ਅੱਗ ਦੀ ਲਪੇਟ ’ਚ ਆ ਰਹੇ ਦਰਖਤ, ਪ੍ਰਸ਼ਾਸਨ ਖ਼ਿਲਾਫ਼ ਰੋਸ
ਅੱਗ ਦੀ ਲਪੇਟ ’ਚ ਆ ਰਹੇ ਦਰਖਤ, ਪ੍ਰਸ਼ਾਸਨ ਖਿਲਾਫ ਰੋਸ
Publish Date: Tue, 16 Jun 2026 04:28 PM (IST)
Updated Date: Wed, 17 Jun 2026 04:01 AM (IST)

ਵਣ ਵਿਭਾਗ ਕੁੰਭਕਰਨੀ ਨੀਂਦ ਸੁੱਤਾ, ਸੁੱਕੇ ਦਰੱਖਤ ਪੁੱਟ ਕੇ ਨਵੇਂ ਲਾਉਣ ਦੀ ਮੰਗ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ : ਇੱਕ ਪਾਸੇ ਸਰਕਾਰ ਦਿਨੋਂ-ਦਿਨ ਪਲੀਤ ਹੋ ਰਹੇ ਵਾਤਾਵਰਣ ਤੇ ਪ੍ਰਦੂਸ਼ਣ ਮੁਕਤ ਕਰਨ ਲਈ ਸੜਕਾਂ ਦੇ ਕਿਨਾਰੇ ਤੇ ਸਾਂਝੀਆਂ ਥਾਵਾਂ ਉੱਪਰ ਹਰ ਸਾਲ ਲੱਖਾਂ ਦੀ ਤਾਦਾਦ ਵਿੱਚ ਰੁੱਖ ਲਾਉਣ ਦੀ ਸ਼ੁਰੂਆਤ ਕਰ ਰਹੀ ਹੈ। ਜਦ ਕਿ ਦੂਜੇ ਪਾਸੇ ਮਾਲੇਰਕੋਟਲਾ ਤੋਂ ਬੁਰਜ, ਹਥਨ ਤੇ ਘਨੌਰ ਕਲਾਂ ਨੂੰ ਜਾਂਦੇ ਰੋਡ ਉੱਪਰ ਹਰੇ ਭਰੇ ਦਰੱਖਤ ਟਾਵੇਂ-ਟਾਵੇਂ ਦਿਖਾਈ ਦੇ ਰਹੇ ਹਨ। ਇੰਝ ਲੱਗਦਾ ਹੈ ਜਿਵੇਂ ਇਨ੍ਹਾਂ ਸੜਕਾਂ ਉੱਪਰ ਵਿਭਾਗ ਮੁੜ ਤੋਂ ਰੁੱਖ ਲਾਉਣੇ ਭੁੱਲ ਗਿਆ ਹੋਵੇ। ਦੇਖਣ ਵਿੱਚ ਆਇਆ ਹੈ ਕਿ ਸੜਕ ਦੇ ਦੋਵੇਂ ਕਿਨਾਰੇ ਜ਼ਿਆਦਾਤਰ ਦਰੱਖਤਾਂ ਤੋਂ ਵਾਂਝੇ ਹਨ। ਜਿਸ ਨੂੰ ਲੈ ਕੇ ਵਾਤਾਵਰਨ ਪ੍ਰੇਮੀਆਂ ਨੇ ਡੂੰਘੀ ਚਿੰਤਾ ਜਤਾਈ ਹੈ। ਸੜਕ ਕਿਨਾਰੇ ਖੜ੍ਹੇ ਸੁੱਕੇ ਰੁੱਖ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ ਸੜਕਾਂ ਦੇ ਦੋਵੇਂ ਕਿਨਾਰਿਆਂ ਉੱਪਰ ਪਿਛਲੇ ਲੰਮੇ ਸਮੇਂ ਤੋਂ ਖੜ੍ਹੇ ਸੁੱਕੇ ਰੁੱਖ ਹਾਦਸਿਆਂ ਨੂੰ ਆਵਾਜ਼ਾਂ ਮਾਰ ਰਹੇ ਹਨ। ਪਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਤੇ ਸੰਬੰਧਤ ਵਿਭਾਗ ਨੇ ਇਨ੍ਹਾਂ ਰੁੱਖਾਂ ਨੂੰ ਇੱਥੋਂ ਹਟਾ ਕੇ ਉਨ੍ਹਾਂ ਦੀ ਜਗ੍ਹਾ ਉੱਪਰ ਨਵੇਂ ਰੁੱਖ ਲਾਉਣ ਦੀ ਜਿੰਮੇਵਾਰੀ ਨਹੀਂ ਸਮਝੀ। ਮੀਂਹ ਹਨੇਰੀ ਸਮੇਂ ਹਰ ਵਿਅਕਤੀ ਇਹ ਸੜਕ ਉੱਪਰੋਂ ਲੰਘਣ ਸਮੇਂ ਡਰ ਕੇ ਸੜਕ ਤੋਂ ਦੀ ਗੁਜ਼ਰਦਾ ਹੈ। ਕੁਝ ਦਰੱਖਤ ਅੱਗ ਦੀ ਭੇਟ ਚੜ੍ਹੇ ਦੇਖਣ ਵਿੱਚ ਆਇਆ ਹੈ ਕਿ ਕੁਝ ਕਿਸਾਨਾਂ ਵੱਲੋਂ ਆਪਣੀਆਂ ਫਸਲਾਂ ਨੂੰ ਘਾਹ ਫੂਸ ਤੋਂ ਬਚਾਉਣ ਲਈ ਸੜਕਾਂ ਦੇ ਕਿਨਾਰਿਆਂ ਨੇੜੇ ਅੱਗ ਲਾ ਦਿੱਤੀ ਜਾਂਦੀ ਹੈ, ਜਿਸ ਦੀ ਭੇਟ ਹਰ ਸਾਲ ਹਰੇ ਭਰੇ ਛੋਟੇ ਪੌਦੇ ਵੀ ਸੜ ਜਾਂਦੇ ਹਨ। ਹੈਰਾਨੀਜਨਕ ਗੱਲ ਤਾਂ ਇਹ ਹੈ ਕਿ ਸੜਕਾਂ ਦੇ ਕਿਨਾਰੇ ਖੜੇ ਕਈ ਵੱਡੇ ਰੁੱਖਾਂ ਨੂੰ ਵੀ ਅੱਗ ਦੀਆਂ ਲਾਟਾਂ ਨੇ ਕੋਲੇ ਬਣਾ ਦਿੱਤੇ ਹਨ। ਤੇ ਕਈ ਦਰਖਤ ਅਜਿਹੇ ਵੀ ਹਨ ਜੋ ਅੱਗ ਦੀਆਂ ਲਾਟਾਂ ਦੀ ਤਪਸ ਝੱਲਦੇ ਹੋਏ ਹਰੇ ਭਰੇ ਹਨ। ਵਾਤਾਵਰਨ ਪ੍ਰੇਮੀ ਭੰਤ ਸਿੰਘ ਹਾਥਨ, ਸਾਹਿਤਕਾਰ ਕਰਮਜੀਤ ਸਿੰਘ ਨੌਧਰਾਣੀ, ਨੌਜਵਾਨ ਆਗੂ ਬੱਗਾ ਸਿੰਘ, ਸਾਬਕਾ ਸਰਪੰਚ ਹਰਪਾਲ ਸਿੰਘ ਨੇ ਕਿਹਾ ਕਿ ਸਰਕਾਰ ਵੱਧ ਤੋਂ ਵੱਧ ਰੁੱਖ ਇਸ ਰੋਡ ਉੱਪਰ ਲਗਾਵੇ ਅਤੇ ਉਨ੍ਹਾਂ ਦੀ ਦੇਖਭਾਲ ਵੀ ਕਰੇ। ਉਨ੍ਹਾਂ ਮੰਗ ਕੀਤੀ ਕਿ ਜਾਣ ਬੁੱਝ ਕੇ ਰੁੱਖਾਂ ਨੂੰ ਸਾੜਨ ਵਾਲੇ ਲੋਕਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸੜਕਾਂ ਕੰਢੇ ਖੜ੍ਹੇ ਸੁੱਕੇ ਰੁੱਖਾਂ ਨੂੰ ਪੁੱਟ ਨਹੀਂ ਸਕਦੇ ਕਿਉਂਕਿ ਹਾਈ ਕੋਰਟ ਦੀਆਂ ਹਦਾਇਤਾਂ ਹਨ : ਆਰਓ ਜਦੋਂ ਇਸ ਸਮੁੱਚੇ ਮਾਮਲੇ ਸਬੰਧੀ ਵਣ ਵਿਭਾਗ ਮਾਲੇਰਕੋਟਲਾ ਦੇ ਆਰਓ ਮਹਿੰਦਰ ਪਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਵੇਂ ਬੂਟਿਆਂ ਨੂੰ ਸਕੀਮ ਵਿਚ ਪਾ ਦਿੱਤਾ ਜਾਵੇਗਾ ਅਤੇ ਸੜਕਾਂ ਕਿਨਾਰੇ ਖੜ੍ਹੇ ਸੁੱਕੇ ਰੁੱਖਾਂ ਨੂੰ ਉਹ ਪੁੱਟ ਨਹੀਂ ਸਕਦੇ ਕਿਉਂਕਿ ਹਾਈ ਕੋਰਟ ਦੀਆਂ ਹਦਾਇਤਾਂ ਹਨ। ਜਿਉਂ ਹੀ ਕੋਈ ਉਨ੍ਹਾਂ ਨੂੰ ਉੱਪਰੋਂ ਹਦਾਇਤਾ ਆਉਂਦੀ ਹੈ ਤਾਂ ਉਹ ਸੁੱਕੇ ਰੁੱਖਾਂ ਦੀ ਜਗ੍ਹਾ ਹਰੇ ਭਰੇ ਰੁੱਖ ਲਾ ਦੇਣਗੇ।