ਪੰਜਾਬ 'ਚ ਝੋਨੇ ਦੀ ਵਾਢੀ ਦੇ ਨਾਲ ਪਰਾਲੀ ਸਾੜਨ ਦਾ ਸਿਲਸਿਲਾ ਸ਼ੁਰੂ! 6 ਦਿਨਾਂ 'ਚ 15 ਮਾਮਲੇ ਆਏ ਸਾਹਮਣੇ, ਅੰਮ੍ਰਿਤਸਰ ਸਿਖਰ 'ਤੇ ਸੈਟੇਲਾਈਟ ਡਾਟਾ ਮੁਤਾਬਕ 15 ਸਤੰਬਰ ਤੋਂ ਪਰਾਲੀ ਸਾੜਨ ਦੇ ਮਾਮਲਿਆਂ ਦੀ ਰਿਕਾਰਡਿੰਗ ਸ਼ੁਰੂ ਕਰ ਦਿੱਤੀ ਗਈ। ਪਹਿਲੇ ਦਿਨ ਦੋ ਮਾਮਲੇ ਸਾਹਮਣੇ ਆਏ, ਜਦਕਿ 16 ਸਤੰਬਰ ਨੂੰ ਤਿੰਨ ਮਾਮਲੇ ਦਰਜ ਕੀਤੇ ਗਏ। 17 ਸਤੰਬਰ ਨੂੰ ਖੇਤਾਂ 'ਚ ਅੱਗ ਲਗਾਉਣ ਦਾ ਕੋਈ ਮਾਮਲਾ ਨਹੀਂ ਮਿਲਿਆ।
Publish Date: Mon, 21 Sep 2026 01:21 PM (IST)
Updated Date: Mon, 21 Sep 2026 01:32 PM (IST)
ਪੱਤਰ ਪ੍ਰੇਰਕ, ਪਟਿਆਲਾ: ਪੰਜਾਬ 'ਚ ਸਾਉਣੀ ਸੀਜ਼ਨ 2026 ਤਹਿਤ ਝੋਨੇ ਦੀ ਵਾਢੀ ਦੇ ਨਾਲ ਹੀ ਖੇਤਾਂ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਤੇ ਸੈਟੇਲਾਈਟ ਰਾਹੀਂ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਪੰਜਾਬ ਰਿਮੋਟ ਸੈਂਸਿੰਗ ਸੈਂਟਰ (PRSC) ਵੱਲੋਂ 15 ਸਤੰਬਰ ਤੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਸੈਟੇਲਾਈਟ ਮਾਨੀਟਰਿੰਗ ਤੋਂ ਬਾਅਦ ਸ਼ੁਰੂਆਤੀ ਅੰਕੜੇ ਜਾਰੀ ਕੀਤੇ ਗਏ ਹਨ। ਸ਼ੁਰੂਆਤੀ 6 ਦਿਨਾਂ 'ਚ ਸੂਬੇ 'ਚ ਅੱਗ ਲੱਗਣ ਦੇ 15 ਮਾਮਲੇ ਸਾਹਮਣੇ ਆਏ ਹਨ।
ਰਾਹਤ ਦੀ ਗੱਲ ਇਹ ਹੈ ਕਿ ਪਿਛਲੇ ਦੋ ਸਾਲਾਂ (2024 ਅਤੇ 2025) ਦੇ ਮੁਕਾਬਲੇ ਇਸ ਵਾਰ 15 ਤੋਂ 20 ਸਤੰਬਰ ਦੇ ਸ਼ੁਰੂਆਤੀ ਛੇ ਦਿਨਾਂ ਦੌਰਾਨ ਪਰਾਲੀ ਸਾੜਨ ਦੇ ਮਾਮਲਿਆਂ 'ਚ ਕਾਫ਼ੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਜਾਰੀ ਕੀਤੇ ਗਏ ਸੈਟੇਲਾਈਟ ਡਾਟਾ ਮੁਤਾਬਕ 15 ਸਤੰਬਰ ਤੋਂ ਪਰਾਲੀ ਸਾੜਨ ਦੇ ਮਾਮਲਿਆਂ ਦੀ ਰਿਕਾਰਡਿੰਗ ਸ਼ੁਰੂ ਕਰ ਦਿੱਤੀ ਗਈ। ਪਹਿਲੇ ਦਿਨ ਦੋ ਮਾਮਲੇ ਸਾਹਮਣੇ ਆਏ, ਜਦਕਿ 16 ਸਤੰਬਰ ਨੂੰ ਤਿੰਨ ਮਾਮਲੇ ਦਰਜ ਕੀਤੇ ਗਏ। 