂ ਨੂੰ ਦਿਨ ਸਮੇਂ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਅਨੁਸਾਰ ਕਰੀਬ 44 ਹਜ਼ਾਰ ਕਿਲੋਮੀਟਰ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
19 ਟੋਲ ਪਲਾਜ਼ੇ ਬੰਦ ਕਰਨ ਦਾ ਦਾਅਵਾ
ਮਾਨ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਤਰਜੀਹ ਦਿੰਦਿਆਂ ਸਰਕਾਰ ਨੇ 19 ਟੋਲ ਪਲਾਜ਼ੇ ਬੰਦ ਕੀਤੇ ਹਨ, ਜਿਸ ਨਾਲ ਆਮ ਲੋਕਾਂ ਦੇ ਰੋਜ਼ਾਨਾ ਕਰੀਬ 70 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ। ਉਨ੍ਹਾਂ ਨਹਿਰੀ ਸਿੰਚਾਈ ਪ੍ਰਣਾਲੀ ਵਿੱਚ ਸੁਧਾਰ ਦਾ ਵੀ ਜ਼ਿਕਰ ਕੀਤਾ।
ਮੁੱਖ ਮੰਤਰੀ ਨੇ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦਾ ਜ਼ਿਕਰ ਕਰਦਿਆਂ ਕਿਹਾ ਕਿ 1 ਜੁਲਾਈ ਤੋਂ ਔਰਤਾਂ ਦੇ ਖਾਤਿਆਂ ਵਿੱਚ ਸਿੱਧੀ ਰਕਮ ਪਾਈ ਜਾ ਰਹੀ ਹੈ। ਉਨ੍ਹਾਂ ਅਨੁਸਾਰ ਹਰ ਔਰਤ ਨੂੰ 1000 ਰੁਪਏ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਮਿਲਣਗੇ। ਇਸ ਮੌਕੇ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ।