- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਵਰਕਾਮ ਦੀ ਬਿਜਲੀ ਸਪਲਾਈ ਦੀ ਪਹਿਲੀ ਸਤੰਬਰ ਦੀ ਰਿਪੋਰਟ ਇਸ ਦਬਾਅ ਦੀ ਤਸਵੀਰ ਸਾਫ਼ ਕਰਦੀ ਹੈ। ਇਸ ਦਿਨ ਸੂਬੇ ’ਚ ਬਿਜਲੀ ਦੀ ਵੱਧ ਤੋਂ ਵੱਧ ਮੰਗ 15,928 ਮੈਗਾਵਾਟ ਦਰਜ ਕੀਤੀ ਗਈ। ਵਿੱਦਿਅਕ ਤੇ ਕਾਰੋਬਾਰੀ ਅਦਾਰਿਆਂ ਦੇ ਬੰਦ ਰਹਿਣ ਦੌਰਾਨ ਸ਼ਾਮ ਵੇਲੇ ਵੀ ਇਹ ਮੰਗ 11,747 ਮੈਗਾਵਾਟ ਰਹੀ।

ਨਵਦੀਪ ਢੀਂਗਰਾ/ ਕੁਲਵਿ਼ੰਦਰ ਭਾਟੀਆ, ਪਟਿਆਲਾ/ਨੰਗਲ : ਪੰਜਾਬ ’ਚ ਇਸ ਵਾਰ ਕਮਜ਼ੋਰ ਮੌਨਸੂਨ ਤੇ ਬਿਜਲੀ ਦੀ ਵਧਦੀ ਮੰਗ ਨੇ ਸੂਬੇ ਦੀ ਬਿਜਲੀ ਵਿਵਸਥਾ ਲਈ ਦੋਹਰਾ ਦਬਾਅ ਪੈਦਾ ਕਰ ਦਿੱਤਾ ਹੈ। ਮੀਂਹ ਨਾ ਪੈਣ ਕਾਰਨ ਇਕ ਪਾਸੇ ਜਿੱਥੇ ਬਿਜਲੀ ਦਾ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ ਉੱਥੇ ਦੂਜੇ ਪਾਸੇ ਝੋਨੇ ਦੇ ਸੀਜ਼ਨ ਦੌਰਾਨ ਟਿਊਬਲ ਰਾਹੀਂ ਸਿੰਚਾਈ ਲਈ ਸਿਤੰਬਰ ਮਹੀਨੇ ’ਚ ਵੀ ਬਿਜਲੀ ਦੀ ਮੰਗ ਲਗਾਤਾਰ ਪੀਕ ’ਤੇ ਹੈ। ਥਰਮਲ ਪਲਾਟਾਂ ਰਾਹੀਂ ਵੀ ਮੰਗ ਮੁਤਾਬਕ ਬਿਜਲੀ ਦਾ ਉਤਪਾਦਨ ਨਹੀਂ ਹੋ ਰਿਹਾ। ਇਸ ਹਾਲਤ ’ਚ ਖੁੱਲ੍ਹੇ ਬਾਜ਼ਾਰ ਤੋਂ ਮਹਿੰਗੀ ਬਿਜਲੀ ਖ਼ਰੀਦਣੀ ਪੈ ਰਹੀ ਹੈ।
ਪਾਵਰਕਾਮ ਦੀ ਬਿਜਲੀ ਸਪਲਾਈ ਦੀ ਪਹਿਲੀ ਸਤੰਬਰ ਦੀ ਰਿਪੋਰਟ ਇਸ ਦਬਾਅ ਦੀ ਤਸਵੀਰ ਸਾਫ਼ ਕਰਦੀ ਹੈ। ਇਸ ਦਿਨ ਸੂਬੇ ’ਚ ਬਿਜਲੀ ਦੀ ਵੱਧ ਤੋਂ ਵੱਧ ਮੰਗ 15,928 ਮੈਗਾਵਾਟ ਦਰਜ ਕੀਤੀ ਗਈ। ਵਿੱਦਿਅਕ ਤੇ ਕਾਰੋਬਾਰੀ ਅਦਾਰਿਆਂ ਦੇ ਬੰਦ ਰਹਿਣ ਦੌਰਾਨ ਸ਼ਾਮ ਵੇਲੇ ਵੀ ਇਹ ਮੰਗ 11,747 ਮੈਗਾਵਾਟ ਰਹੀ। ਜਦਕਿ ਇਸ ਦੇ ਮੁਕਾਬਲੇ ਇਸ ਦਿਨ ਸੂਬੇ ਦੀਆਂ ਆਪਣੀਆਂ ਪਣ-ਬਿਜਲੀ ਇਕਾਈਆਂ ਤੋਂ 195.80 ਲੱਖ ਯੂਨਿਟ ਤੇ ਥਰਮਲ ਇਕਾਈਆਂ ਤੋਂ 219.06 ਲੱਖ ਯੂਨਿਟ ਬਿਜਲੀ ਪੈਦਾ ਹੋਈ। ਸਹਾਇਕ ਖਪਤ ਕੱਢਣ ਤੋਂ ਬਾਅਦ ਪਣ-ਬਿਜਲੀ ਪੈਦਾਵਾਰ 195.35 ਲੱਖ ਤੇ ਥਰਮਲ ਪੈਦਾਵਾਰ 192.57 ਲੱਖ ਯੂਨਿਟ ਰਹੀ। ਬੀਬੀਐੱਮਬੀ ਤੋਂ ਮਿਲੇ ਹਿੱਸੇ ਨੂੰ ਜੋੜਨ ਦੇ ਬਾਵਜੂਦ ਖੁੱਲੇ ਬਜ਼ਾਰ ਤੋਂ ਬਿਜਲੀ ਖ਼ਰੀਦ ਕੇ ਮੰਗ ਪੂਰੀ ਕਰਨੀ ਪਈ। ਇਸ ਲਈ ਪਾਵਰਕਾਮ ਨੇ ਇਸ ਦਿਨ 2,799.71 ਲੱਖ ਯੂਨਿਟ ਬਿਜਲੀ ਖ਼ਰੀਦੀ। ਰਿਪੋਰਟ ਮੁਤਾਬਕ 4.41 ਰੁਪਏ ਪ੍ਰਤੀ ਯੂਨਿਟ ਔਸਤ ਦਰ ਦੇ ਹਿਸਾਬ ਨਾਲ ਕਰੀਬ 123.47 ਕਰੋੜ ਰੁਪਏ ਦੀ ਬਿਜਲੀ ਖ਼ਰੀਦੀ ਗਈ। ਇਸ ਤੋਂ ਇਲਾਵਾ ਐਕਸਚੇਂਜ ਤੋਂ ਹੀ ਡੇ-ਅਹੈੱਡ, ਰੀਅਲ-ਟਾਈਮ ਤੇ ਹਫ਼ਤਾਵਾਰੀ ਬਾਜ਼ਾਰ ਰਾਹੀਂ ਵੱਡੀ ਮਾਤਰਾ ’ਚ ਬਿਜਲੀ ਲਈ ਗਈ।
ਪੰਜਾਬ ਲਈ ਬਿਜਲੀ ਦੀ ਇਹ ਸਥਿਤੀ ਉਸ ਸਮੇਂ ਹੋਰ ਅਹਿਮ ਬਣ ਜਾਂਦੀ ਹੈ ਜਦੋਂ ਸੂਬਾ ਇਸ ਸਾਲ ਮੌਨਸੂਨ ਦੀ ਭਾਰੀ ਘਾਟ ਦਾ ਸਾਹਮਣਾ ਕਰ ਰਿਹਾ ਹੈ। ਭਾਰਤੀ ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ 27 ਅਗਸਤ ਤੱਕ ਪੰਜਾਬ ’ਚ 229.2 ਮਿਲੀਮੀਟਰ ਮੀਂਹ ਦਰਜ ਹੋਇਆ ਸੀ, ਜਦਕਿ ਆਮ ਮੀਂਹ 349 ਮਿਲੀਮੀਟਰ ਹੋਣਾ ਚਾਹੀਦਾ ਸੀ। ਇਸ ਤਰ੍ਹਾਂ ਘਾਟ ਲਗਭਗ 34 ਫ਼ੀਸਦੀ ਰਹੀ। ਅਗਸਤ ਤੱਕ ਵੀ ਪੰਜਾਬ ’ਚ ਮੀਂਹ ਦੀ ਘਾਟ 33 ਫ਼ੀਸਦੀ ਦਰਜ ਕੀਤੀ ਗਈ ਸੀ। ਮੌਸਮ ਵਿਭਾਗ ਨੇ 2026 ਦੇ ਮੌਨਸੂਨ ਲਈ ਪਹਿਲਾਂ ਹੀ ਆਮ ਨਾਲੋਂ ਘੱਟ ਮੀਂਹ ਦੀ ਭਵਿੱਖਬਾਣੀ ਕੀਤੀ ਸੀ ਤੇ ਇਸ ਦੇ ਪਿੱਛੇ ਐਲ ਨੀਨੋ ਦੀ ਸਥਿਤੀ ਨੂੰ ਇੱਕ ਵੱਡਾ ਕਾਰਕ ਦੱਸਿਆ ਗਿਆ ਸੀ।
ਸਨਅਤਾਂ ਨੂੰ ਝੱਲਣੀ ਪੈ ਰਹੀ ਹੈ ਲੰਬੇ ਕੱਟਾਂ ਦੀ ਮਾਰ
ਬਿਜਲੀ ਦੀ ਇਸ ਘਾਟ ਨੂੰ ਭਾਵੇਂ ਬਾਹਰੋਂ ਬਿਜਲੀ ਖਰੀਦ ਕੇ ਪੂਰਾ ਕੀਤਾ ਜਾ ਰਿਹਾ ਹੈ ਪਰ ਇਹ ਮੰਗ ਅਨੁਸਾਰ ਨਹੀਂ ਹੈ ਇਸੇ ਲਈ ਰਾਤ ਨੂੰ ਸਨਅਤਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਤੇ ਲੰਬੇ ਕੱਟ ਲਾਏ ਰਹੇ ਹਨ। ਜਲੰਧਰ, ਲੁਧਿਆਣਾ, ਮੋਹਾਲੀ, ਮੰਡੀ ਗੋਬਿੰਦਗੜ੍ਹ ਅਤੇ ਖੰਨਾ ਨਾਲ ਸਬੰਧਤ ਉਦਯੋਗਿਕ ਫੀਡਰਾਂ ਦੀਆਂ ਦੋ ਸ਼੍ਰੇਣੀਆਂ ਲਈ ਰੋਜ਼ਾਨਾ 3 ਘੰਟੇ 45 ਮਿੰਟ ਦੀ ਰੋਟੇਸ਼ਨਲ ਕਟੌਤੀ ਦਰਜ ਕੀਤੀ ਜਾ ਰਹੀ ਹੈ। ਖੇਤੀਬਾੜੀ ਲਈ ਵੀ ਸਪਲਾਈ ਪੂਰੇ ਅੱਠ ਘੰਟਿਆਂ ਤੋਂ ਘਟਾ ਦਿੱਤੀ ਗਈ ਹੈ। ਰਿਪੋਰਟ ’ਚ ਝੋਨੇ ਲਈ ਤਿੰਨ-ਗਰੁੱਪ ਪ੍ਰਬੰਧ ਤਹਿਤ 5 ਘੰਟੇ 45 ਮਿੰਟ, ਸਿੰਗਲ ਗਰੁੱਪ ਲਈ 6 ਘੰਟੇ ਤੇ ਦੋ-ਗਰੁੱਪ ਲਈ 5 ਘੰਟੇ 22 ਮਿੰਟ ਦੀ ਸਪਲਾਈ ਦਰਸਾਈ ਗਈ ਹੈ।
ਡੈਮਾਂ ’ਚ ਪਾਣੀ ਤੇ ਥਰਮਲ ਪਲਾਟਾਂ ’ਚ ਕੋਲੇ ਦੀ ਸਥਿਤੀ ਨੇ ਵਧਾਈ ਚਿੰਤਾ
ਮੀਂਹ ਦੀ ਕਮੀ ਦਾ ਸਿੱਧਾ ਅਸਰ ਡੈਮਾਂ ’ਤੇ ਪੈ ਰਿਹਾ ਹੈ। ਰਿਪੋਰਟ ਦੇ ਅੰਕੜੇ ਦੱਸਦੇ ਹਨ ਕਿ ਭਾਖੜਾ, ਪੌਂਗ ਤੇ ਆਰਐੱਸਡੀ ਦੇ ਪਾਣੀ ਦੇ ਪੱਧਰ ਪਿਛਲੇ ਸਾਲ ਦੇ ਇਸੇ ਸਮੇਂ ਨਾਲੋਂ ਘੱਟ ਹਨ। ਪਹਿਲੀ ਸਤੰਬਰ ਨੂੰ ਭਾਖੜਾ ਦਾ ਪੱਧਰ 1,637.47 ਫੁੱਟ ਸੀ, ਜਦਕਿ ਪਿਛਲੇ ਸਾਲ ਇਸੇ ਦਿਨ 1,676.60 ਫੁੱਟ ਸੀ। ਪੌਂਗ ਦਾ ਪੱਧਰ ਵੀ ਪਿਛਲੇ ਸਾਲ ਦੇ 1,390.40 ਫੁੱਟ ਦੇ ਮੁਕਾਬਲੇ 1,368.73 ਫੁੱਟ ਰਿਹਾ। ਇਹ ਅੰਕੜੇ ਇਸ ਲਈ ਮਹੱਤਵਪੂਰਨ ਹਨ ਕਿਉਂਕਿ ਪੰਜਾਬ ਦੀ ਬਿਜਲੀ ਵਿਵਸਥਾ ’ਚ ਪਣ-ਬਿਜਲੀ ਦਾ ਹਿੱਸਾ ਭਾਵੇਂ ਥਰਮਲ ਨਾਲੋਂ ਛੋਟਾ ਹੈ, ਪਰ ਘੱਟ ਪਾਣੀ ਦੀ ਉਪਲਬਧਤਾ ਲੰਬੇ ਸਮੇਂ ਵਿੱਚ ਬਿਜਲੀ ਪ੍ਰਬੰਧ ’ਤੇ ਵਾਧੂ ਦਬਾਅ ਪਾ ਸਕਦੀ ਹੈ। ਇਸ ਦੇ ਨਾਲ ਹੀ ਮੀਂਹ ਘੱਟ ਹੋਣ ਕਾਰਨ ਗਰਮੀ ਅਤੇ ਨਮੀ ਵਾਲਾ ਮੌਸਮ ਲੰਮਾ ਖਿੱਚਣ ’ਤੇ ਘਰੇਲੂ ਅਤੇ ਖੇਤੀਬਾੜੀ ਬਿਜਲੀ ਦੀ ਮੰਗ ਉੱਚੀ ਬਣੀ ਹੋਈ ਹੈ।
ਕੋਲੇ ਦੇ ਸਟਾਕ ਨੇ ਵੀ ਵਧਾਈ ਚਿੰਤਾ
ਥਰਮਲ ਪਲਾਂਟਾਂ ਲਈ ਕੋਲੇ ਦੀ ਸਥਿਤੀ ਵੀ ਬਹੁਤ ਆਰਾਮਦਾਇਕ ਨਹੀਂ ਹੈ। ਤਲਵੰਡੀ ਸਾਬੋ ਪਾਵਰ ਪਲਾਂਟ ਕੋਲ 1.86 ਲੱਖ ਮੀਟ੍ਰਿਕ ਟਨ ਕੋਲਾ ਬਚਿਆ ਸੀ, ਜੋ ਰਿਪੋਰਟ ਮੁਤਾਬਕ ਸਿਰਫ਼ 7 ਦਿਨਾਂ ਲਈ ਕਾਫ਼ੀ ਹੈ। ਰਾਜਪੁਰਾ ਪਲਾਂਟ ਕੋਲ 1.23 ਲੱਖ ਮੀਟ੍ਰਿਕ ਟਨ ਕੋਲਾ ਸੀ, ਜੋ 8 ਦਿਨਾਂ ਲਈ ਕਾਫ਼ੀ ਦੱਸਿਆ ਗਿਆ ਹੈ। ਇਸ ਦੇ ਮੁਕਾਬਲੇ ਰੋਪੜ ਕੋਲ 29 ਦਿਨ ਅਤੇ ਲਹਿਰਾ ਮੁਹੱਬਤ ਕੋਲ 15 ਦਿਨਾਂ ਦਾ ਸਟਾਕ ਮੌਜੂਦ ਸੀ।
ਕੁਲ ਮਿਲਾ ਕੇ ਪੰਜਾਬ ਦੀ ਬਿਜਲੀ ਤਸਵੀਰ ਚੰਗੀ ਨਜ਼ਰ ਨਹੀਂ ਆ ਰਹੀ ਹੈ। ਮੌਨਸੂਨ ਦੇ ਕਮਜ਼ੋਰ ਹੋਣ ਕਾਰਨ ਬਿਜਲੀ ਦੀ ਘਾਟ ਦੇ ਤਿੰਨ ਵੱਡੇ ਸੰਕੇਤ ਇਕੱਠੇ ਨਜ਼ਰ ਆ ਰਹੇ ਹਨ—ਬਿਜਲੀ ਦੀ ਬਹੁਤ ਉੱਚੀ ਮੰਗ, ਆਪਣੀ ਪੈਦਾਵਾਰ ਦੇ ਮੁਕਾਬਲੇ ਵੱਡੀ ਬਾਹਰੀ ਖ਼ਰੀਦ ਤੇ ਮੌਨਸੂਨ ਤੇ ਜਲ ਭੰਡਾਰਾਂ ’ਚ ਘਾਟ। ਜੇਕਰ ਕੋਲੇ ਦੀ ਸਪਲਾਈ ਤੇ ਥਰਮਲ ਇਕਾਈਆਂ ਦੀ ਕਾਰਗੁਜ਼ਾਰੀ ’ਚ ਸੁਧਾਰ ਨਾ ਆਇਆ ਤਾਂ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਬਾਹਰੀ ਬਿਜਲੀ ’ਤੇ ਨਿਰਭਰਤਾ ਹੋਰ ਵਧ ਸਕਦੀ ਹੈ। ਇਸ ਦਾ ਸਿੱਧਾ ਪ੍ਰਭਾਵ ਬਿਜਲੀ ਖ਼ਰੀਦ ਦੇ ਖ਼ਰਚ ਤੇ ਉਦਯੋਗਿਕ ਸਪਲਾਈ ’ਤੇ ਪੈਣ ਦੀ ਸੰਭਾਵਨਾ ਹੈ।