ਸਰਕਾਰ ਖ਼ਿਲਾਫ਼ ਪ੍ਰਚਾਰ ਕਰਦੇ ਅਧਿਆਪਕਾਂ ਨੂੰ ਪਿੰਡ ਵਾਸੀਆਂ ਰੋਕਿਆ, ਸਥਿਤੀ ਤਣਾਅਪੂਰਨ
ਸਰਕਾਰ ਖਿਲਾਫ ਪ੍ਰਚਾਰ ਕਰਦੇ ਅਧਿਆਪਕਾਂ ਨੂੰ ਪਿੰਡ ਵਾਸੀਆਂ ਰੋਕਿਆ, ਸਥਿਤੀ ਤਣਾਅਪੂਰਨ
Publish Date: Sat, 20 Jun 2026 04:21 PM (IST)
Updated Date: Sun, 21 Jun 2026 04:01 AM (IST)

ਧੱਕੇ ਅਤੇ ਤਨਾਅਪੂਰਨ ਮਾਹੌਲ ਨੂੰ ਤੋੜਦੇ ਪਿੰਡ ਵਿੱਚ ਰੈਲੀ ਕਰਨ ਲਈ ਅਧਿਆਪਕ ਅੱਗੇ ਵਧੇ ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : 3704 ਅਧਿਆਪਕ ਯੂਨੀਅਨ ਪੰਜਾਬ ਤੇ ਈਟੀਟੀ ਟੈਟ ਪਾਸ ਅਧਿਆਪਕ ਐਸੋਸੀਏਸ਼ਨ ਜੈ ਸਿੰਘ ਵਾਲਾ ਦੇ 180 ਅਧਿਆਪਕਾਂ ਵੱਲੋਂ ਦਿੜ੍ਹਬਾ ਹਲਕਾ ਅੰਦਰ ਪਰਿਵਾਰਾਂ ਸਮੇਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਨਾਲ ਮਿਲ ਕੇ ਪਿੰਡ ਕੌਹਰੀਆ ਤੇ ਸ਼ਾਦੀਹਰੀ ਵਿਖੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਖ਼ਿਲਾਫ਼ ਪੈਦਲ ਡੋਰ ਟੂ ਡੋਰ ਪ੍ਰਚਾਰ ਰੈਲੀ ਕਰਨ ਲਈ ਪਿੰਡ ਕੌਹਰੀਆਂ ਦੇ ਗੁਰਦੁਆਰਾ ਸਾਹਿਬ ’ਚ ਇਕੱਠੇ ਹੋਏ। ਇਨ੍ਹਾਂ ਅਧਿਆਪਕਾਂ ਵੱਲੋਂ ਘਰ-ਘਰ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਝੂਠੇ ਵਾਅਦਿਆਂ ਸਬੰਧੀ ਪੈਂਫਲਿਟ ਵੰਡੇ ਜਾਣੇ ਸਨ ਤੇ ਹਰ ਗਲੀ- ਮੁਹੱਲੇ ਵਿੱਚ ਪੋਸਟਰ ਵੀ ਚਿਪਕਾਏ ਜਾਣੇ ਸਨ। ਪ੍ਰੰਤੂ ਉਸ ਸਮੇਂ ਸਥਿਤੀ ਤਣਾਅ ਬਣ ਗਈ ਜਦੋਂ ਪਿੰਡ ਦੇ ਸਰਪੰਚ ਤੇ ਹੋਰ ਪਿੰਡ ਵਾਸੀਆਂ ਨੇ ਮੁਜ਼ਾਹਰਾਕਾਰੀਆਂ ਨੂੰ ਗੁਰਦੁਆਰੇ ਦੇ ਅੰਦਰ ਹੀ ਗੇਟ ਬੰਦ ਕਰ ਕੇ ਘੇਰ ਲਿਆ। ਇੱਕ ਪਾਸੇ ਅਧਿਆਪਕਾਂ ਦੇ ਆਗੂ ਪਿੰਡ ’ਚ ਰੋਸ ਰੈਲੀ ਕਰਨ ਦੇ ਉੱਤੇ ਵਜਿਦ ਸਨ ਤੇ ਦੂਜੇ ਪਾਸੇ ਪੰਚਾਇਤ ਤੇ ਪਿੰਡ ਵਾਸੀ ਉਨ੍ਹਾਂ ਅਧਿਆਪਕਾਂ ਨੂੰ ਵਿਧਾਇਕ ਹਰਪਾਲ ਸਿੰਘ ਚੀਮਾ ਦੇ ਕੀਤੇ ਗਏ ਕੰਮ ਲੈ ਕੇ ਕੋਈ ਵੀ ਪ੍ਰਦਰਸ਼ਨ ਕਰਨ ਤੋਂ ਰੋਕ ਰਹੇ ਸਨ। ਡੀਐੱਸਪੀ ਦਿੜ੍ਹਬਾ ਡਾ. ਰੁਪਿੰਦਰ ਕੌਰ ਬਾਜਵਾ ਨੇ ਦੋਵਾਂ ਧਿਰਾਂ ਨੂੰ ਇਕੱਠਾ ਕਰਕੇ ਗੁਰਦੁਆਰੇ ਦਾ ਗੇਟ ਖੁਲਵਾਇਆ ਗਿਆ ਅਤੇ ਧਰਨਾਕਾਰੀਆਂ ਨੂੰ ਪਿੰਡ ਵਿੱਚ ਰੋਸ ਰੈਲੀ ਕੱਢਣ ਦੀ ਆਗਿਆ ਦਿੱਤੀ ਗਈ। 3704 ਅਧਿਆਪਕ ਯੂਨੀਅਨ ਤੋਂ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਅਤੇ 180 ਈਟੀਟੀ ਅਧਿਆਪਕ ਯੂਨੀਅਨ ਤੋਂ ਸੂਬਾ ਪ੍ਰਧਾਨ ਕਮਲ ਠਾਕੁਰ ਨੇ ਦੱਸਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਲੰਬੇ ਸਮੇਂ ਤੋਂ 3704 ਅਤੇ 180 ਈਟੀਟੀ ਅਧਿਆਪਕਾਂ ਨਾਲ ਲਾਰੇਬਾਜੀ ਕਰਕੇ ਟਾਈਮ ਟਪਾਇਆ ਜਾ ਰਿਹਾ ਹੈ ਜਦਕਿ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੁਆਰਾ ਇਨ੍ਹਾਂ ਅਧਿਆਪਕਾਂ ਦੇ ਹੱਕ ਵਿੱਚ ਰਿਪੋਰਟ ਤਿਆਰ ਕਰਕੇ ਵਿੱਤ ਵਿਭਾਗ ਨੂੰ ਭੇਜੀ ਜਾ ਚੁੱਕੀ ਹੈ। ਸੂਬਾ ਆਗੂ ਗੌਰਵ ਕਾਂਤ ਤੇ ਜੀਵਨਜੋਤ ਸਿੰਘ ਨੇ ਦੱਸਿਆ ਕਿ ਮਸਲਾ ਹੱਲ ਨਾ ਹੋਣ ਤੱਕ ਇਹ ਸੰਘਰਸ਼ ਹਲਕੇ ਵਿੱਚ ਜਾਰੀ ਰਹੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਬਲਾਕ ਦਿੜ੍ਹਬਾ ਤੋਂ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਚੌਂਕ ਤੋਂ ਇਲਾਵਾ ਦਿੜ੍ਹਬਾ ਬਲਾਕ ਆਗੂ ਮਿਸ਼ਰਾ ਸਿੰਘ ਨਿਹਾਲਗੜ੍ਹ ਮੇਜਰ ਸਿੰਘ ਕੌਹਰੀਆਂ ਜੋਗਿੰਦਰ ਸਿੰਘ ਖੇੜੀ,ਇਕਾਈ ਪ੍ਰਧਾਨ ਰਘਵੀਰ ਸਿੰਘ ਕੌਹਰੀਆਂ ਹਾਜ਼ਰ ਸਨ। ਇਸ ਸਮੇਂ ਰਾਕੇਸ਼ ਗੁਰਦਾਸਪੁਰ, ਦਵਿੰਦਰ ਸਿੰਘ ਸੰਗਰੂਰ, ਜਸਵੀਰ ਸਿੰਘ ਪਟਿਆਲਾ, ਯਾਦਵਿੰਦਰ ਸਿੰਘ ਮੋਗਾ, ਗੁਰਪ੍ਰੀਤ ਸਿੱਧੂ ਪਟਿਆਲਾ, ਮਨਦੀਪ ਸਿੱਧੂ ਪਰਿਵਾਰਾਂ ਸਮੇਤ ਹਾਜ਼ਰ ਸਨ।