ਪੰਚਾਇਤੀ ਜ਼ਮੀਨ ਦੀ ਬੋਲੀ ਨਾ ਕਰਵਾਉਣ ’ਤੇ ਡਿਪਟੀ ਡਾਇਰੈਕਟਰ ਤੇ ਏਡੀਸੀ ਗ੍ਰਿਫ਼ਤਾਰ; ਪੰਜ ਸਾਲ ਤੱਕ ਨਹੀਂ ਕਰਵਾਈ ਬੋਲੀ
ਵਿਜੀਲੈਂਸ ਦੇ ਡੀਐੱਸਪੀ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਦੋਵੇਂ ਅਧਿਕਾਰੀ 2011 ਤੋਂ 2018 ਤੱਕ ਪਟਿਆਲਾ ’ਚ ਬੀਡੀਪੀਓ ਤੇ ਡੀਡੀਪੀਓ ਦੇ ਅਹੁਦਿਆਂ ’ਤੇ ਤਾਇਨਾਤ ਸਨ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਲਗਾਤਾਰ ਪੰਜ ਸਾਲ ਤੱਕ ਹਰਿਆਉ ਖੁਰਦ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਨਹੀਂ ਕਰਵਾਈ।
Publish Date: Thu, 02 Apr 2026 09:01 AM (IST)
Updated Date: Thu, 02 Apr 2026 09:06 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਾਤੜਾਂ ਦੇ ਪਿੰਡ ਹਰਿਆਉ ਖੁਰਦ ’ਚ ਪੰਚਾਇਤੀ ਜ਼ਮੀਨ ਦੀ ਬੋਲੀ ਨਾ ਕਰਵਾਉਣ ਦੇ ਦੋਸ਼ਾਂ ਹੇਠ ਪੰਚਾਇਤੀ ਵਿਭਾਗ ਦੇ ਡਿਪਟੀ ਡਾਇਰੈਕਟਰ ਵਿਨੋਦ ਕੁਮਾਰ ਗਾਗਟ ਤੇ ਮੁਕਤਸਰ ਦੇ ਏਡੀਸੀ ਸੁਰਿੰਦਰ ਢਿੱਲੋਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ’ਚ ਪਟਿਆਲਾ ਵਿਜੀਲੈਂਸ ਨੇ 14 ਹੋਰ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਵੀ ਵੀ ਨਾਮਜ਼ਦ ਕੀਤਾ ਹੈ। ਹਾਲਾਂਕਿ ਅਜੇ ਤੱਕ ਕੋਈ ਹੋਰ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਵਿਜੀਲੈਂਸ ਦੇ ਡੀਐੱਸਪੀ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਦੋਵੇਂ ਅਧਿਕਾਰੀ 2011 ਤੋਂ 2018 ਤੱਕ ਪਟਿਆਲਾ ’ਚ ਬੀਡੀਪੀਓ ਤੇ ਡੀਡੀਪੀਓ ਦੇ ਅਹੁਦਿਆਂ ’ਤੇ ਤਾਇਨਾਤ ਸਨ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਲਗਾਤਾਰ ਪੰਜ ਸਾਲ ਤੱਕ ਹਰਿਆਉ ਖੁਰਦ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਨਹੀਂ ਕਰਵਾਈ। ਜ਼ਮੀਨ ’ਤੇ ਕਾਬਜ਼ ਲੋਕ ਹੀ ਖੇਤੀ ਕਰਦੇ ਰਹੇ। ਬੋਲੀ ਨਾ ਕਰਵਾਉਣ ਨਾਲ ਸਰਕਾਰੀ ਖਜਾਨੇ ਦਾ ਨੁਕਸਾਨ ਹੋਇਆ। 30 ਮਾਰਚ ਨੂੰ ਵਿਜੀਲੈਂਸ ਨੇ ਕੁੱਲ 16 ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕਰ ਕੇ ਗਾਗਟ ਤੇ ਢਿੱਲੋਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ’ਤੇ ਦੋਵੇਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ। ਇਸ ਲਈ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਬੁੱਧਵਾਰ ਨੂੰ ਇਨ੍ਹਾਂ ਨੂੰ ਦੋਬਾਰਾ ਅਦਾਲਤ ’ਚ ਪੇਸ਼ ਕਰ ਕੇ ਇਕ ਦਿਨ ਦਾ ਹੋਰ ਰਿਮਾਂਡ ਲਿਆ ਗਿਆ ਹੈ। ਡੀਐੱਸਪੀ ਮੁਤਾਬਕ ਪੁੱਛਗਿੱਛ ਦੌਰਾਨ ਹੋਰ ਮੁਲਜ਼ਮਾਂ ਦਾ ਸੁਰਾਗ ਲੱਗ ਸਕਦਾ ਹੈ ਤੇ ਹੋਰਾਂ ਦੀ ਗਿ੍ਰਫ਼ਤਾਰੀ ਵੀ ਹੋ ਸਕਦੀ ਹੈ।