ਤਿੱਖੀ ਧੁੱਪ ਤੇ ਹੁੰਮਸ ਨੇ ਵਧਾਈਆਂ ਪਰੇਸ਼ਾਨੀਆਂ, ਝੋਨੇ ਦੀ ਰਫ਼ਤਾਰ ਕੀਤੀ ਮੱਠੀ
ਤਿੱਖੀ ਧੁੱਪ ਤੇ ਹੁੰਮਸ ਨੇ ਵਧਾਈਆਂ ਪ੍ਰੇਸ਼ਾਨੀਆਂ, ਝੋਨੇ ਦੀ ਰਫਤਾਰ ਵੀ ਕੀਤੀ ਮੱਠੀ
Publish Date: Sun, 21 Jun 2026 07:23 PM (IST)
Updated Date: Mon, 22 Jun 2026 04:10 AM (IST)

ਦੁਪਹਿਰ ਸਮੇ ਸੁੰਨੀਆਂ ਹੋਣ ਲੱਗੀਆਂ ਸੜਕਾਂ ਤੇ ਗਲੀਆਂ, ਕੰਮਕਾਜ ਹੋਏ ਪ੍ਰਭਾਵਿਤ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਬਾਰਿਸ਼ ਹੋਣ ਦੇ ਨਾਲ ਕੁਝ ਦਿਨ ਗਰਮੀ ਤੋਂ ਰਾਹਤ ਮਿਲਣ ਮਗਰੋਂ ਤਿੱਖੀ ਧੁੱਪ ਅਤੇ ਵਧੀ ਹੁੰਮਸ ਨੇ ਇੱਕ ਵਾਰ ਫੇਰ ਤੋਂ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧਾ ਦਿੱਤੀਆਂ ਹਨ ਅਤੇ ਲੋਕਾਂ ਦੇ ਕੰਮਕਾਜ ਵੀ ਪ੍ਰਭਾਵਿਤ ਹੋਣ ਲੱਗੇ ਹਨ। ਐਤਵਾਰ ਦਾ ਦਿਨ ਹੋਣ ਕਾਰਨ ਦੁਪਹਿਰ ਸਮੇਂ ਸ਼ਹਿਰ ਦੀਆਂ ਜਿਆਦਾਤਰ ਸੜਕਾਂ ਅਤੇ ਗਲੀਆਂ ਸੁੰਨੀਆਂ ਹੀ ਨਜਰ ਆਈਆਂ। ਹਾਲਾਂਕਿ, ਕੁਝ ਦਿਨਾਂ ਤੋਂ ਸਵੇਰ ਸਮੇਂ ਅਸਮਾਨ ਤੇ ਬੱਦਲ ਬਣਨ ਨਾਲ ਮੀਂਹ ਪੈਣ ਦੀ ਉਮੀਦ ਜਾਗਦੀ ਹੈ, ਪ੍ਰੰਤੂ ਜਿਵੇਂ-ਜਿਵੇਂ ਦਿਨ ਚੜਦਾ ਜਾਂਦਾ, ਧੁੱਪ ਦਾ ਕਹਿਰ ਵੀ ਵਧਦਾ ਜਾਂਦਾ ਹੈ ਅਤੇ ਦੁਪਹਿਰ ਤੱਕ ਅਸਮਾਨੋਫ ਅੱਗ ਵਰਾਉਣ ਵਾਲੀ ਗਰਮੀ ਮਹਿਸੂਸ ਹੋਣ ਲਗਦੀ ਹੈ। ਜਿਕਰਯੋਗ ਹੈ ਕਿ ਨੇੜਲੇ ਇਲਾਕਿਆਂ ਭਵਾਨੀਗੜ੍ਹ, ਧੂਰੀ, ਮਾਲੇਰਕੋਟਲਾ ਅਤੇ ਬਰਨਾਲਾ ਵਿੱਚ ਕਈ ਵਾਰ ਮੀਂਹ ਪੈ ਚੁੱਕਾ ਹੈ। ਐਤਵਾਰ ਸਵੇਰੇ ਵੀ ਅਸਮਾਨ ਵਿੱਚ ਕਾਲੇ ਬੱਦਲ ਛਾਏ ਹੋਏ ਸਨ, ਜਿਨ੍ਹਾਂ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਮੀਂਹ ਪਵੇਗਾ, ਪਰ ਕੁਝ ਸਮੇ ਬਾਅਦ ਬੱਦਲ ਖਿੰਡ ਗਏ ਅਤੇ ਧੁੱਪ ਨਿਕਲ ਆਈ ਅਤੇ ਸਾਰਾ ਦਿਨ ਲੋਕਾਂ ਨੂੰ ਤਿੱਖੀ ਧੁੱਪ ਦਾ ਸਾਹਮਣਾ ਕਰਨਾ ਪਿਆ।ਤਿੱਖੀ ਧੁੱਪ ਦੇ ਨਾਲ ਮਹਿਸੂਸ ਹੋਣ ਵਾਲੀ ਹੁੰਮਮਸ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਸਵੇਰ ਤੋਂ ਸ਼ਾਮ ਤੱਕ ਲੋਕ ਪਸੀਨੇ ਨਾਲ ਤਰ ਬ ਤਰ ਹੋ ਰਹੇ ਹਨ। ਐਤਵਾਰ ਨੂੰ ਸੰਗਰੂਰ ਦਾ ਵੱਧ ਤੋਂ ਵੱਧ ਤਾਪਮਾਨ ਬੇਸ਼ੱਕ 36 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪ੍ਰੰਤੂ ਤਿੱਖੀ ਧੁੱਪ ਕਾਰਨ ਇਹ 42 ਡਿਗਰੀ ਸੈਲਸੀਅਸ ਮਹਿਸੂਸ ਹੋ ਰਿਹਾ ਸੀ। ਮੌਸਮ ਵਿਭਾਗ ਅਨੁਸਾਰ ਆਉਣ ਕੁਝ ਦਿਨਾਂ ਵਿੱਚ ਮੌਮਸ ਅਜਿਹਾ ਹੀ ਬਣੇ ਰਹਿਣ ਦੇ ਅਸਾਰ ਹਨ ਅਤੇ ਲੋਕਾਂ ਨੂੰ ਤੇਜ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਦੂਜੇ ਪਾਸੇ, ਪਿਛਲੇ ਦਿਨਾਂ ਤੋ ਤੇਜੀ ਨਾਲ ਚੱਲ ਰਹੇ ਝੋਨੇ ਦੀ ਬਿਜਾਈ ਦੇ ਕੰਮ ਨੂੰ ਵਧੀ ਗਰਮੀ ਨੇ ਮੱਠਾ ਕਰ ਦਿੱਤਾ ਹੈ ਅਤੇ ਝੋਨਾ ਲੁਆਈ ਦੀ ਰਫਤਾਰ ਪਹਿਲਾਂ ਨਾਲੋ ਥੋੜੀ ਹੋ ਗਈ ਹੈ। ਕਿਸਾਨਾਂ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਸਵੇਰੇ ਅਸਮਾਨ ਤੇ ਬੱਦਲ ਤਾਂ ਛਾ ਜਾਂਦੇ ਹਨ, ਪਰ ਬਿਨਾਂ ਮੀਂਹ ਵਰ੍ਹੇ ਹੀ ਅੱਗੇ ਲੰਘ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਨਜ਼ਰ ਆ ਰਹੀਆਂ ਹਨ। ਕੁਝ ਦਿਨ ਪਹਿਲਾਂ ਹੋਈ ਹਲਕੀ ਬੂੰਦਾਬਾਂਦੀ ਨੇ ਝੋਨੇ ਦੇ ਸੀਜ਼ਨ ਵਿੱਚ ਨਵੀਂ ਜਾਨ ਪਾਈ ਸੀ, ਪਰ ਹੁਣ ਹੌਲੀ-ਹੌਲੀ ਸੀਜ਼ਨ ਦੀ ਰਫ਼ਤਾਰ ਮੁੜ ਮੱਠੀ ਪੈਂਦੀ ਦਿਖਾਈ ਦੇ ਰਹੀ ਹੈ। ਜਿਸਨੂੰ ਲੈ ਕੇ ਕਿਸਾਨ ਚਿੰਤਾ ਵਿੱਚ ਹਨ। ਇਸ ਤੋਂ ਇਲਾਵਾ ਜਿਨ੍ਹਾਂ ਕਿਸਾਨਾਂ ਦੇ ਖੇਤਾਂ ਵਿੱਚ ਹਾਲੇ ਮੱਕੀ ਦੀ ਫ਼ਸਲ ਖੜ੍ਹੀ ਹੈ, ਉਹ ਉਸ ਦੀ ਕਟਾਈ ਤੋਂ ਬਾਅਦ ਹੀ ਝੋਨਾ ਲਾਉਣਗੇ। ਇਸ ਕਾਰਨ ਕਈ ਕਿਸਾਨਾਂ ਨੂੰ ਹਾਲੇ ਕੁਝ ਦਿਨ ਹੋਰ ਉਡੀਕ ਕਰਨੀ ਪਵੇਗੀ।