
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਨਦੀਪ ਸਿੰਘ ਅਤੇ ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2024 ਵਿੱਚ ਐਵਰੈਸਟ ਬੇਸ ਕੈਂਪ ਤੱਕ ਜਾਣ ਦਾ ਸੁਪਨਾ ਦੇਖਿਆ ਸੀ। ਇਸ ਨੂੰ ਪੂਰਾ ਕਰਨ ਲਈ ਦੋਵਾਂ ਨੇ ਲਗਾਤਾਰ ਸਰੀਰਕ ਤਿਆਰੀ ਕੀਤੀ ਅਤੇ ਮਜ਼ਬੂਤ ਇਰਾਦਿਆਂ ਨਾਲ ਮਿਹਨਤ ਕੀਤੀ।

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਹੌਸਲੇ ਬੁਲੰਦ ਹੋਣ ਤਾਂ ਉੱਚੇ ਪਹਾੜ ਵੀ ਛੋਟੇ ਲੱਗਣ ਲੱਗ ਪੈਂਦੇ ਹਨ। ਇਸ ਕਹਾਵਤ ਨੂੰ ਸਰਕਾਰੀ ਹਾਈ ਸਕੂਲ ਉਪੱਲੇਹੜੀ ਵਿਖੇ ਤਾਇਨਾਤ ਡੀਪੀਈ ਮਨਦੀਪ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਕੰਪਿਊਟਰ ਫੈਕਲਟੀ ਸਰਬਜੀਤ ਕੌਰ ਨੇ ਸੱਚ ਕਰ ਦਿਖਾਇਆ ਹੈ। ਅਧਿਆਪਕ ਜੋੜੇ ਨੇ ਜੂਨ 2026 ਦੌਰਾਨ ਦੁਨੀਆ ਦੇ ਪ੍ਰਸਿੱਧ ਪਹਾੜੀ ਟਰੈਕ ਐਵਰੈਸਟ ਬੇਸ ਕੈਂਪ ਤੱਕ ਪਹੁੰਚ ਕੇ ਆਪਣਾ ਸੁਪਨਾ ਸਾਕਾਰ ਕੀਤਾ।
ਮਨਦੀਪ ਸਿੰਘ ਅਤੇ ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2024 ਵਿੱਚ ਐਵਰੈਸਟ ਬੇਸ ਕੈਂਪ ਤੱਕ ਜਾਣ ਦਾ ਸੁਪਨਾ ਦੇਖਿਆ ਸੀ। ਇਸ ਨੂੰ ਪੂਰਾ ਕਰਨ ਲਈ ਦੋਵਾਂ ਨੇ ਲਗਾਤਾਰ ਸਰੀਰਕ ਤਿਆਰੀ ਕੀਤੀ ਅਤੇ ਮਜ਼ਬੂਤ ਇਰਾਦਿਆਂ ਨਾਲ ਮਿਹਨਤ ਕੀਤੀ। ਆਖ਼ਰਕਾਰ ਉਹ 5364 ਮੀਟਰ ਦੀ ਉਚਾਈ ’ਤੇ ਸਥਿਤ ਐਵਰੈਸਟ ਬੇਸ ਕੈਂਪ ਤੱਕ ਪਹੁੰਚਣ ਵਿੱਚ ਸਫ਼ਲ ਰਹੇ। ਇਸ ਮੁਹਿੰਮ ਦੀ ਖ਼ਾਸ ਗੱਲ ਇਹ ਰਹੀ ਕਿ ਜੋੜੇ ਨੇ ਬਿਨਾਂ ਗਾਈਡ, ਬਿਨਾਂ ਪੋਰਟਰ ਅਤੇ ਬਿਨਾਂ ਹਵਾਈ ਯਾਤਰਾ ਦੇ ਇਹ ਚੁਣੌਤੀ ਪੂਰੀ ਕੀਤੀ। ਉਨ੍ਹਾਂ ਨੇ ਲਗਪਗ 120 ਕਿਲੋਮੀਟਰ ਦਾ ਅੱਪ-ਡਾਊਨ ਸਫ਼ਰ ਪੈਦਲ ਤੈਅ ਕੀਤਾ। ਬਰਫ਼ੀਲੇ ਰਸਤੇ, ਘੱਟ ਆਕਸੀਜਨ, ਉੱਚੇ ਪਹਾੜਾਂ ਅਤੇ ਬਦਲਦੇ ਮੌਸਮ ਦੇ ਬਾਵਜੂਦ ਉਨ੍ਹਾਂ ਹਿੰਮਤ ਨਹੀਂ ਹਾਰੀ।
ਮਨਦੀਪ ਸਿੰਘ ਨੇ ਕਿਹਾ ਕਿ ਇਹ ਸਫ਼ਰ ਆਪਣੇ ਆਪ ਨੂੰ ਪਰਖਣ ਅਤੇ ਕੁਦਰਤ ਦੀ ਵਿਸ਼ਾਲਤਾ ਨੂੰ ਮਹਿਸੂਸ ਕਰਨ ਦਾ ਅਨੋਖਾ ਤਜਰਬਾ ਸੀ। ਉਨ੍ਹਾਂ ਕਿਹਾ ਕਿ ਦ੍ਰਿੜ੍ਹ ਇਰਾਦੇ ਅਤੇ ਮਿਹਨਤ ਨਾਲ ਕੋਈ ਵੀ ਸੁਪਨਾ ਅਸੰਭਵ ਨਹੀਂ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਸਕੂਲ ਸਟਾਫ਼, ਵਿਦਿਆਰਥੀਆਂ ਅਤੇ ਇਲਾਕਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ।