ਹੁੰਮਸ ਭਰੀ ਗਰਮੀ ਤੇਜ਼ ਧੁੱਪ ਨੇ ਕੀਤਾ ਬੇਹਾਲ
ਹੁੰਮਸ ਭਰੀ ਗਰਮੀ ਤੇਜ਼ ਧੁੱਪ ਨੇ ਕੀਤਾ ਬੇਹਾਲ
Publish Date: Sun, 28 Jun 2026 04:16 PM (IST)
Updated Date: Mon, 29 Jun 2026 04:02 AM (IST)

ਸੱਤਪਾਲ ਸਿੰਘ ਕਾਲਾਬੂਲਾ ਪੰਜਾਬੀ ਜਾਗਰਣ, ਮਾਲੇਰਕੋਟਲਾ : ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਅੰਤਾਂ ਦੀ ਗਰਮੀ ਤੇ ਹੁੰਮਸ ਨੇ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਕੀਤਾ ਹੋਇਆ ਹੈ। ਜਿੱਥੇ ਸ਼ਾਮ ਨੂੰ ਬੱਦਲਵਾਈ ਹੋਣ ਕਾਰਨ ਲੋਕਾਂ ਨੂੰ ਮੀਂਹ ਦੀ ਆਸ ਵੱਜਦੀ ਹੈ, ਉੱਥੇ ਦੂਸਰੇ ਦਿਨ ਫੇਰ ਸਵੇਰ ਦੀ ਹੱਡ ਚੀਰ ਵੀ ਧੁੱਪ ਲੋਕਾਂ ਨੂੰ ਘਰਾਂ ’ਚ ਵੜਨ ਲਈ ਮਜ਼ਬੂਰ ਕਰਦੀ ਹੈ। ਤਾਪਮਾਨ ਘਟਣ ਦੀ ਬਜਾਏ ਲਗਾਤਾਰ ਛਾਲ ਮਾਰਦਿਆਂ 38 ਡਿਗਰੀ ਸੈਲਸੀਅਸ ਨੂੰ ਪਾਰ ਕਰ ਜਾਂਦਾ ਹੈ। ਜਦੋਂ ਕਿ ਘੱਟੋ-ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ’ਚ ਵੀ ਤਾਪਮਾਨ ਵਿੱਚ ਗਿਰਾਵਟ ਦੀ ਕੋਈ ਸੰਭਾਵਨਾ ਨਹੀਂ ਹੈ, ਸਗੋਂ ਇਹ ਹੋਰ ਵੱਧ ਸਕਦਾ ਹੈ। ਤੇਜ਼ ਧੁੱਪ ਦੇ ਨਾਲ ਹੀ ਹਵਾ ਵਿੱਚ ਨਮੀ ਦੀ ਮਾਤਰਾ ਦਾ ਪੱਧਰ 35 ਫੀਸਦੀ ’ਤੇ ਪਹੁੰਚ ਗਿਆ। ਇਸ ਕਾਰਨ ਹੁੰਮਸ ਭਰੀ ਗਰਮੀ ਨੇ ਲੋਕਾਂ ਦਾ ਦਮ ਘੋਟ ਦਿੱਤਾ ਹੈ। ਉੱਥੇ ਹੀ ਛੇ ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੇ ਲੂ ਦੇ ਝੱਖੜਾਂ ਨੇ ਪੂਰਾ ਦਿਨ ਲੋਕਾਂ ਨੂੰ ਝੁਲਸਾਈ ਰੱਖਿਆ। ਸੜਕਾਂ ’ਤੇ ਸੁੰਨਸਾਨ ਛਾਈ ਰਹੀ ਤੇ ਦੁਪਹਿਰ ਦੇ ਸਮੇਂ ਤਾਂ ਜਾਨਵਰ ਵੀ ਰੁੱਖਾਂ ਦੀ ਛਾਂ ’ਚ ਪਨਾਹ ਲੈਂਦੇ ਨਜ਼ਰ ਆਏ। ਚਿਲਚਿਲਾਉਂਦੀ ਧੁੱਪ ਤੇ ਲੂ ਕਾਰਨ ਬਜ਼ਾਰਾਂ ’ਚ ਵੀ ਰੌਣਕ ਘਟ ਗਈ। ਲੋਕਾਂ ਨੇ ਗਰਮੀ ਤੋਂ ਬਚਣ ਲਈ ਛੱਤਰੀਆਂ, ਐਨਕਾਂ ਤੇ ਸਿਰ ਤੇ ਕੱਪੜਾ ਬੰਨ੍ਹਣ ਦਾ ਸਹਾਰਾ ਲਿਆ, ਪਰ ਧੁੱਪ ਇੰਨੀ ਤੇਜ਼ ਸੀ ਕਿ ਕੁਝ ਹੀ ਦੇਰ ਵਿੱਚ ਉਹ ਪਸੀਨੇ ਨਾਲ ਤਰ-ਬਤਰ ਹੋ ਗਏ। ਸਬਜ਼ੀ ਵਿਕਰੇਤਾ ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਸਵੇਰ ਦੇ 10 ਵਜੇ ਤੋਂ ਹੀ ਪੂਰੀ ਤੇਜ਼ ਗਰਮੀ ਪੈਣੀ ਸ਼ੁਰੂ ਹੋ ਜਾਂਦੀ ਹੈ। ਇਸ ਨਾਲ ਜਿੱਥੇ ਸ਼ਾਮ ਦੇ 4 ਵਜੇ ਤੋਂ ਬਾਅਦ ਹੀ ਜ਼ਿਆਦਾਤਰ ਗਾਹਕ ਸਬਜ਼ੀ ਦੀ ਖ਼ਰੀਦ ਕਰਦੇ ਹਨ। ਜ਼ਿਆਦਾ ਗਰਮੀ ਪੈਣ ਕਾਰਨ ਉਨ੍ਹਾਂ ਦੀਆਂ ਸਬਜ਼ੀਆਂ ਵੀ ਸੁੱਕ ਜਾਂਦੀਆਂ ਹਨ। ਪਿਛਲੇ ਲੰਘੇ ਕਈ ਦਿਨਾਂ ਬਾਅਦ ਵਰਖਾ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਸੀ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜਾ ਸੁੱਖ ਦਾ ਸਾਹ ਮਿਲਿਆ ਸੀ ਪਰ ਹੁਣ ਮੌਸਮ ਨੇ ਫਿਰ ਕਰਵਟ ਬਦਲ ਲਈ ਹੈ। ਮੌਸਮ ਵਿਭਾਗ ਅਨੁਸਾਰ ਅਚਾਨਕ ਤਾਪਮਾਨ ਵਿੱਚ ਇਹ ਵਾਧਾ ਮੌਸਮੀ ਤਬਦੀਲੀ ਦਾ ਹਿੱਸਾ ਹੈ, ਪਰ ਇਹ ਆਮ ਦਿਨਾਂ ਦੇ ਮੁਕਾਬਲੇ ਕਿਤੇ ਵੱਧ ਗਰਮ ਹੈ।