
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕੰਟਰਕੈਟ ਅਧਿਆਪਕ ਮੰਗਾਂ ਸਬੰਧੀ ਇਕ ਇਕ ਰੱਖੜੀ ਲੈ ਕੇ ਵਾਇਸ ਚਾਂਸਲਰ ਦੀ ਕੋਠੀ ਪੁੱਜੇ ਪਰ ਖਾਲੀ ਹੱਥ ਪਰਤਣਾ ਪਿਆ। ਲੰਮੀ ਉਡੀਕ ਤੋਂ ਬਾਅਦ ਆਖਿਰ ਇਨ੍ਹਾਂ ਅਧਿਆਪਕਾਂ ਨੂੰ ਵੀਸੀ ਦੀ ਰੱਖੜੀ ਦਫ਼ਤਰ ਵਿਚ ਜਮ੍ਹਾਂ ਕਰਵਾਉਣੀ ਪਈ ਹੈ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ (ਪੁਕਟਾ) ਵਲੋਂ ਕੈਂਪਸ ਵਿਚ ਚੱਲ ਰਹੇ ਧਰਨੇ ਦੌਰਾਨ ਅਨੋਖਾ ਰੋਸ ਵਿਖਾਵਾ ਕੀਤਾ ਗਿਆ। ਕੰਟਰਕੈਟ ਅਧਿਆਪਕ ਮੰਗਾਂ ਸਬੰਧੀ ਇਕ ਇਕ ਰੱਖੜੀ ਲੈ ਕੇ ਵਾਇਸ ਚਾਂਸਲਰ ਦੀ ਕੋਠੀ ਪੁੱਜੇ ਪਰ ਖਾਲੀ ਹੱਥ ਪਰਤਣਾ ਪਿਆ। ਲੰਮੀ ਉਡੀਕ ਤੋਂ ਬਾਅਦ ਆਖਿਰ ਇਨ੍ਹਾਂ ਅਧਿਆਪਕਾਂ ਨੂੰ ਵੀਸੀ ਦੀ ਰੱਖੜੀ ਦਫ਼ਤਰ ਵਿਚ ਜਮ੍ਹਾਂ ਕਰਵਾਉਣੀ ਪਈ ਹੈ। ਕੰਟਰੈਕਟ ਸਹਾਇਕ ਪ੍ਰੋਫੈਸਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਾਈਸ ਚਾਂਸਲਰ ਦਫ਼ਤਰ ਅੱਗੇ ਸ਼ੁਰੂ ਕੀਤਾ ਗਿਆ ਅਣਮਿੱਥੇ ਸਮੇਂ ਦਾ ਰੋਸ ਧਰਨਾ ਲਗਾਤਾਰ ਜਾਰੀ ਹੈ। ਲੰਮੇ ਸਮੇਂ ਤੋਂ ਯੂਨੀਵਰਸਿਟੀ ਕੈਂਪਸ ਤੇ ਇਸ ਅਧੀਨ ਚੱਲ ਰਹੇ ਵੱਖ-ਵੱਖ ਕਾਂਸਟੀਚੂਐਂਟ ਕਾਲਜਾਂ ਵਿਚ ਉਚੇਰੀ ਸਿੱਖਿਆ ਦਾ ਧੁਰਾ ਬਣੇ ਇਹ ਅਧਿਆਪਕ ਪ੍ਰਸ਼ਾਸਨ ਦੇ ਬੇਰੁਖ਼ੀ ਵਾਲੇ ਵਤੀਰੇ ਖ਼ਿਲਾਫ਼ ਦਿਨ-ਰਾਤ ਡਟੇ ਹੋਏ ਹਨ। ਰੱਖਿਆ ਬੰਧਨ ਦੇ ਪਵਿੱਤਰ ਤਿਉਹਾਰ ਮੌਕੇ ਧਰਨਾਕਾਰੀ ਅਧਿਆਪਕਾਂ ਨੇ ਇਕ ਵਿਲੱਖਣ ਤੇ ਭਾਵਪੂਰਤ ਢੰਗ ਨਾਲ ਰੋਸ ਦਰਜ ਕਰਵਾਇਆ। ਕੰਟਰੈਕਟ ਸਹਾਇਕ ਪ੍ਰੋਫੈਸਰਾਂ ਵੱਲੋਂ ਵਾਈਸ ਚਾਂਸਲਰ ਨੂੰ ਰੱਖੜੀ ਭੇਜੀ ਗਈ ਅਤੇ ਗੁਹਾਰ ਲਗਾਈ ਗਈ ਕਿ ਉਹ ਸੰਸਥਾ ਦੇ ਮੁਖੀ ਤੇ ਸਰਪ੍ਰਸਤ ਹੋਣ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਕੰਟਰੈਕਟ ਅਧਿਆਪਕਾਂ ਦੇ ਸੰਵਿਧਾਨਕ ਹੱਕਾਂ ਅਤੇ ਉਨ੍ਹਾਂ ਦੇ ਭਵਿੱਖ ਦੀ ਰੱਖਿਆ ਯਕੀਨੀ ਬਣਾਉਣ। ਪੁਕਟਾ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਰੈਗੂਲੇਸ਼ਨ 2010 ਅਤੇ 2018 ਦੀ ਧਾਰਾ 13.0 ਤਹਿਤ ਕੰਟਰੈਕਟ ਅਧਾਰ 'ਤੇ ਤਾਇਨਾਤ ਅਧਿਆਪਕਾਂ ਦੀ ਯੋਗਤਾ ਅਤੇ ਚੋਣ ਪ੍ਰਕਿਰਿਆ ਰੈਗੂਲਰ ਅਧਿਆਪਕਾਂ ਵਾਂਗ ਹੋਣ ਕਾਰਨ ਉਨ੍ਹਾਂ ਨੂੰ ਪੂਰੀ ਮਹੀਨਾਵਾਰ ਗ੍ਰਾਸ ਤਨਖ਼ਾਹ ਦਿੱਤੀ ਜਾਣੀ ਬਣਦੀ ਹੈ। ਇਸ ਤੋਂ ਇਲਾਵਾ ਹਾਈਕੋਰਟ ਨੇ ਵੀ ਆਪਣੇ ਅਹਿਮ ਫ਼ੈਸਲੇ ਰਾਹੀਂ ਯੂਨੀਵਰਸਿਟੀ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਕੰਟਰੈਕਟ ਅਧਿਆਪਕਾਂ ਨੂੰ ਬਰਾਬਰ ਕੰਮ ਬਦਲੇ ਪੂਰੀ ਤਨਖ਼ਾਹ ਅਤੇ ਪਿਛਲੇ ਸਾਰੇ ਬਕਾਏ 6 ਫ਼ੀਸਦੀ ਵਿਆਜ ਸਮੇਤ ਦੋ ਮਹੀਨਿਆਂ ਦੇ ਅੰਦਰ-ਅੰਦਰ ਅਦਾ ਕੀਤੇ ਜਾਣ।
--ਨੋਟੀਫਿਕੇਸ਼ਨ ਜਾਰੀ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਉੱਚ ਅਦਾਲਤ ਦੇ ਸਪੱਸ਼ਟ ਫ਼ੈਸਲੇ ਅਤੇ ਯੂਜੀਸੀ ਨਿਯਮਾਵਲੀ ਦੇ ਬਾਵਜੂਦ ਯੂਨੀਵਰਸਿਟੀ ਪ੍ਰਸ਼ਾਸਨ ਮਾਮਲੇ ਨੂੰ ਲਮਕਾ ਰਿਹਾ ਹੈ, ਜਿਸ ਕਾਰਨ ਸਮੁੱਚੇ ਅਧਿਆਪਕ ਵਰਗ ਵਿੱਚ ਭਾਰੀ ਰੋਸ ਅਤੇ ਬੇਚੈਨੀ ਪਾਈ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਪ੍ਰਸ਼ਾਸਨ ਯੂ.ਜੀ.ਸੀ. ਨਿਯਮਾਂ ਤੇ ਹਾਈਕੋਰਟ ਦੇ ਹੁਕਮਾਂ ਨੂੰ ਇੰਨ-ਬਿੰਨ ਲਾਗੂ ਕਰਨ ਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਕਰਦਾ, ਉਦੋਂ ਤੱਕ ਇਹ ਸ਼ਾਂਤਮਈ ਮੋਰਚਾ ਇਸੇ ਤਰ੍ਹਾਂ ਜਾਰੀ ਰਹੇਗਾ।