ਵੋਕੇਸ਼ਨਲ ਟੀਚਰਾਂ ਨੇ ਮੰਤਰੀ ਅਮਨ ਅਰੋੜਾ ਦੇ ਘਰ ਮੂਹਰੇ ਦਿੱਤਾ ਧਰਨਾ
ਵੋਕੇਸ਼ਨਲ ਟੀਚਰਾਂ ਨੇ ਮੰਤਰੀ ਅਮਨ ਅਰੋੜਾ ਦੇ ਘਰ ਮੂਹਰੇ ਦਿੱਤਾ ਧਰਨਾ
Publish Date: Mon, 22 Jun 2026 05:10 PM (IST)
Updated Date: Tue, 23 Jun 2026 04:04 AM (IST)

ਕਿਹਾ: ਵੋਕੇਸ਼ਨਲ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਕੀਤਾ ਜਾਵੇ ਮਰਜ਼ ਟੀਚਰਾਂ ਦੇ ਧਰਨੇ ਕਾਰਨ ਰਾਹਗੀਰ ਹੋਏ ਪਰੇਸ਼ਾਨ ਪੁਲਿਸ ਦੇ ਮੁਲਾਜ਼ਮ ਵੱਡੀ ਗਿਣਤੀ ’ਚ ਕੀਤੇ ਤਾਇਨਾਤ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਐੱਨਐੱਸਕਿਊਐੱਫ ਵੋਕੇਸ਼ਨਲ ਟੀਚਰਜ਼ ਫਰੰਟ, ਪੰਜਾਬ ਵੱਲੋਂ ਆਪ ਪ੍ਰਧਾਨ ਅਮਨ ਅਰੋੜਾ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਵੱਡੀ ਗਿਣਤੀ ’ਚ ਪੂਰੇ ਪੰਜਾਬ ਤੋਂ ਪੁੱਜੇ ਅਧਿਆਪਕਾਂ ਵੱਲੋਂ ਸੁਨਾਮ ਪੁਲ ਥਲ੍ਹੇ ਤੋਂ ਸ਼ਹਿਰ ਵਿੱਚ ਲੰਘਦੇ ਹੋਏ ਅਮਨ ਅਰੋੜਾ ਦੀ ਕੋਠੀ ਤੱਕ ਸਰਕਾਰ ਦਾ ਜੰਮਕੇ ਪਿੱਟ ਸਿਆਪਾ ਕੀਤਾ। ਅਧਿਆਪਕਾਂ ਦੇ ਧਰਨੇ ਕਾਰਨ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਵਿਭਾਗ ਤੇ ਸਰਕਾਰ ਨਾਲ ਅਣਗਿਣਤ ਮੀਟਿੰਗਾਂ ਕਰਨ ਉਪਰੰਤ ਵੀ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਹੱਲ ਨਾ ਕੱਢਣ ਤੇ ਲਾਰੇ ਲਾਉਣ ਦੀ ਨੀਤੀ ਦਾ ਵਿਰੋਧ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਆਖਿਆ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਇਹ ਵਾਅਦੇ ਕੀਤੇ ਸੀ ਕਿ ਕੋਈ ਵੀ ਮੁਲਾਜ਼ਮ ਕੱਚਾ ਨਹੀਂ ਰਹੇਗਾ। ਸਿੱਖਿਆ ਵਿਭਾਗ ਅੱਗੇ ਲੱਗੇ ਧਰਨਿਆਂ ਵਿੱਚ ਅਰਵਿੰਦ ਕੇਜਰੀਵਾਲ ਨੇ ਖੁਦ ਇਹ ਗੱਲ ਕਹੀ ਸੀ ਕਿ ਸਰਕਾਰ ਬਣਦੇ ਹੀ ਸਾਰੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇਗਾ। ਜਥੇਬੰਦੀ ਦੇ ਆਗੂਆਂ ਰਣਜੀਤ ਸਿੰਘ ਬਰਨਾਲਾ, ਭੁਪਿੰਦਰ ਸਿੰਘ ਰੋਪੜ੍ਹ, ਰਣਜੀਤ ਸਿੰਘ ਨਵਾਂਸ਼ਹਿਰ ,ਗੁਰਜੀਤ ਸਿੰਘ ਬਠਿੰਡਾ , ਮਹਿਤਾਬ ਸਿੰਘ ਫਿਰੋਜ਼ਪੁਰ ਅਤੇ ਮਨਪ੍ਰੀਤ ਸਿੰਘ ਮੁਕਤਸਰ ਆਖਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 3670 ਐੱਨਐੱਸਕਿਊਐੱਫ ਵੋਕੇਸ਼ਨਲ ਅਧਿਆਪਕ ਕੰਮ ਕਰ ਰਹੇ ਹਨ। ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਆਊਟਸੋਰਸ/ਕੰਪਨੀਆਂ ਅਧੀਨ ਭਰਤੀ ਕੀਤਾ ਹੋਇਆ ਹੈ। ਪਿਛਲੇ 12 ਸਾਲਾਂ ਤੋਂ ਇਹ ਕੰਪਨੀਆਂ ਅਧਿਆਪਕਾਂ ਦਾ ਸ਼ੋਸ਼ਣ ਕਰ ਰਹੀਆਂ ਹਨ ਲੇਕਿਨ ਇਨ੍ਹਾਂ ਕੰਪਨੀਆਂ ਤੋਂ ਕਥਿਤ ਤੌਰ ’ਤੇ ਮਿਲਣ ਵਾਲੇ ਕਮਿਸ਼ਨ ਕਾਰਨ ਸਰਕਾਰ ਇਨ੍ਹਾਂ ਉੱਤੇ ਕੋਈ ਕਾਰਵਾਈ ਨਹੀਂ ਕਰਦੀ। ਉਨ੍ਹਾਂ ਆਖਿਆ ਕਿ ਅਣਗਿਣਤ ਮੀਟਿੰਗਾਂ ਕਰਨ ਉਪਰੰਤ ਵੀ ਸਰਕਾਰ ਤੇ ਵਿਭਾਗ ਵੱਲੋਂ ਹਜੇ ਤੱਕ ਇਨ੍ਹਾਂ ਅਧਿਆਪਕਾਂ ਦੇ ਹੱਕ ਵਿੱਚ ਕੋਈ ਪਾਲਿਸੀ ਨਹੀਂ ਬਣਾਈ ਗਈ। ਦੂਜੇ ਪਾਸੇ ਨਾਲ ਦੇ ਸੂਬੇ ਹਰਿਆਣੇ ਤੇ ਦਿੱਲੀ ਵਿੱਚ ਵੋਕੇਸ਼ਨਲ ਅਧਿਆਪਕ ਕਿਤੇ ਵੱਧ ਤਨਖਾਹਾਂ ਅਤੇ ਜੋ ਸੁਰੱਖਿਆ ਦੀ ਨੀਤੀ ਪਿਛਲੇ 5 ਸਾਲਾਂ ਤੋਂ ਚੱਲ ਰਹੀ ਹੈ। ਫ਼ਰੰਟ ਦੇ ਆਗੂਆਂ ਨੇ ਕਿਹਾ ਕਿ ਜੇਕਰ ਐੱਨਐੱਸਕਿਊਐੱਫ ਅਧਿਆਪਕਾ ਦੇ ਮਸਲੇ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿਚ ਹੋਰ ਵੀ ਤਿੱਖੇ ਪ੍ਰਦਰਸ਼ਨ ਕੀਤੇ ਜਾਣਗੇ ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।