ਪੰਜਾਬੀ ਯੂਨੀਵਰਸਿਟੀ ’ਚ ਡਿਗਰੀਆਂ ਲੈਣ ਲਈ ਖੱਜਲ ਹੋ ਰਹੇ ਵਿਦਿਆਰਥੀ, ਕਾਗਜ਼ ਮੁੱਕਣ ਕਾਰਨ ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ
ਇਸ ਸੰਕਟ ਦੀ ਮਾਰ ਝੱਲ ਰਹੀ ਇੱਕ ਵਿਦਿਆਰਥਣ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਸ ਨੇ ਯੂਨੀਵਰਸਿਟੀ ਤੋਂ ਐਮ.ਫਿਲ ਦੀ ਪੜ੍ਹਾਈ ਮੁਕੰਮਲ ਕੀਤੀ ਸੀ। ਪਿਛਲੇ ਸਾਲ ਉਸ ਨੂੰ ਡਿਗਰੀ ਤਾਂ ਮਿਲੀ, ਪਰ ਉਸ ਵਿਚ ਨਾਮ ਦੀ ਗਲਤੀ ਸੀ।
Publish Date: Sat, 21 Feb 2026 11:09 AM (IST)
Updated Date: Sat, 21 Feb 2026 11:11 AM (IST)

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਵਿੱਦਿਅਕ ਖੇਤਰ ’ਚ ਵੱਡਾ ਨਾਮ ਰੱਖਣ ਵਾਲੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਨੀਂ ਦਿਨੀਂ ਇਕ ਅਜੀਬੋ-ਗਰੀਬ ਸੰਕਟ ਦਾ ਸਾਹਮਣਾ ਕਰ ਰਹੀ ਹੈ। ਯੂਨੀਵਰਸਿਟੀ ਪ੍ਰਸ਼ਾਸਨ ਕੋਲ ਡਿਗਰੀਆਂ ਛਾਪਣ ਲਈ ਲੋੜੀਂਦਾ ਵਿਸ਼ੇਸ਼ ਕਾਗਜ਼ ਖਤਮ ਹੋ ਚੁੱਕਾ ਹੈ, ਜਿਸ ਕਾਰਨ ਪੜ੍ਹਾਈ ਪੂਰੀ ਕਰ ਚੁੱਕੇ ਹਜ਼ਾਰਾਂ ਵਿਦਿਆਰਥੀ ਆਪਣੀਆਂ ਅਸਲ ਡਿਗਰੀਆਂ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹਨ। ਇਸ ਸੰਕਟ ਦੀ ਮਾਰ ਝੱਲ ਰਹੀ ਇੱਕ ਵਿਦਿਆਰਥਣ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਸ ਨੇ ਯੂਨੀਵਰਸਿਟੀ ਤੋਂ ਐਮ.ਫਿਲ ਦੀ ਪੜ੍ਹਾਈ ਮੁਕੰਮਲ ਕੀਤੀ ਸੀ। ਪਿਛਲੇ ਸਾਲ ਉਸ ਨੂੰ ਡਿਗਰੀ ਤਾਂ ਮਿਲੀ, ਪਰ ਉਸ ਵਿਚ ਨਾਮ ਦੀ ਗਲਤੀ ਸੀ। ਇਸ ਗਲਤੀ ਨੂੰ ਸੁਧਾਰਨ ਲਈ ਉਸ ਨੇ ਅਗਸਤ 2025 ਵਿਚ ਆਪਣੀ ਡਿਗਰੀ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਵਿਚ ਜਮ੍ਹਾਂ ਕਰਵਾਈ ਸੀ। ਵਿਦਿਆਰਥਣ ਅਨੁਸਾਰ, ਉਸ ਸਮੇਂ ਕਰਮਚਾਰੀਆਂ ਨੇ ਕਾਗਜ਼ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਡਿਗਰੀ ਦੇਣ ਤੋਂ ਅਸਮਰਥਤਾ ਜਤਾਈ ਸੀ। ਅੱਜ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਪੀੜਤ ਵਿਦਿਆਰਥਣ, ਜੋ ਇਸ ਵੇਲੇ ਇਕ ਕਾਲਜ ਵਿਚ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੀ ਹੈ, ਨੇ ਦੱਸਿਆ ਕਿ ਡਿਗਰੀ ਨਾ ਹੋਣ ਕਾਰਨ ਉਸ ਦੀ ਤਰੱਕੀ ਰੁਕੀ ਹੋਈ ਹੈ। ਯੂਨੀਵਰਸਿਟੀ ਦੀ ਇਸ ਲਾਪਰਵਾਹੀ ਦਾ ਖਮਿਆਜ਼ਾ ਉਸ ਨੂੰ ਆਪਣੇ ਕਰੀਅਰ ਵਿੱਚ ਭੁਗਤਣਾ ਪੈ ਰਿਹਾ ਹੈ।
ਮਸਲੇ ਦਾ ਹੱਲ ਹੋਇਆ : ਉਪ ਕੁਲਪਤੀ
ਪੰਜਾਬੀ ਯੂਨੀਵਰਸਿਟੀ ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਮਸਲਾ ਹੱਲ ਹੋ ਚੁੱਕਿਆ ਹੈ। ਜਦੋਂ ਇਸ ਸਬੰਧੀ ਯੂਨੀਵਰਸਿਟੀ ਪਬਲੀਕੇਸ਼ਨ ਸ਼ਾਖਾ ਨਾਲ ਸੰਪਰਕ ਕੀਤਾ ਗਿਆ ਤਾਂ ਅਧਿਕਾਰੀਆਂ ਨੇ ਮੰਨਿਆ ਕਿ ਪਿਛਲੇ ਸਮੇਂ ਵਿਚ ਕੁਝ ਕਾਗਜ਼ ਦੀ ਕਿੱਲਤ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਡਿਗਰੀਆਂ ਲਈ ਲੋੜੀਂਦੇ ਵਿਸ਼ੇਸ਼ ਕਾਗਜ਼ ਦੀ ਖਰੀਦ ਲਈ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਭੇਜਿਆ ਗਿਆ ਸੀ। ਸ਼ਾਖਾ ਅਨੁਸਾਰ ਹੁਣ ਕਾਗਜ਼ ਲਈ ਆਰਡਰ ਜਾਰੀ ਕਰ ਦਿੱਤਾ ਹੈ ਤੇ ਉਮੀਦ ਹੈ ਕਿ ਜਲਦ ਹੀ ਕਾਗਜ਼ ਦੀ ਸਪਲਾਈ ਪ੍ਰਾਪਤ ਹੋ ਜਾਵੇਗੀ। ਦਾਅਵਾ ਹੈ ਕਿ ਕਾਗਜ਼ ਮਿਲਦਿਆਂ ਹੀ ਡਿਗਰੀਆਂ ਦੀ ਛਪਾਈ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤੀ ਜਾਵੇਗੀ।