ਗਰਮੀ ਨੇ ਕੱਢੇ ਵੱਟ , ਪਾਰਾ 43 ਡਿਗਰੀ ਦੇ ਨੇੜੇ ਪੁੱਜਾ
ਗਰਮੀ ਨੇ ਕੱਢੇ ਵੱਟ , ਪਾਰਾ 43 ਦੇ ਨੇੜੇ ਪੁੱਜਾ
Publish Date: Tue, 09 Jun 2026 04:23 PM (IST)
Updated Date: Wed, 10 Jun 2026 04:03 AM (IST)

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਜ਼ਿਲ੍ਹੇ ’ਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਨੇ ਲੋਕਾਂ ਦੇ ਵੱਟ ਕੱਢ ਕੇ ਰੱਖੇ ਹੋਏ ਹਨ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਧਦਾ ਤਾਪਮਾਨ ਜਨਜੀਵਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸੂਰਜ ਚੜ੍ਹਦੇ ਹੀ ਝੁਲਸਾਉਣ ਵਾਲੀ ਗਰਮੀ ਸ਼ੁਰੂ ਹੋ ਜਾਂਦੀ ਹੈ ਤੇ ਦਿਨ ਚੜ੍ਹਨ ਨਾਲ ਇਹ ਹੋਰ ਬੇਕਾਬੂ ਹੋ ਜਾਂਦੀ ਹੈ। ਵੱਧ ਰਹੇ ਤਾਪਮਾਨ ਕਾਰਨ ਪੰਛੀ ਵੀ ਤਪਸ ਦਾ ਸ਼ਿਕਾਰ ਹੋ ਰਹੇ ਹਨ। ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 40 ਸੀ ਜਦਕਿ ਮੰਗਲਵਾਰ ਨੂੰ 3 ਡਿਗਰੀ ਪਾਰਾ ਵਧਣ ਕਰਕੇ 43 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ ਹੈ ਜਿਸ ਨਾਲ ਆਮ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਸਵੇਰੇ 10:30 ਵਜੇ ਹੀ ਸੜਕਾਂ ਸੁੰਨੀਆਂ ਹੋਣ ਲੱਗਦੀਆਂ ਹਨ। ਲੋਕ ਜ਼ਰੂਰੀ ਕੰਮਾਂ ਲਈ ਹੀ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਜੇਕਰ ਨਿਕਲਦੇ ਵੀ ਹਨ ਤਾਂ ਉਨ੍ਹਾਂ ਦੇ ਮੂੰਹ ਪੂਰੀ ਤਰ੍ਹਾਂ ਢਕੇ ਹੁੰਦੇ ਹਨ। ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀ ਪ੍ਰਗਟਾਈ ਹੈ। ਮੌਸਮ ਵਿਭਾਗ ਅਨੁਸਾਰ ਲੂ ਚੱਲਣ ਅਤੇ ਤਾਪਮਾਨ ਵਿੱਚ ਹੋਰ ਵਾਧਾ ਹੋਣ ਦੀ ਆਸ਼ੰਕਾ ਹੈ। ਇਸ ਭਿਆਨਕ ਗਰਮੀ ਤੋਂ ਬਚਣ ਲਈ ਲੋਕਾਂ ਨੇ ਠੰਡੇ ਇਲਾਕਿਆਂ ਦਾ ਰੁਖ ਕਰਨਾ ਸ਼ੁਰੂ ਕਰ ਦਿੱਤਾ ਹੈ। ਮਨਾਲੀ, ਸ਼ਿਮਲਾ, ਧਰਮਸ਼ਾਲਾ, ਡਲਹੌਜ਼ੀ ਵਰਗੇ ਸੈਰ-ਸਪਾਟਾ ਸਥਾਨਾਂ ’ਤੇ ਲੋਕਾਂ ਦੀ ਆਵਾਜਾਈ ਵਧਦੀ ਜਾ ਰਹੀ ਹੈ। ਘੁੰਮਣ-ਫਿਰਨ ਦੇ ਨਾਲ-ਨਾਲ ਬਹੁਤ ਸਾਰੇ ਲੋਕ ਕੁਝ ਦਿਨਾਂ ਲਈ ਰਾਹਤ ਦੀ ਭਾਲ ਵਿੱਚ ਇਨ੍ਹਾਂ ਥਾਵਾਂ ਤੇ ਸ਼ਿਫਟ ਹੋ ਰਹੇ ਹਨ। ਡਾਕਟਰਾਂ ਨੇ ਵੀ ਲੋਕਾਂ ਨੂੰ ਵਿਸ਼ੇਸ਼ ਸਲਾਹ ਜਾਰੀ ਕੀਤੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਦੇ ਵਿਚਕਾਰ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣ ਤੋਂ ਬਚਣਾ ਚਾਹੀਦਾ ਹੈ। ਜੇਕਰ ਅਤਿ ਜ਼ਰੂਰੀ ਹੋਵੇ ਤਾਂ ਹੀ ਇਸ ਸਮੇਂ ਵਿੱਚ ਬਾਹਰ ਜਾਣ ਉਹ ਵੀ ਸਿਰ ਉੱਤੇ ਕੱਪੜਾ, ਛੱਤਰੀ ਜਾਂ ਟੋਪੀ ਜ਼ਰੂਰ ਲੈ ਕੇ ਜਾਣ। ਉਨ੍ਹਾਂ ਨੇ ਭਰਪੂਰ ਮਾਤਰਾ ਵਿੱਚ ਪਾਣੀ ਪੀਣ, ਲੱਸੀ, ਨਿੰਬੂ ਪਾਣੀ ਅਤੇ ਸਰੀਰ ਨੂੰ ਹਾਈਡਰੇਟ ਰੱਖਣ ਵਾਲੀਆਂ ਚੀਜ਼ਾਂ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਹੈ। ਨਾਲ ਹੀ ਧੁੱਪ ਵਿੱਚ ਨਿਕਲਣ ਤੋਂ ਪਹਿਲਾਂ ਪੂਰੀ ਬਾਂਹ ਦੇ ਕੱਪੜੇ ਪਾਉਣ, ਚਸ਼ਮੇ ਦੀ ਵਰਤੋਂ ਕਰਨ ਅਤੇ ਸਨਸਕ੍ਰੀਨ ਲਾਉਣ ਦੀ ਵੀ ਸਲਾਹ ਦਿੱਤੀ ਗਈ ਹੈ। ਗਰਮੀ ਦੇ ਕਾਰਨ ਬਾਜ਼ਾਰਾਂ ਵਿੱਚ ਵੀ ਸੰਨਾਟਾ ਪਸਰਿਆ ਹੋਇਆ ਹੈ। ਦੁਕਾਨਦਾਰ ਗਾਹਕਾਂ ਦੀ ਘਾਟ ਕਾਰਨ ਪਰੇਸ਼ਾਨ ਹਨ। ਉੱਥੇ ਹੀ ਪਸ਼ੂ ਪਾਲਕਾਂ ਨੂੰ ਵੀ ਆਪਣੇ ਪਸ਼ੂਆਂ ਲਈ ਪਾਣੀ ਅਤੇ ਛਾਂ ਦਾ ਉਚਿਤ ਪ੍ਰਬੰਧ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਫਿਲਹਾਲ ਆਉਣ ਵਾਲੇ ਦਿਨਾਂ ਵਿੱਚ ਹੋਰ ਗਰਮੀ ਵਧਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ, ਅਜਿਹੇ ਵਿੱਚ ਸਾਵਧਾਨੀ ਹੀ ਬਚਾਅ ਦਾ ਸਭ ਤੋਂ ਕਾਰਗਰ ਉਪਾਅ ਹੈ।