ਖਨੌਰੀ ਦੇ ਮੇਨ ਬਾਜ਼ਾਰ ’ਚ ਚੋਰੀ,
ਖਨੌਰੀ ਦੇ ਮੇਨ ਬਾਜ਼ਾਰ 'ਚ ਚੋਰੀ, ਨਗਦੀ ਤੇ ਨੋਟਾਂ ਵਾਲੇ ਹਾਰ ਲੈ ਕੇ ਫਰਾਰ ਹੋਏ ਚੋਰ
Publish Date: Tue, 09 Jun 2026 04:14 PM (IST)
Updated Date: Wed, 10 Jun 2026 04:03 AM (IST)

ਨਕਦੀ ਤੇ ਨੋਟਾਂ ਵਾਲੇ ਹਾਰ ਲੈ ਕੇ ਫ਼ਰਾਰ ਹੋਏ ਚੋਰ ਤੀਜੀ ਮੰਜ਼ਿਲ ਦੀ ਵੈਂਟੀਲੇਸ਼ਨ ਤੋੜ ਕੇ ਦੁਕਾਨ ’ਚ ਦਾਖਲ ਹੋਏ ਚੋਰ ਹਰਜੀਤ ਸਿੰਘ , ਪੰਜਾਬੀ ਜਾਗਰਣ, ਖਨੌਰੀ : ਲੰਘੇ ਦਿਨੀਂ ਖਨੌਰੀ ਪੁਲਿਸ ਵੱਲੋਂ ਇੱਕ ਚੋਰ ਗਿਰੋਹ ਨੂੰ ਕਾਬੂ ਕਰਨ ਦੀ ਜਾਣਕਾਰੀ ਸਾਹਮਣੇ ਆਉਣ ਦੇ ਬਾਵਜੂਦ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ। ਬੀਤੀ ਰਾਤ ਅਣਪਛਾਤੇ ਚੋਰਾਂ ਨੇ ਮੇਨ ਬਾਜ਼ਾਰ ਸਥਿਤ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਨਗਦੀ ਅਤੇ ਨੋਟਾਂ ਵਾਲੇ ਹਾਰ ਚੋਰੀ ਕਰ ਲਏ। ਜਾਣਕਾਰੀ ਅਨੁਸਾਰ ਚੋਰਾਂ ਨੇ ਦੁਰਗਾ ਚੂੜੀ ਪੈਲੇਸ ਦੀ ਦੁਕਾਨ ਵਿੱਚ ਤੀਜੀ ਮੰਜ਼ਿਲ ਉੱਤੇ ਲੱਗੀ ਵੈਂਟੀਲੇਸ਼ਨ ਦੀ ਜਾਲੀ ਤੋੜ ਕੇ ਦਾਖਲ ਹੋਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੁਕਾਨ ਮਾਲਕ ਨਿਤੇਸ਼ ਸਿੰਗਲਾ ਪੁੱਤਰ ਦੁਰਗਾ ਦਾਸ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਅਨੁਸਾਰ ਕਰੀਬ ਰਾਤ 1:27 ਵਜੇ ਚੋਰ ਦੁਕਾਨ ਅੰਦਰ ਦਾਖਲ ਹੋਏ ਅਤੇ ਦੋਵੇਂ ਗੱਲੇ ਤੋੜ ਕੇ ਉਨ੍ਹਾਂ ਵਿੱਚ ਪਈ ਨਗਦੀ ਚੋਰੀ ਕਰ ਲਈ। ਇਸ ਤੋਂ ਇਲਾਵਾ ਚੋਰ ਦੁਕਾਨ ਵਿੱਚ ਪਿਆ ਨਗਦੀ ਵਾਲਾ ਪਰਸ ਅਤੇ ਨਵੀਂ ਕਰੰਸੀ ਦੇ ਨੋਟਾਂ ਨਾਲ ਤਿਆਰ ਕੀਤੇ ਵੱਡੀ ਗਿਣਤੀ ਹਾਰ ਵੀ ਆਪਣੇ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਸਵੇਰੇ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਖੋਲ੍ਹਣ ਲਈ ਪਹੁੰਚੇ ਤਾਂ ਅੰਦਰ ਸਮਾਨ ਖਿਲਰਿਆ ਹੋਇਆ ਦੇਖ ਕੇ ਸ਼ੱਕ ਹੋਇਆ। ਜਾਂਚ ਕਰਨ ਤੇ ਗੱਲੇ ਟੁੱਟੇ ਹੋਏ ਮਿਲੇ ਅਤੇ ਚੋਰੀ ਦੀ ਵਾਰਦਾਤ ਦਾ ਪਤਾ ਲੱਗਿਆ। ਇਸ ਤੋਂ ਬਾਅਦ ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਉਪਰੰਤ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ। ਦੁਕਾਨ ਮਾਲਕ ਨਿਤੇਸ਼ ਸਿੰਗਲਾ ਨੇ ਦੱਸਿਆ ਕਿ ਅਜੇ ਤੱਕ ਕੁੱਲ ਨੁਕਸਾਨ ਦਾ ਸਹੀ ਅੰਦਾਜ਼ਾ ਨਹੀਂ ਲੱਗ ਸਕਿਆ ਹੈ। ਸਾਰੇ ਹਿਸਾਬ-ਕਿਤਾਬ ਦੀ ਜਾਂਚ ਤੋਂ ਬਾਅਦ ਹੀ ਚੋਰੀ ਹੋਈ ਰਕਮ ਅਤੇ ਹੋਰ ਸਮਾਨ ਦੀ ਅਸਲ ਕੀਮਤ ਬਾਰੇ ਜਾਣਕਾਰੀ ਦਿੱਤੀ ਜਾ ਸਕੇਗੀ। ਇਸ ਘਟਨਾ ਨੇ ਇੱਕ ਵਾਰ ਫਿਰ ਖਨੌਰੀ ਖੇਤਰ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ। ਉੱਧਰ, ਇਸ ਮਾਮਲੇ ਸਬੰਧੀ ਖਨੌਰੀ ਥਾਣਾ ਮੁਖੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।