- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਪਿਆਂ ਮੁਤਾਬਕ, ਉਨ੍ਹਾਂ ਨੂੰ ਸ਼ੱਕ ਹੈ ਕਿ ਧੀ ਦਾ ਗਲਾ ਘੁੱਟਿਆ ਗਿਆ ਹੈ ਅਤੇ ਖ਼ੁਦ ਨੂੰ ਬਚਾਉਣ ਲਈ ਦੋਸ਼ੀਆਂ ਨੇ ਇਸ ਨੂੰ ਆਤਮਹੱਤਿਆ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਫਿਲਹਾਲ ਪੁਲਿਸ ਨੇ ਆਤਮਹੱਤਿਆ ਦਾ ਮਾਮਲਾ ਦਰਜ ਕਰਕੇ ਮੁਲਜ਼ਮ ਪਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਪਟਿਆਲਾ : ਥਾਣਾ ਪਾਸਿਆਣਾ ਇਲਾਕੇ ਅਧੀਨ ਆਉਂਦੀ ਸੁੱਲਰ ਕਾਲੋਨੀ 'ਚ 33 ਸਾਲਾ ਇਕ ਔਰਤ ਨੇ ਨਸ਼ੇੜੀ ਪਤੀ ਤੋਂ ਤੰਗ ਆ ਕੇ ਆਤਮਹੱਤਿਆ ਕਰ ਲਈ। ਘਟਨਾ 25 ਜੁਲਾਈ ਦੀ ਹੈ ਜਿਸ ਤੋਂ ਬਾਅਦ ਹਸਪਤਾਲ 'ਚ ਔਰਤ ਦੀ ਮੌਤ ਹੁੰਦੇ ਹੀ 27 ਜੁਲਾਈ ਨੂੰ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਮ੍ਰਿਤਕਾ ਦੀ ਪਛਾਣ ਫੂਲਵਤੀ ਚੌਹਾਨ (ਉਮਰ 33 ਸਾਲ) ਵਾਸੀ ਨਿਊ ਸੁੱਲਰ ਕਾਲੋਨੀ ਵਜੋਂ ਹੋਈ ਹੈ। ਪਰਿਵਾਰ ਮੂਲ ਰੂਪ 'ਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗੋਂਡਾ ਦੀ ਤਹਿਸੀਲ ਕਰਨੈਲਗੰਜ ਦੇ ਥਾਣਾ ਪਰਸਪੁਰ ਦੇ ਪਿੰਡ ਮੋਜ਼ੀਆਟਾ ਦਾ ਰਹਿਣ ਵਾਲਾ ਹੈ। ਪੁਲਿਸ ਨੇ ਇਸ ਮਾਮਲੇ 'ਚ ਮ੍ਰਿਤਕਾ ਦੇ ਪਤੀ ਸੰਚਿਤ ਚੌਹਾਨ ਅਤੇ ਉਸ ਦੀ ਮਾਂ ਗੀਤਾ ਖ਼ਿਲਾਫ਼ ਕੇਸ ਦਰਜ ਕਰ ਕੇ ਮੁਲਜ਼ਮ ਸੰਚਿਤ ਨੂੰ ਹਿਰਾਸਤ 'ਚ ਲੈ ਲਿਆ ਹੈ।
ਪੁਲਿਸ ਨੇ ਮ੍ਰਿਤਕਾ ਦੇ ਪਿਤਾ ਘਨਸ਼ਿਆਮ ਚੌਹਾਨ ਵਾਸੀ ਮੁਹੱਲਾ ਦਾਰੂ ਕੁਟੀਆ, ਪਟਿਆਲਾ ਦੀ ਸ਼ਿਕਾਇਤ 'ਤੇ ਉਕਤ ਐਫਆਈਆਰ ਦਰਜ ਕੀਤੀ ਹੈ। ਘਨਸ਼ਿਆਮ ਅਨੁਸਾਰ ਉਨ੍ਹਾਂ ਦੀ ਧੀ ਦਾ ਵਿਆਹ ਮੁਲਜ਼ਮ ਸੰਚਿਤ ਨਾਲ ਹੋਇਆ ਸੀ, ਜੋ ਦਿਹਾੜੀਦਾਰ ਵਜੋਂ ਕੰਮ ਕਰਦਾ ਸੀ। ਪਹਿਲਾਂ ਤਾਂ ਦੋਸ਼ੀ ਸ਼ਰਾਬ ਪੀਂਦਾ ਸੀ ਪਰ ਹੁਣ ਗਾਂਜਾ ਤੇ ਹੋਰ ਨਸ਼ੇ ਕਰਨ ਲੱਗ ਪਿਆ ਸੀ। ਨਸ਼ੇ ਦੀ ਹਾਲਤ 'ਚ ਉਹ ਧੀ ਨਾਲ ਮਾਰਕੁੱਟ ਕਰਦਾ ਰਹਿੰਦਾ ਸੀ। ਵਿਆਹ ਤੋਂ ਬਾਅਦ ਤੋਂ ਹੀ ਧੀ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ, ਪਰ ਹੁਣ ਨਸ਼ੇ ਦੀ ਹਾਲਤ 'ਚ ਅਕਸਰ ਹੀ ਮਾਰਕੁੱਟ ਕੀਤੀ ਜਾਣ ਲੱਗੀ। ਪਰਿਵਾਰ 'ਚ ਚਾਰ ਕੁੜੀਆਂ ਅਤੇ ਤਿੰਨ ਮੁੰਡੇ ਹਨ। ਅਜਿਹੇ ਵਿਚ ਉਹ ਹਰ ਵਾਰ ਧੀ ਫੂਲਵਤੀ ਨੂੰ ਸਮਝਾ ਕੇ ਪਤੀ ਦੇ ਘਰ ਵਾਪਸ ਭੇਜ ਦਿੰਦੇ ਸਨ ਪਰ 25 ਜੁਲਾਈ ਨੂੰ ਧੀ ਨੇ ਇਨ੍ਹਾਂ ਲੋਕਾਂ ਤੋਂ ਤੰਗ ਆ ਕੇ ਚੁੰਨੀ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ।
ਇਸ ਘਟਨਾ ਬਾਰੇ ਦੁਪਹਿਰ ਤਿੰਨ ਵਜੇ ਪਤਾ ਲੱਗਾ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚੇ। ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਧੀ ਨੂੰ ਰਾਜਿੰਦਰਾ ਹਸਪਤਾਲ ਲੈ ਗਏ ਸਨ। ਉਨ੍ਹਾਂ ਨੂੰ ਸ਼ੱਕ ਹੈ ਕਿ ਧੀ ਦਾ ਗਲਾ ਘੁੱਟਿਆ ਗਿਆ ਹੈ ਅਤੇ ਖ਼ੁਦ ਨੂੰ ਬਚਾਉਣ ਲਈ ਦੋਸ਼ੀਆਂ ਨੇ ਇਸ ਨੂੰ ਆਤਮਹੱਤਿਆ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਫਿਲਹਾਲ ਪੁਲਿਸ ਨੇ ਆਤਮਹੱਤਿਆ ਦਾ ਮਾਮਲਾ ਦਰਜ ਕਰਕੇ ਮੁਲਜ਼ਮ ਪਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ।