- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੇ ਦੀ ਕਟਾਈ ਦੇ ਨਾਲ ਹੀ ਪੰਜਾਬ ਦੇ ਖੇਤਾਂ ਵਿੱਚ ਪਰਾਲੀ ਦੀ ਅੱਗ ਨੇ ਦਸਤਕ ਦੇ ਦਿੱਤੀ ਹੈ। ਹਾਲਾਂਕਿ ਅਜੇ ਕਟਾਈ ਦਾ ਸੀਜ਼ਨ ਸ਼ੁਰੂਆਤੀ ਦੌਰ ਵਿੱਚ ਹੈ, ਪਰ 15 ਸਤੰਬਰ ਤੋਂ ਸ਼ੁਰੂ ਹੋਈ ਨਿਗਰਾਨੀ ਦੇ ਸੱਤ ਦਿਨਾਂ ਵਿੱਚ ਪਰਾਲੀ ਸਾੜਨ ਦੇ 15 ਮਾਮਲੇ ਸਾਹਮਣੇ ਆ ਚੁੱਕੇ ਹਨ। ਫਿਲਹਾਲ ਘਟਨਾਵਾਂ ਦਾ ਸਭ ਤੋਂ ਵੱਡਾ ਹਿੱਸਾ ਮਾਝਾ ਖੇਤਰ ਤੋਂ ਸਾਹਮਣੇ ਆ ਰਿਹਾ ਹੈ। ਇਸਦਾ ਕਾਰਨ ਇਹ ਹੈ ਕਿ ਸੂਬੇ ਦੇ ਬਾਕੀ ਹਿੱਸਿਆਂ ਦੇ ਮੁਕਾਬਲੇ ਮਾਝੇ ਵਿੱਚ ਝੋਨੇ ਦੀ ਕਟਾਈ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਅਜਿਹੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਕਟਾਈ ਦਾ ਦਾਇਰਾ ਵਧਣ ਦੇ ਨਾਲ ਪ੍ਰਸ਼ਾਸਨ ਸਾਹਮਣੇ ਖੇਤਾਂ ਵਿੱਚ ਅੱਗ ਰੋਕਣ ਦੀ ਚੁਣੌਤੀ ਵੀ ਵੱਧ ਸਕਦੀ ਹ

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ। ਝੋਨੇ ਦੀ ਵਾਢੀ ਦੇ ਨਾਲ ਹੀ ਪੰਜਾਬ ਦੇ ਖੇਤਾਂ ਵਿਚ ਪਰਾਲੀ ਦੀ ਅੱਗ ਨੇ ਦਸਤਕ ਦੇ ਦਿੱਤੀ ਹੈ। ਹਾਲਾਂਕਿ ਅਜੇ ਵਾਢੀ ਦਾ ਸੀਜ਼ਨ ਸ਼ੁਰੂਆਤੀ ਦੌਰ ਵਿਚ ਹੈ, ਪਰ 15 ਸਤੰਬਰ ਤੋਂ ਸ਼ੁਰੂ ਹੋਈ ਨਿਗਰਾਨੀ ਦੇ ਸੱਤ ਦਿਨਾਂ ਵਿਚ ਪਰਾਲੀ ਸਾੜਨ ਦੇ 20 ਮਾਮਲੇ ਸਾਹਮਣੇ ਆ ਚੁੱਕੇ ਹਨ। ਫ਼ਿਲਹਾਲ ਇਨ੍ਹਾਂ ਘਟਨਾਵਾਂ ਦਾ ਸਭ ਤੋਂ ਵੱਡਾ ਹਿੱਸਾ ਮਾਝਾ ਖੇਤਰ ਵਿੱਚੋਂ ਸਾਹਮਣੇ ਆ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਸੂਬੇ ਦੇ ਬਾਕੀ ਹਿੱਸਿਆਂ ਦੇ ਮੁਕਾਬਲੇ ਮਾਝੇ ਵਿਚ ਝੋਨੇ ਦੀ ਵਾਢੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਦੌਰਾਨ ਵਾਢੀ ਦਾ ਘੇਰਾ ਵਧਣ ਦੇ ਨਾਲ ਪ੍ਰਸ਼ਾਸਨ ਸਾਹਮਣੇ ਖੇਤਾਂ ਵਿਚ ਅੱਗ ਰੋਕਣ ਦੀ ਚੁਣੌਤੀ ਵੀ ਵਧ ਸਕਦੀ ਹੈ।
ਹੁਣ ਤੱਕ ਸਾਹਮਣੇ ਆਏ ਮਾਮਲਿਆਂ ਵਿਚ ਅੰਮ੍ਰਿਤਸਰ 10 ਘਟਨਾਵਾਂ ਦੇ ਨਾਲ ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਫ਼ਿਰੋਜ਼ਪੁਰ ਵਿਚ ਚਾਰ, ਤਰਨਤਾਰਨ ਅਤੇ ਗੁਰਦਾਸਪੁਰ ਵਿਚ ਦੋ-ਦੋ ਅਤੇ ਹੁਸ਼ਿਆਰਪੁਰ ਤੇ ਨਵਾਂਸ਼ਹਿਰ ਵਿਚ ਇਕ-ਇਕ ਮਾਮਲਾ ਸਾਹਮਣੇ ਆਇਆ ਹੈ। ਸ਼ੁਰੂਆਤੀ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਫ਼ਿਲਹਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਕੁਝ ਜ਼ਿਲ੍ਹਿਆਂ ਤੱਕ ਹੀ ਸੀਮਤ ਹਨ, ਪਰ ਪ੍ਰਸ਼ਾਸਨ ਨੇ ਨਿਗਰਾਨੀ ਅਤੇ ਕਾਰਵਾਈ ਦੋਵੇਂ ਸ਼ੁਰੂ ਕਰ ਦਿੱਤੀਆਂ ਹਨ।
15 ਸਤੰਬਰ ਤੋਂ ਖੇਤਾਂ 'ਤੇ ਨਜ਼ਰ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਇਸ ਸੀਜ਼ਨ ਵਿਚ 15 ਸਤੰਬਰ ਤੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਨਿਗਰਾਨੀ ਸ਼ੁਰੂ ਕੀਤੀ। ਪਹਿਲੇ ਦਿਨ ਦੋ ਮਾਮਲੇ ਸਾਹਮਣੇ ਆਏ। 16 ਸਤੰਬਰ ਨੂੰ ਤਿੰਨ ਘਟਨਾਵਾਂ ਦਰਜ ਹੋਈਆਂ, ਜਦੋਂ ਕਿ 17 ਸਤੰਬਰ ਨੂੰ ਕੋਈ ਵੀ ਫਾਰਮ ਫਾਇਰ ਦਾ ਮਾਮਲਾ ਸਾਹਮਣੇ ਨਹੀਂ ਆਇਆ। ਇਸ ਤੋਂ ਬਾਅਦ 18 ਅਤੇ 19 ਸਤੰਬਰ ਨੂੰ ਇਕ-ਇਕ ਮਾਮਲਾ ਦਰਜ ਕੀਤਾ ਗਿਆ। ਉੱਥੇ ਹੀ 20 ਸਤੰਬਰ ਨੂੰ ਅਚਾਨਕ ਅੱਠ ਮਾਮਲੇ ਸਾਹਮਣੇ ਆਏ, ਜਦੋਂ ਕਿ 21 ਸਤੰਬਰ ਨੂੰ ਪੰਜ ਮਾਮਲੇ ਦਰਜ ਹੋਏ ਤੇ ਕੁੱਲ ਗਿਣਤੀ 20 ਤੱਕ ਪਹੁੰਚ ਗਈ।
ਚਾਰ ਮਾਮਲਿਆਂ ’ਚ 25 ਹਜ਼ਾਰ ਦਾ ਵਾਤਾਵਰਣ ਮੁਆਵਜ਼ਾ
ਖੇਤਾਂ ਵਿਚ ਅੱਗ ਦੀਆਂ ਘਟਨਾਵਾਂ ਦੇ ਨਾਲ ਹੀ ਪ੍ਰਸ਼ਾਸਨ ਨੇ ਕਾਰਵਾਈ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ ਚਾਰ ਮਾਮਲਿਆਂ ਵਿਚ ਕੁੱਲ 25 ਹਜ਼ਾਰ ਰੁਪਏ ਦਾ ਵਾਤਾਵਰਣ ਮੁਆਵਜ਼ਾ ਲਗਾਇਆ ਗਿਆ ਹੈ। ਇਸ ਵਿਚੋਂ ਦਸ ਹਜ਼ਾਰ ਰੁਪਏ ਦੀ ਵਸੂਲੀ ਵੀ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਚਾਰ ਮਾਮਲਿਆਂ ਵਿਚ ਸਬੰਧਤ ਕਿਸਾਨਾਂ ਦੀ ਜ਼ਮੀਨ ਦੇ ਮਾਲ ਰਿਕਾਰਡ (ਰੈਵੇਨਿਊ ਰਿਕਾਰਡ) ਵਿਚ 'ਰੈੱਡ ਐਂਟਰੀ' ਦਰਜ ਕੀਤੀ ਗਈ ਹੈ।
ਨਿਗਰਾਨੀ ’ਚ ਅਣਗਹਿਲੀ 'ਤੇ ਨੋਡਲ ਅਧਿਕਾਰੀ ਵੀ ਘੇਰੇ ’ਚ
ਪ੍ਰਸ਼ਾਸਨ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਨਿਗਰਾਨੀ ਲਈ ਤਾਇਨਾਤ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਜਵਾਬਦੇਹੀ ਵੀ ਤੈਅ ਕਰਨੀ ਸ਼ੁਰੂ ਕਰ ਦਿੱਤੀ ਹੈ। ਨਿਗਰਾਨੀ ਵਿਚ ਲਾਪਰਵਾਹੀ ਦੇ ਮਾਮਲਿਆਂ ਵਿਚ ਅੰਮ੍ਰਿਤਸਰ ਦੇ ਤਿੰਨ, ਫ਼ਿਰੋਜ਼ਪੁਰ ਅਤੇ ਨਵਾਂਸ਼ਹਿਰ ਦੇ ਇਕ-ਇਕ ਅਤੇ ਗੁਰਦਾਸਪੁਰ ਦੇ ਦੋ ਨੋਡਲ ਅਧਿਕਾਰੀਆਂ ਨੂੰ ਚਿਤਾਵਨੀ ਅਤੇ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।
ਮਸ਼ੀਨਰੀ ਦੇ ਸਹਾਰੇ ਪਰਾਲੀ ਪ੍ਰਬੰਧਨ 'ਤੇ ਜ਼ੋਰ
ਪਰਾਲੀ ਸਾੜਨ ਤੋਂ ਰੋਕਣ ਲਈ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਫ਼ਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਮੁਹੱਈਆ ਕਰਵਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਕਿਸਾਨਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਪਰਾਲੀ ਨੂੰ ਖੇਤ ਵਿਚ ਅੱਗ ਲਗਾਉਣ ਦੀ ਬਜਾਏ ਉਪਲਬਧ ਮਸ਼ੀਨਰੀ ਰਾਹੀਂ ਉਸ ਦਾ ਸਹੀ ਢੰਗ ਨਾਲ ਨਿਬੇੜਾ ਕੀਤਾ ਜਾ ਸਕਦਾ ਹੈ। ਵਿਭਾਗ ਵੱਲੋਂ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ, ਤਾਂ ਜੋ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨਾਂ ਅਤੇ ਇਸ ਦੇ ਬਦਲਵੇਂ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਇਸ ਦੇ ਬਾਵਜੂਦ ਜਿੱਥੇ ਖੇਤਾਂ ਵਿਚ ਅੱਗ ਲਗਾਉਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਉੱਥੇ ਪ੍ਰਸ਼ਾਸਨ ਵੱਲੋਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।