- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਝੋਨਾ ਲਾਉਣ ਵਾਲੇ ਮਜ਼ਦੂਰਾਂ ’ਤੇ ਮੌਸਮ ਮਿਹਰਬਾਨ

ਅਸਮਾਨ ਤੇ ਬੱਦਲਵਾਈ ਨੇ ਕੰਮ ਕੀਤਾ ਅਸਾਨ, ਖੁਸ਼ ਹੋਏ ਕਿਸਾਨ
ਮੌਸਮ ਠੰਢਾ ਹੋਣ ਕਾਰਨ ਛੇਤੀ ਨਿਬੜ ਰਿਹਾ ਝੋਨਾ ਲਾਉਣ ਦਾ ਕੰਮ
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਇਲਾਕੇ ਵਿੱਚ ਝੋਨਾ ਲਾਉਣ ਦਾ ਕੰਮ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ। ਹਰ ਸਾਲ ਜੂਨ ਮਹੀਨੇ ਜਿੱਥੇ ਮਜ਼ਦੂਰਾਂ ਨੂੰ ਅੱਗ ਵਰਾਉਂਦੀ ਗਰਮੀ ’ਚ ਝੋਨਾ ਲਾਉਣਾ ਪੈਂਦਾ ਹੈ, ਪ੍ਰੰਤੂ ਇਸ ਵਾਰੀ ਮੌਸਮ ਮਜ਼ਦੂਰਾਂ ’ਤੇ ਕਾਫੀ ਮਿਹਰਬਾਨ ਨਜ਼ਰ ਆ ਰਿਹਾ ਹੈ। ਮੌਸਮ ਦੇ ਬਦਲੇ ਮਿਜਾਜ ਨੇ ਉਨ੍ਹਾਂ ਦਾ ਕੰਮ ਅਸਾਨ ਕਰ ਦਿੱਤਾ ਹੈ। ਪਿਛਲੇ ਕੁਝ ਦਿਨਾਂ ਤੋਂ ਅਸਮਾਨ ’ਤੇ ਛਾਏ ਬੱਦਲਾਂ ਕਾਰਨ ਸੂਰਜ ਦੀ ਗਰਮੀ ਕੁਝ ਘੱਟ ਗਈ ਹੈ, ਜਿਸ ਕਾਰਨ ਮਜ਼ਦੂਰਾਂ ਨੂੰ ਕੰਮ ਨਿਬੇੜਨ ਵਿੱਚ ਆਸਾਨੀ ਹੋ ਰਹੀ ਹੈ। ਝੋਨਾ ਲਾਉਣ ਦਾ ਕੰਮ ਛੇਤੀ ਨਿਬੜਦਾ ਵੇਖ ਕਿਸਾਨ ਵੀ ਕਾਫੀ ਖੁਸ਼ ਨਜ਼ਰ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਮਈ ਮਹੀਨੇ ਦੇ ਅਖੀਰਲੇ ਦਿਨਾਂ ਵਿੱਚ ਹੀ ਦਿਨ ਵੇਲੇ ਦਾ ਤਾਪਮਾਨ 43 ਡਿਗਰੀ ਤੱਕ ਪਹੁੰਚ ਗਿਆ ਸੀ। ਜਿਸ ਕਾਰਨ ਇਨਸਾਨ ਹੀ ਨਹੀ, ਪਸ਼ੂ, ਪੰਛੀ ਤੱਕ ਪਰੇਸ਼ਾਨ ਹੋ ਗਏ ਸਨ। ਪ੍ਰੰਤੂ ਪਿਛਲੇ ਕੁਝ ਦਿਨ ਪਹਿਲਾਂ ਬਾਰਿਸ਼ ਤੇ ਹਨੇਰੀ ਨੇ ਅਚਾਨਕ ਮੌਸਮ ਦਾ ਮਿਜਾਜ ਬਦਲ ਦਿੱਤਾ। ਮੰਗਲਵਾਰ ਨੂੰ ਵੱਧੋ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 25 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਅਗਲੇ ਦਿਨਾਂ ’ਚ ਵੀ ਅਸਮਾਨ ਤੇ ਬੱਦਲ ਛਾਏ ਰਹਿਣਗੇ ਤੇ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ। ਅਜਿਹੇ ਵਿੱਚ ਖੇਤਾਂ ’ਚ ਝੋਨਾ ਲਾਉਣ ਵਾਲੇ ਮਜ਼ਦੂਰਾਂ ਨੂੰ ਵੀ ਕਾਫੀ ਰਾਹਤ ਮਿਲੀ ਹੈ, ਕਿਉਕਿ ਇਨ੍ਹਾਂ ਦਿਨਾਂ ਵਿੱਚ ਝੋਨਾ ਲਾਉਣ ਸਮੇ ਮਜ਼ਦੂਰਾਂ ਨੂੰ ਜਿੱਥੇ ਅਸਮਾਨੋਂ ਵਰਦੀ ਅੱਗ ਅਤੇ ਤਪਦੇ ਪਾਣੀ ਵਿੱਚ ਝੋਨਾ ਲਾਉਣਾ ਪੈਂਦਾ ਹੈ, ਪ੍ਰੰਤੂ ਇਸ ਸਾਲ ਅਜਿਹਾ ਘੱਟ ਹੀ ਨਜ਼ਰ ਆ ਰਿਹਾ ਹੈ। ਖੇਤ ਵਿੱਚ ਝੋਨਾ ਲਾਉਣ ਦਾ ਕੰਮ ਕਰਨ ਵਾਲੇ ਸ਼ੰਕਰ, ਰਾਮ, ਦਿਆ ਅਤੇ ਕੌਸ਼ਲ ਨੇ ਦੱਸਿਆ ਕਿ ਇਸ ਵਾਰੀ ਮਜ਼ਦੂਰਾਂ ਤੇ ਕੁਦਰਤ ਮਿਹਰਬਾਨ ਹੈ। ਉਹ ਹਰ ਸਾਲ ਝੋਨਾ ਲਾਉਣ ਦਾ ਸੀਜਨ ਲਾਉਣ ਲਈ ਮਜ਼ਦੂਰ ਯੂਪੀ ਅਤੇ ਬਿਹਾਰ ਸਮੇਤ ਹੋਰਨਾਂ ਰਾਜਾਂ ਤੋਂ ਪੰਜਾਬ ਆਉਂਦੇ ਹਨ। ਪਹਿਲਾਂ ਮਜਦੂਰਾਂ ਦੀ ਘਾਟ ਸੀ, ਪ੍ਰੰਤੂ ਜਿਵੇਂ-ਜਿਵੇਂ ਸੀਜਨ ਅੱਗੇ ਵਧ ਰਿਹਾ ਹੈ, ਮਜਦੂਰਾਂ ਦੇ ਆਉਣ ਦਾ ਸਿਲਸਿਲਾ ਵੀ ਤੇਜ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਉਨ੍ਹਾਂ ਨੂੰ ਪ੍ਰਤੀ ਕਿੱਲਾ ਝੋਨਾ ਲਾਉਣ ਦੀ ਮਜ਼ਦੂਰੀ 4500 ਤੋਂ 5000 ਰੁਪਏ ਮਿਲ ਰਹੀ ਹੈ। ਜਦਕਿ ਪਿਛਲੇ ਸਾਲ 4 ਹਜ਼ਾਰ ਤੋਂ 45 ਸੌ ਰੁਪਏ ਸੀ। ਮਜ਼ਦੂਰੀ ਵਧਣ ਨਾਲ ਉਨ੍ਹਾਂ ਨੂੰ ਕਾਫੀ ਰਾਹਤ ਮਿਲੀ ਹੈ।
ਦੂਜੇ ਪਾਸੇ, ਕਿਸਾਨ ਗੁਰਵਿੰਦਰ ਸਿੰਘ, ਕਰਮਜੀਤ ਸਿੰਘ ਅਤੇ ਰਣ ਸਿੰਘ ਨੇ ਦੱਸਿਆ ਕਿ ਸੀਜਨ ਦੇ ਸ਼ੁਰੂਆਤੀ ਦਿਨਾਂ ਵਿੱਚ ਮਜ਼ਦੂਰਾਂ ਦੀ ਕੁਝ ਘਾਟ ਮਹਿਸੂਸ ਹੋ ਰਹੀ ਸੀ, ਪ੍ਰੰਤੂ ਹੁਣ ਨਾ ਤਾਂ ਖੇਤਾਂ ਵਿੱਚ ਮਜਦੂਰਾਂ ਦੀ ਕੋਈ ਕਮੀ ਹੈ ਅਤੇ ਨਾ ਹੀ ਬਿਜਲੀ ਪਾਣੀ ਦੀ। ਉਨ੍ਹਾਂ ਦੱਸਿਆ ਕਿ ਇਸ ਸੀਜਨ ਦੌਰਾਨ ਹਾਲੇ ਤੱਕ ਕੋਈ ਪਰੇਸ਼ਾਨੀ ਨਹੀ ਹੋਈ। ਇਸ ਵਾਰ ਬਾਰਿਸ਼ ਹੋਣ ਕਾਰਨ ਵੀ ਕਾਫੀ ਰਾਹਤ ਮਿਲੀ ਹੈ ਅਤੇ ਮੌਸਮ ਵੀ ਕਿਸਾਨਾਂ ਦਾ ਪੂਰਾ ਸਾਥ ਦੇ ਰਿਹਾ ਹੈ।