- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਾਜ਼ਾ ਅੰਕੜਿਆਂ ਮੁਤਾਬਕ ਜਲੰਧਰ ਸੂਬੇ ’ਚ ਸਭ ਤੋਂ ਪ੍ਰਦੂਸ਼ਿਤ ਰਿਹਾ। ਇੱਥੇ ਏਕਿਊਆਈ 251 ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਜੋਂ ਜਾਣੇ ਜਾਂਦੇ ਖੰਨਾ ’ਚ 214 ਤੇ ਸਨਅਤੀ ਨਗਰ ਲੁਧਿਆਣਾ ’ਚ 209 ਦਾ ਅੰਕੜਾ ਰਿਹਾ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਸਰਦੀਆਂ ਦੀ ਦਸਤਕ ਦੇ ਨਾਲ ਹੀ ਪੰਜਾਬ ਦੀ ਆਬੋ-ਹਵਾ ’ਤੇ ਤਣੀ ਪ੍ਰਦੂਸ਼ਣ ਦੀ ਸੰਘਣੀ ਚਾਦਰ ਹਟਣ ਦਾ ਨਾਮ ਨਹੀਂ ਲੈ ਰਹੀ ਹੈ। ਝੋਨੇ ਦੀ ਵਾਢੀ ਆਖਰੀ ਪੜਾਅ ’ਤੇ ਹੈ ਪਰ ਪਰਾਲੀ ਸਾੜਨ ਕਾਰਨ ਖੇਤਾਂ ’ਚੋਂ ਨਿਕਲਿਆ ਧੂੰਏਂ ਤੇ ਪਟਾਕਿਆਂ ਕਾਰਨ ਹੋਏ ਪ੍ਰਦੂਸ਼ਣ ਨਾਲ ਹੁਣ ਸ਼ਹਿਰਾਂ ਦਾ ਵੀ ਸਾਹ ਵੀ ਫੁੱਲਣ ਲੱਗਿਆ ਹੈ। ਸਥਿਤੀ ਚਿੰਤਾ ਦੀ ਹੱਦ ਤੱਕ ਪੁੱਜ ਗਈ ਹੈ।
ਤਾਜ਼ਾ ਅੰਕੜਿਆਂ ਮੁਤਾਬਕ ਜਲੰਧਰ ਸੂਬੇ ’ਚ ਸਭ ਤੋਂ ਪ੍ਰਦੂਸ਼ਿਤ ਰਿਹਾ। ਇੱਥੇ ਏਕਿਊਆਈ 251 ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਜੋਂ ਜਾਣੇ ਜਾਂਦੇ ਖੰਨਾ ’ਚ 214 ਤੇ ਸਨਅਤੀ ਨਗਰ ਲੁਧਿਆਣਾ ’ਚ 209 ਦਾ ਅੰਕੜਾ ਰਿਹਾ। ਇਹ ਤਿੰਨੇ ਸ਼ਹਿਰ ਹਵਾ ਦੀ ਗੁਣਵੱਤਾ ਦੇ ਲਿਹਾਜ਼ ਨਾਲ ‘ਮਾੜੀ’ ਸ੍ਰੇਣੀ ’ਚ ਸ਼ਾਮਲ ਹੋ ਗਏ ਹਨ। ਦੂਜੇ ਪਾਸੇ ਅੰਮ੍ਰਿਤਸਰ ’ਚ ਏਕਿਊਆਈ 192, ਪਟਿਆਲਾ ’ਚ 162 ਤੇ ਮੰਡੀ ਗੋਬਿੰਦਗੜ੍ਹ ’ਚ 143 ਦਰਜ ਕੀਤਾ ਗਿਆ, ਜੋ ਕਿ ‘ਦਰਮਿਆਨੀ’ ਪਰ ਸੰਵੇਦਨਸ਼ੀਲ ਲੋਕਾਂ ਲਈ ਚਿੰਤਾਜਨਕ ਸ੍ਰੇਣੀ ’ਚ ਆਉਂਦਾ ਹੈ। ਰਾਹਤ ਵਾਲੀ ਗੱਲ ਇਹ ਰਹੀ ਕਿ ਰੂਪਨਗਰ ਜ਼ਿਲ੍ਹੇ ’ਚ ਏਕਿਊਆਈ 45 ਦਰਜ ਹੋਇਆ, ਜੋ ਹਵਾ ਦੀ ‘ਚੰਗੀ’ ਸ਼੍ਰੇਣੀ ਨੂੰ ਦਰਸਾਉਂਦਾ ਹੈ।
ਓਧਰ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਵੀ ਕਮੀ ਨਹੀਂ ਆ ਰਹੀ। ਤਾਜ਼ਾ ਰਿਪੋਰਟ ਮੁਤਾਬਕ ਸੂਬੇ ’ਚ 32.87 ਲੱਖ ਹੈਕਟੇਅਰ ’ਚੋਂ 96.19 ਫ਼ੀਸਦੀ ਰਕਬੇ ’ਚ ਝੋਨੇ ਦੀ ਵਾਢੀ ਹੋ ਚੁੱਕੀ ਹੈ। ਇਸਰੋ ਪ੍ਰੋਟੋਕੋਲ ਮੁਤਾਬਕ ਹੁਣ ਤੱਕ ਅੱਗ ਲੱਗਣ ਦੀਆਂ ਕੁੱਲ 5,002 ਘਟਨਾਵਾਂ ਸੈਟੇਲਾਈਟ ਰਾਹੀਂ ਰਿਕਾਰਡ ਕੀਤੀਆਂ ਗਈਆਂ। ਜ਼ਿਲ੍ਹਾ ਪੱਧਰ ’ਤੇ ਨਜ਼ਰ ਮਾਰੀਏ ਤਾਂ ਮਾਲਵਾ ਤੇ ਮਾਝਾ ਖੇਤਰ ਦੇ ਜ਼ਿਲ੍ਹਿਆਂ ’ਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਫਿਰੋਜ਼ਪੁਰ ਜ਼ਿਲ੍ਹੇ ’ਚ ਹੁਣ ਤੱਕ ਸਭ ਤੋਂ ਵੱਧ 654 ਘਟਨਾਵਾਂ ਸਾਹਮਣੇ ਆਈਆਂ, ਜਦਕਿ ਤਰਨਤਾਰਨ ’ਚ 576, ਸੰਗਰੂਰ ’ਚ 566 ਤੇ ਬਠਿੰਡਾ ’ਚ 439 ਥਾਵਾਂ ’ਤੇ ਅੱਗ ਲੱਗਣ ਦੀ ਪੁਸ਼ਟੀ ਹੋਈ ਹੈ।
ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ’ਤੇ ਕਾਰਵਾਈ : ਅੱਗ ਲੱਗਣ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਪ੍ਰਸ਼ਾਸਨ ਨੇ ਸ਼ਿਕੰਜਾ ਕਸਿਆ ਹੈ। ਅਧਿਕਾਰੀਆਂ ਨੇ 1,974 ਮਾਮਲਿਆਂ ’ਚ ਲਗਭਗ 79.75 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ, ਜਿਸ ’ਚੋਂ ਹੁਣ ਤੱਕ 36.40 ਲੱਖ ਰੁਪਏ ਦੀ ਰਕਮ ਵਸੂਲ ਕਰ ਲਈ ਗਈ ਹੈ। ਕੁੱਲ 1,155 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 1,342 ਕਿਸਾਨਾਂ ਦੇ ਜ਼ਮੀਨੀ ਰਿਕਾਰਡ ’ਚ ਲਾਲ ਇੰਦਰਾਜ ਦਰਜ ਕੀਤੇ ਗਏ ਹਨ। ਡਿਊਟੀ ਦੌਰਾਨ ਢਿੱਲ-ਮੱਠ ਵਰਤਣ ਵਾਲੇ ਨੋਡਲ ਤੇ ਸੁਪਰਵਾਈਜ਼ਰੀ ਅਫ਼ਸਰਾਂ ਨੂੰ 1,247 ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ ਤੇ ਸੀਏਕਿਊਐੱਮ ਐਕਟ ਦੀ ਧਾਰਾ 14 ਤਹਿਤ 18 ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਗਈ ਹੈ।