ਸੁਖਬੀਰ ਬਾਦਲ ਦਾ ਵੱਡਾ ਬਿਆਨ: ਪਾਰਟੀ ਛੱਡ ਕੇ ਜਾਣ ਵਾਲੇ ਹੁਣ ਵਾਪਸੀ ਲਈ ਕਰ ਰਹੇ ਹਨ ਫੋਨ ਪਰ....
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ 'ਤੇ 25 ਸਾਲ ਰਾਜ ਕੀਤਾ ਪਰ ਸੂਬੇ ਦਾ ਭਲਾ ਕਰਨ ਦੀ ਬਜਾਏ ਇਸ ਨੂੰ ਲੁੱਟਿਆ। ਪੰਜਾਬ ਦੀ ਆਪਣੀ ਰਾਜਧਾਨੀ ਨਾ ਹੋਣਾ ਅਤੇ ਪਾਣੀਆਂ ਦੇ ਹੱਕਾਂ ਦਾ ਮਾਰਿਆ ਜਾਣਾ ਕਾਂਗਰਸ ਦੀਆਂ ਗਲਤ ਨੀਤੀਆਂ ਦਾ ਨਤੀਜਾ ਹੈ। 'ਆਪ' 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਸੱਤਾ ਦਾ ਸੁਖ ਮਾਨਣਾ ਚਾਹੁੰਦੀ ਹੈ।
Publish Date: Thu, 19 Mar 2026 02:30 PM (IST)
Updated Date: Thu, 19 Mar 2026 02:35 PM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਸਮਾਣਾ/ਪਟਿਆਲਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸਮਾਣਾ ਵਿਖੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਛੱਡ ਕੇ ਜਾਣ ਵਾਲੇ ਆਗੂਆਂ 'ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੋ ਲੋਕ ਔਖੇ ਸਮੇਂ ਪਾਰਟੀ ਨੂੰ ਪਿੱਠ ਦਿਖਾ ਕੇ ਭੱਜ ਗਏ ਸਨ, ਉਹ ਹੁਣ ਵਾਪਸੀ ਲਈ ਟੈਲੀਫ਼ੋਨ ਕਰਕੇ ਮਿੰਨਤਾਂ ਕਰ ਰਹੇ ਹਨ, ਪਰ ਹੁਣ ਉਨ੍ਹਾਂ ਲਈ ਪਾਰਟੀ ਵਿੱਚ ਕੋਈ ਥਾਂ ਨਹੀਂ ਹੈ।
ਸੁਖਬੀਰ ਸਿੰਘ ਬਾਦਲ ਨੇ ਕਿਸੇ ਦਾ ਸਿੱਧਾ ਨਾਮ ਲਏ ਬਿਨਾਂ (ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵੱਲ ਇਸ਼ਾਰਾ ਕਰਦਿਆਂ) ਪਾਰਟੀ ਦੇ ਸਮਾਣਾ ਤੋਂ ਸਾਬਕਾ ਵਿਧਾਇਕ ਜਿਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਮਾਣ-ਸਤਿਕਾਰ ਦਿੱਤਾ ਅਤੇ ਮੰਤਰੀ ਬਣਾਇਆ, ਉਹ ਹੀ ਮੌਕਾਪ੍ਰਸਤੀ ਦਿਖਾਉਂਦਿਆਂ ਪਾਰਟੀ ਨੂੰ ਛੱਡ ਗਏ। ਉਨ੍ਹਾਂ ਐਲਾਨ ਕੀਤਾ ਕਿ ਪਾਰਟੀ ਛੱਡਣ ਵਾਲਿਆਂ ਦੀ ਹੁਣ ਵਾਪਸੀ ਸੰਭਵ ਨਹੀਂ। ਸਮਾਣਾ ਹਲਕੇ ਦਾ ਨਵਾਂ ਇੰਚਾਰਜ ਹੀ ਆਉਣ ਵਾਲੀਆਂ ਚੋਣਾਂ ਵਿੱਚ ਇੱਥੋਂ ਦਾ ਉਮੀਦਵਾਰ ਅਤੇ ਵਿਧਾਇਕ ਬਣੇਗਾ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ 'ਤੇ 25 ਸਾਲ ਰਾਜ ਕੀਤਾ ਪਰ ਸੂਬੇ ਦਾ ਭਲਾ ਕਰਨ ਦੀ ਬਜਾਏ ਇਸ ਨੂੰ ਲੁੱਟਿਆ। ਪੰਜਾਬ ਦੀ ਆਪਣੀ ਰਾਜਧਾਨੀ ਨਾ ਹੋਣਾ ਅਤੇ ਪਾਣੀਆਂ ਦੇ ਹੱਕਾਂ ਦਾ ਮਾਰਿਆ ਜਾਣਾ ਕਾਂਗਰਸ ਦੀਆਂ ਗਲਤ ਨੀਤੀਆਂ ਦਾ ਨਤੀਜਾ ਹੈ। 'ਆਪ' 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਸੱਤਾ ਦਾ ਸੁਖ ਮਾਨਣਾ ਚਾਹੁੰਦੀ ਹੈ।
ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਜਿੰਨਾ ਵੀ ਵਿਕਾਸ ਹੋਇਆ ਹੈ, ਉਹ ਸਿਰਫ਼ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਹੋਇਆ ਹੈ। ਉਨ੍ਹਾਂ ਕਿਹਾ ਕਿ ਕਈ ਲੋਕ ਲਾਲਚ ਵੱਸ ਕੇਂਦਰ ਦੀਆਂ ਪਾਰਟੀਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਅਕਾਲੀ ਦਲ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਪਰ ਅਕਾਲੀ ਦਲ ਦੀ ਹੋਂਦ ਨੂੰ ਕੋਈ ਨਹੀਂ ਮਿਟਾ ਸਕਦਾ ਕਿਉਂਕਿ ਇਹ ਪੰਜਾਬ ਅਤੇ ਪੰਜਾਬੀਆਂ ਦੀ ਆਪਣੀ ਨੁਮਾਇੰਦਾ ਜਥੇਬੰਦੀ ਹੈ।