17 ਸਤੰਬਰ ਨੂੰ ਖੇਤਾਂ 'ਚ ਅੱਗ ਲਗਾਉਣ ਦਾ ਕੋਈ ਮਾਮਲਾ ਨਹੀਂ ਮਿਲਿਆ। ਉੱਥੇ ਹੀ 18 ਅਤੇ 19 ਸਤੰਬਰ ਨੂੰ ਇੱਕ-ਇੱਕ ਮਾਮਲਾ ਸਾਹਮਣੇ ਆਇਆ। ਹੁਣ 20 ਸਤੰਬਰ ਨੂੰ ਕੁੱਲ 8 ਮਾਮਲੇ ਸਾਹਮਣੇ ਆਏ ਹਨ।
ਜ਼ਿਲ੍ਹਾਵਾਰ ਕੁੱਲ ਪਰਾਲੀ ਸਾੜਨ ਦੇ ਮਾਮਲੇ (15 ਤੋਂ 20 ਸਤੰਬਰ 2026)
ਜ਼ਿਲ੍ਹਾ ਦਰਜ ਮਾਮਲਿਆਂ ਦੀ ਗਿਣਤੀ ਅੰਮ੍ਰਿਤਸਰ 7 ਫਿਰੋਜ਼ਪੁਰ 4 ਤਰਨਤਾਰਨ 2 ਹੁਸ਼ਿਆਰਪੁਰ 1 ਐੱਸਬੀਐੱਸ ਨਗਰ 1 ਕੁੱਲ (Total) 15
ਪਿਛਲੇ ਸਾਲਾਂ ਦੇ ਮੁਕਾਬਲੇ ਸਥਿਤੀ 'ਚ ਸੁਧਾਰ ਤੁਲਨਾਤਮਕ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ 15 ਤੋਂ 20 ਸਤੰਬਰ ਦੀ ਮਿਆਦ ਦੌਰਾਨ ਜਿੱਥੇ ਸਾਲ 2025 'ਚ ਕੁੱਲ 48 ਅਤੇ ਸਾਲ 2024 'ਚ 31 ਮਾਮਲੇ ਦਰਜ ਕੀਤੇ ਗਏ ਸਨ, ਉੱਥੇ 2026 'ਚ ਇਹ ਅੰਕੜਾ ਘਟ ਕੇ ਸਿਰਫ਼ 15 ਰਹਿ ਗਿਆ ਹੈ। ਜੇਕਰ ਸਿਰਫ਼ 20 ਸਤੰਬਰ ਦੀ ਗੱਲ ਕਰੀਏ ਤਾਂ ਇਸ ਦਿਨ ਸੈਟੇਲਾਈਟ ਨੇ ਸੂਬੇ 'ਚ ਕੁੱਲ 8 ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਕੈਪਚਰ ਕੀਤੀਆਂ, ਜਦਕਿ 2024 'ਚ ਇਸੇ ਦਿਨ 13 ਮਾਮਲੇ ਦਰਜ ਹੋਏ ਸਨ। ਪੰਜਾਬ 'ਚ 2025 'ਚ ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ਦੇ 5,114 ਮਾਮਲੇ ਦਰਜ ਹੋਏ ਸਨ, ਜਦਕਿ 2024 'ਚ ਇਹ ਗਿਣਤੀ 10,909 ਸੀ।
ਪਰਾਲੀ ਸਾੜਨ ਦੇ ਮਾਮਲੇ (15 ਤੋਂ 20 ਸਤੰਬਰ 2026)
ਤਰੀਕ ਰੋਜ਼ਾਨਾ ਮਾਮਲੇ 15 ਸਤੰਬਰ 2026 2 16 ਸਤੰਬਰ 2026 3 17 ਸਤੰਬਰ 2026 0 18 ਸਤੰਬਰ 2026 1 19 ਸਤੰਬਰ 2026 1 20 ਸਤੰਬਰ 2026 8 ਕੁੱਲ (Total) 15