ਬੀਬੀਆਂ ਨੇ ਸੰਗਰੂਰ-ਧੂਰੀ ਹਾਈਵੇ ’ਤੇ ਤਖ਼ਤੀਆਂ ਲੈ ਕੇ ਕੀਤਾ ਰੋਸ ਪ੍ਰਦਰਸ਼ਨ
ਬੀਬੀਆਂ ਨੇ ਸੰਗਰੂਰ-ਧੂਰੀ ਹਾਈਵੇ 'ਤੇ ਤਖ਼ਤੀਆਂ ਲੈ ਕੇ ਕੀਤਾ ਰੋਸ ਪ੍ਰਦਰਸ਼ਨ
Publish Date: Sat, 20 Jun 2026 05:19 PM (IST)
Updated Date: Sun, 21 Jun 2026 04:04 AM (IST)

ਪਿੰਡ ਬੇਨੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਲਈ ਯੋਗ ਤੇ ਖੁੱਲ੍ਹੀ ਜਗ੍ਹਾ ਦੀ ਮੰਗ ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਪਿੰਡ ਬੇਨੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਲਈ ਯੋਗ ਤੇ ਖੁੱਲ੍ਹੀ ਜਗ੍ਹਾ ਦੀ ਮੰਗ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੇ 83ਵੇਂ ਦਿਨ ਪਿੰਡ ਦੀਆਂ ਬੀਬੀਆਂ ਨੇ ਸਤਿਗੁਰ ਰਵਿਦਾਸ ਸ਼ਹੀਦ ਬਾਬਾ ਜੀਵਨ ਸਿੰਘ ਗੁਰਸੰਗਤ ਪਿੰਡ ਬੇਨੜਾ ਦੀ ਅਗਵਾਈ ਹੇਠ ਸੰਗਰੂਰ-ਧੂਰੀ ਹਾਈਵੇ ਉੱਪਰ ਤਖ਼ਤੀਆਂ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਤਿਗੁਰ ਰਵਿਦਾਸ ਸ਼ਹੀਦ ਬਾਬਾ ਜੀਵਨ ਸਿੰਘ ਗੁਰਸੰਗਤ ਪਿੰਡ ਬੇਨੜਾ ਦੇ ਪ੍ਰਧਾਨ ਸੇਵਾ ਮੁਕਤ ਲੈਕਚਰਾਰ ਰਾਮ ਸਿੰਘ ਤੇ ਸਕੱਤਰ ਸਾਬਕਾ ਬਲਾਕ ਸੰਮਤੀ ਮੈਂਬਰ ਦਰਬਾਰ ਸਿੰਘ ਨੇ ਕਿਹਾ ਕਿ ਪਿੰਡ ਦਾ ਸਰਕਾਰੀ ਪ੍ਰਾਇਮਰੀ ਸਕੂਲ ਸਾਲ 1973 ਵਿੱਚ ਕੇਵਲ 6 ਵਿਸਵਿਆਂ ਜਗ੍ਹਾ ਵਿੱਚ ਬਣਾਇਆ ਗਿਆ ਸੀ। ਉਸ ਸਮੇਂ ਪਿੰਡ ਦੀ ਆਬਾਦੀ ਅਤੇ ਵਿਦਿਆਰਥੀਆਂ ਦੀ ਗਿਣਤੀ ਘੱਟ ਸੀ, ਪਰ ਅੱਜ ਹਾਲਾਤ ਪੂਰੀ ਤਰ੍ਹਾਂ ਬਦਲ ਚੁੱਕੇ ਹਨ। ਲਗਪਗ ਇੱਕ ਸਾਲ ਪਹਿਲਾਂ ਸਕੂਲ ਦੀ ਇਮਾਰਤ ਨੂੰ ਅਸੁਰੱਖਿਅਤ ਐਲਾਨ ਦਿੱਤਾ ਗਿਆ, ਜਿਸ ਕਾਰਨ ਬੱਚੇ ਧਰਮਸ਼ਾਲਾ ਵਿੱਚ ਪੜ੍ਹਨ ਲਈ ਮਜਬੂਰ ਹਨ। ਇਸ ਦੇ ਬਾਵਜੂਦ ਸਰਕਾਰ ਨਵਾਂ ਸਕੂਲ ਵੀ ਉਸੇ ਤੰਗ ਜਗ੍ਹਾ ਵਿੱਚ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਗੁਰਸੰਗਤ ਦੇ ਮੀਤ ਪ੍ਰਧਾਨ ਹਰਦੀਪ ਸਿੰਘ ਸਹਾਇਕ ਸਕੱਤਰ ਮਿਸਤਰੀ ਰਾਮ, ਸਾਬਕਾ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਬੀਬੀਆਂ ਨੇ ਤਖ਼ਤੀਆਂ ਰਾਹੀਂ ਸਰਕਾਰ ਨੂੰ ਯਾਦ ਕਰਵਾਇਆ ਕਿ ਸਿੱਖਿਆ ਦਾ ਅਧਿਕਾਰ ਕਾਨੂੰਨ 2009 ਅਨੁਸਾਰ ਪ੍ਰਾਇਮਰੀ ਸਕੂਲ ਵਿੱਚ ਲੋੜੀਂਦੇ ਕਲਾਸ ਰੂਮ, ਲਾਇਬ੍ਰੇਰੀ, ਦਫ਼ਤਰ, ਰਸੋਈ, ਮਿਡ-ਡੇ ਮੀਲ ਸ਼ੈੱਡ, ਲੜਕਿਆਂ ਅਤੇ ਲੜਕੀਆਂ ਲਈ ਵੱਖਰੇ ਟਾਇਲਟ ਅਤੇ ਖੇਡ ਮੈਦਾਨ ਵਰਗੀਆਂ ਸਹੂਲਤਾਂ ਹੋਣੀਆਂ ਲਾਜ਼ਮੀ ਹਨ, ਜੋ 6 ਵਿਸਵਿਆਂ ਦੀ ਜਗ੍ਹਾ ਵਿੱਚ ਸੰਭਵ ਨਹੀਂ ਹਨ। ਗੁਰਸੰਗਤ ਦੇ ਪ੍ਰਧਾਨ ਪਰਮਜੀਤ ਕੌਰ, ਸਕੱਤਰ ਹਰਵਿੰਦਰ ਕੌਰ ਨੇ ਕਿਹਾ ਕਿ ਪਿੰਡ ਦੇ ਲੋਕ ਪਿਛਲੇ 83 ਦਿਨਾਂ ਤੋਂ ਸ਼ਾਂਤਮਈ ਧਰਨੇ ਤੇ ਬੈਠੇ ਹੋਏ ਹਨ ਅਤੇ ਖਸਰਾ ਨੰਬਰ 527 ਦੀ ਸ਼ਾਮਲਾਤ ਜ਼ਮੀਨ ਵਿੱਚੋਂ 4 ਵਿਘੇ ਜਗ੍ਹਾ ਨਵੇਂ ਸਰਕਾਰੀ ਪ੍ਰਾਇਮਰੀ ਸਕੂਲ ਲਈ ਰਾਖਵੀਂ ਕਰਨ ਦੀ ਮੰਗ ਕਰ ਰਹੇ ਹਨ। ਪਿੰਡ ਵਿੱਚ ਸਰਕਾਰੀ ਜ਼ਮੀਨ ਉਪਲਬਧ ਹੋਣ ਦੇ ਬਾਵਜੂਦ ਬੱਚਿਆਂ ਨੂੰ ਤੰਗ ਜਗ੍ਹਾ ਵਾਲੇ ਸਕੂਲ ਵਿੱਚ ਧੱਕਣ ਦੀ ਕੋਸ਼ਿਸ਼ ਨਾ ਸਿਰਫ਼ ਸਿੱਖਿਆ ਦੇ ਅਧਿਕਾਰ ਦੀ ਉਲੰਘਣਾ ਹੈ, ਸਗੋਂ ਲੋਕਾਂ ਦੇ ਟੈਕਸ ਦੇ ਪੈਸੇ ਦੀ ਵੀ ਬਰਬਾਦੀ ਹੈ। ਗੁਰਸੰਗਤ ਦੇ ਆਗੂ ਗਿੰਦਰ ਸਿੰਘ, ਮਿਸਤਰੀ ਜਗਤਾਰ ਸਿੰਘ ਤਾਰੀ, ਸਤਿਗੁਰ ਸਿੰਘ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਲੋਕਾਂ ਦੀ ਮੰਗ ਮੰਨ ਕੇ ਯੋਗ ਜਗ੍ਹਾ ਸਕੂਲ ਲਈ ਮੁਹੱਈਆ ਕਰਵਾਏ ਅਤੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨਾ ਬੰਦ ਕਰੇ। ਬੀਬੀਆਂ ਸਹਾਇਕ ਸਕੱਤਰ ਕਿਰਨਦੀਪ ਕੌਰ, ਬਲਬੀਰ ਕੌਰ, ਬੀਬ ਕੌਰ ਸੁਖਵਿੰਦਰ ਕੌਰ ਹਰਬੰਸ ਕੌਰ, ਰਾਜ ਕੌਰ ਅੰਗਰੇਜ਼ ਕੌਰ, ਗੁਰਮੀਤ ਕੌਰ ਆਦਿ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਕੋਈ ਠੋਸ ਫ਼ੈਸਲਾ ਨਾ ਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।