ਸਬਜ਼ੀ ਵਿਕਰੇਤਾਵਾਂ ਨੇ ਮਾਰਕੀਟ ਕਮੇਟੀ ਦਾ ਕੀਤਾ ਵਿਰੋਧ ਸਬਜ਼ੀ ਵਿਕਰੇਤਾਵਾਂ ਨੇ ਮਾਰਕੀਟ ਕਮੇਟੀ ਦਾ ਕੀਤਾ ਵਿਰੋਧ
Publish Date: Sun, 05 Jul 2026 05:53 PM (IST)
Updated Date: Mon, 06 Jul 2026 04:06 AM (IST)
ਮਾਲੇਰਕੋਟਲਾ ਤੋਂ ਸਬਜ਼ੀ ਲਿਆਉਣ ਦੇ ਮਾਮਲੇ ਨੇ ਫੜਿਆ ਜ਼ੋਰ ਜਸਵੀਰ ਸਿਘ, ਪੰਜਾਬੀ ਜਾਗਰਣ, ਸੰਗਰੂਰ ; ਸਬਜ਼ੀ ਮੰਡੀ ਵਿਕਰੇਤਾਵਾਂ ਵੱਲੋਂ ਮਾਲੇਰਕੋਟਲਾ ਦੀ ਸਬਜ਼ੀ ਮੰਡੀ ਤੋਂ ਸਬਜ਼ੀ ਖਰੀਦ ਕੇ ਲਿਆਉਣ ਦੇ ਮਾਮਲੇ ਨੇ ਜ਼ੋਰ ਫੜ ਲਿਆ ਹੈ। ਐਤਵਾਰ ਨੂੰ ਮਾਰਕੀਟ ਕਮੇਟੀ ਸੰਗਰੂਰ ਦੀ ਟੀਮ ਨੇ ਮਾਲੇਰਕੋਟਲਾ ਤੋਂ ਸਬਜ਼ੀ ਲੈ ਕੇ ਆਏ ਵਿਕਰੇਤਾਵਾਂ ਦੀ ਗੱਡੀ ਰੋਕ ਕੇ ਉਨ੍ਹਾਂ ਤੋਂ 3 ਹਜ਼ਾਰ ਰੁਪਏ ਫੀਸ ਵਸੂਲ ਕਰ ਲਈ। ਇਸ ਤੋਂ ਇਲਾਵਾ ਜਦੋਂ ਮਾਰਕੀਟ ਕਮੇਟੀ ਦੀ ਟੀਮ ਸੁਨਾਮੀ ਗੇਟ ਸਬਜ਼ੀ ਮੰਡੀ ’ਚ ਫੀਸ ਵਸੂਲਣ ਲਈ ਪਹੁੰਚੀ ਤਾਂ ਮੰਡੀ ਦੇ ਸਮੂਹ ਸਬਜ਼ੀ ਵਿਕਰੇਤਾਵਾਂ ਨੇ ਇਸ ਦਾ ਡਟਵਾਂ ਵਿਰੋਧ ਕਰਦਿਆਂ ਸਰਕਾਰ ਤੇ ਮਾਰਕੀਟ ਕਮੇਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਮੰਡੀ ਬੰਦ ਕਰਨ ਦਾ ਐਲਾਨ ਕਰ ਦਿੱਤਾ। ਵਿਕਰੇਤਾਵਾਂ ਦੇ ਤਿੱਖੇ ਵਿਰੋਧ ਕਾਰਨ ਮਾਰਕੀਟ ਕਮੇਟੀ ਦੀ ਟੀਮ ਨੂੰ ਬਿਨਾਂ ਕਾਰਵਾਈ ਕੀਤੇ ਵਾਪਸ ਮੁੜਨਾ ਪਿਆ। ਇਸ ਦੌਰਾਨ ਰੇਹੜੀ ਯੂਨੀਅਨ ਸੰਗਰੂਰ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਨੇ ਦਖ਼ਲ ਦੇ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ। ਇਸ ਤੋਂ ਬਾਅਦ ਸੋਮਵਾਰ ਨੂੰ ਇਸ ਮਸਲੇ ਦੇ ਹੱਲ ਲਈ ਮਾਰਕੀਟ ਕਮੇਟੀ ਦਫ਼ਤਰ ਸੰਗਰੂਰ ਵਿਖੇ ਸਬਜ਼ੀ ਆੜ੍ਹਤੀਆਂ, ਸਬਜ਼ੀ ਵਿਕਰੇਤਾਵਾਂ ਤੇ ਰੇਹੜੀ ਯੂਨੀਅਨ ਦੀ ਮੀਟਿੰਗ ਤੈਅ ਕੀਤੀ ਗਈ ਹੈ। ਰੇਹੜੀ ਯੂਨੀਅਨ ਸੰਗਰੂਰ ਦੇ ਨਵ-ਨਿਯੁਕਤ ਪ੍ਰਧਾਨ ਵਿਸ਼ਾਲ ਕੁਮਾਰ ਗੋਲੂ, ਗਗਨਦੀਪ ਸਿੰਘ, ਕਮਲਦੀਪ ਸਿੰਘ, ਜਸਪ੍ਰੀਤ ਸਿੰਘ, ਰੌਕੀ ਤੇ ਹੋਰ ਆਗੂਆਂ ਨੇ ਦੱਸਿਆ ਕਿ ਕਈ ਸਬਜ਼ੀ ਤੇ ਫਲ ਵਿਕਰੇਤਾ ਰੋਜ਼ਾਨਾ ਮਾਲੇਰਕੋਟਲਾ ਦੀ ਸਬਜ਼ੀ ਮੰਡੀ ਤੋਂ ਸਬਜ਼ੀਆਂ ਖਰੀਦ ਕੇ ਸੰਗਰੂਰ ਵਿੱਚ ਵੇਚਦੇ ਹਨ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਮੰਡੀ ਵਿੱਚ ਉਹ ਬਣਦੀ 9 ਫੀਸਦੀ ਫੀਸ (7 ਫੀਸਦੀ ਆੜ੍ਹਤ ਅਤੇ 2 ਫੀਸਦੀ ਮਾਰਕੀਟ ਫੀਸ) ਅਦਾ ਕਰਕੇ ਰਸੀਦ ਵੀ ਲੈਂਦੇ ਹਨ, ਪਰ ਹੁਣ ਮਾਰਕੀਟ ਕਮੇਟੀ ਸੰਗਰੂਰ ਵੱਲੋਂ ਉਨ੍ਹਾਂ ’ਤੇ ਦੁਬਾਰਾ ਫੀਸ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਅੱਜ ਮਾਰਕੀਟ ਕਮੇਟੀ ਦੀ ਟੀਮ ਨੇ ਉਨ੍ਹਾਂ ਦੀਆਂ ਸਬਜ਼ੀਆਂ ਵਾਲੀਆਂ ਗੱਡੀਆਂ ਰੋਕ ਕੇ ਤਿੰਨ ਹਜ਼ਾਰ ਰੁਪਏ ਵਸੂਲ ਕੀਤੇ ਤੇ ਬਾਅਦ ਵਿੱਚ ਸਬਜ਼ੀ ਮੰਡੀ ਵਿੱਚ ਆ ਕੇ ਵੀ ਫੀਸ ਵਸੂਲਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਉਹ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਲੇਰਕੋਟਲਾ ਮੰਡੀ ਤੋਂ ਬਣਦੀ ਮਾਰਕੀਟ ਫੀਸ ਉਨ੍ਹਾਂ ਨੂੰ ਨਹੀਂ ਮਿਲਦੀ, ਪਰ ਇਸ ਵਿੱਚ ਸਬਜ਼ੀ ਖਰੀਦਣ ਵਾਲੇ ਵਿਕਰੇਤਾਵਾਂ ਦਾ ਕੋਈ ਕਸੂਰ ਨਹੀਂ ਹੈ। ਉਹ ਆਪਣੀ ਬਣਦੀ ਫੀਸ ਪਹਿਲਾਂ ਹੀ ਮਾਲੇਰਕੋਟਲਾ ਵਿੱਚ ਅਦਾ ਕਰਦੇ ਹਨ। ਮਾਲੇਰਕੋਟਲਾ ਤੋਂ ਫੀਸ ਦੀ ਵਸੂਲੀ ਕਰਨਾ ਮਾਰਕੀਟ ਕਮੇਟੀ ਦੀ ਜ਼ਿੰਮੇਵਾਰੀ ਹੈ ਤੇ ਸਬਜ਼ੀ ਵਿਕਰੇਤਾ ਦੋਹਰੀ ਫੀਸ ਨਹੀਂ ਭਰਨਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਸਮੂਹ ਰੇਹੜੀ-ਫੜੀ ਚਾਲਕ ਮੰਡੀ ਬੰਦ ਕਰਕੇ ਸਬਜ਼ੀਆਂ ਤੇ ਫਲਾਂ ਦੀ ਵਿਕਰੀ ਬੰਦ ਕਰ ਦੇਣਗੇ। ਉੱਧਰ, ਮੰਡੀ ’ਚ ਫੀਸ ਵਸੂਲਣ ਪਹੁੰਚੇ ਮੰਡੀ ਸੁਪਰਵਾਈਜ਼ਰ ਬਘੇਲ ਸਿੰਘ ਨੇ ਕਿਹਾ ਕਿ ਫੀਸ ਦਾ ਭੁਗਤਾਨ ਕਰਨਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਹੀ ਇਹ ਵਸੂਲੀ ਕੀਤੀ ਗਈ ਹੈ।