ਸੰਗਰੂਰ ਦੇ ਅਜਾਇਬ ਘਰ ਨੂੰ ਹੋਰ ਵਿਕਸਤ ਕਰਨ ਲਈ ਕੀਤੇ ਜਾਣਗੇ ਵਿਸ਼ੇਸ਼ ਉਪਰਾਲੇ: ਕਟਾਰੀਆ
ਸੰਗਰੂਰ ਦੇ ਅਜਾਇਬ ਘਰ ਨੂੰ ਹੋਰ ਵਿਕਸਤ ਕਰਨ ਲਈ ਕੀਤੇ ਜਾਣਗੇ ਵਿਸ਼ੇਸ਼ ਉਪਰਾਲੇ: ਕਟਾਰੀਆ
Publish Date: Fri, 19 Jun 2026 06:27 PM (IST)
Updated Date: Sat, 20 Jun 2026 04:04 AM (IST)

• ਬਨਾਸਰ ਬਾਗ਼ ’ਚ ਸਥਿਤ ਬਾਰਾਂਦਰੀ ਦੀ ਵੀ ਹੋਵੇਗੀ ਵਿਸ਼ੇਸ਼ ਸਾਂਭ-ਸੰਭਾਲ • ਰਾਜਪਾਲ ਗੁਲਾਬ ਚੰਦ ਕਟਾਰੀਆ ਸ੍ਰੀ ਕਾਲੀ ਮਾਤਾ ਮੰਦਿਰ ’ਚ ਹੋਏ ਨਤਮਸਤਕ • ਜ਼ਿਲ੍ਹਾ ਅਜਾਇਬ ਘਰ ਸੰਗਰੂਰ ਅਤੇ ਬਨਾਸਰ ਬਾਗ਼ ਦਾ ਵੀ ਕੀਤਾ ਦੌਰਾ ਫੋਟੋ–29 ਕੈਪਸ਼ਨ–ਸੰਗਰੂਰ ਦੇ ਅਜਾਇਬ ਘਰ ਦਾ ਦੌਰਾ ਕਰਦੇ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ। ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸ਼ੁੱਕਰਵਾਰ ਨੂੰ ਆਪਣੇ ਸੰਗਰੂਰ ਦੌਰੇ ਦੌਰਾਨ ਜ਼ਿਲ੍ਹੇ ਦੀ ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਅਤੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਜਤਾਉਂਦਿਆਂ ਕਿਹਾ ਕਿ ਜ਼ਿਲ੍ਹਾ ਅਜਾਇਬ ਘਰ ਸੰਗਰੂਰ ਨੂੰ ਹੋਰ ਵਿਕਸਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਅਜਾਇਬ ਘਰ ਸੰਗਰੂਰ ਅਤੇ ਪੰਜਾਬ ਦੇ ਸ਼ਾਨਦਾਰ ਇਤਿਹਾਸ, ਰਵਾਇਤਾਂ ਅਤੇ ਵਿਰਾਸਤ ਨੂੰ ਸੰਭਾਲਣ ਦਾ ਇੱਕ ਮਹੱਤਵਪੂਰਨ ਕੇਂਦਰ ਹੈ ਅਤੇ ਇਸ ਨੂੰ ਹੋਰ ਆਧੁਨਿਕ, ਸੁਵਿਧਾਜਨਕ ਅਤੇ ਲੋਕਾਂ ਲਈ ਆਕਰਸ਼ਕ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ। ਰਾਜਪਾਲ ਨੇ ਜ਼ਿਲ੍ਹਾ ਅਜਾਇਬ ਘਰ ਦਾ ਦੌਰਾ ਕਰਦਿਆਂ ਉਥੇ ਪ੍ਰਦਰਸ਼ਿਤ ਪੁਰਾਤਨ ਵਸਤਾਂ, ਦੁਰਲੱਭ ਦਸਤਾਵੇਜ਼ਾਂ, ਇਤਿਹਾਸਕ ਤਸਵੀਰਾਂ ਅਤੇ ਸੱਭਿਆਚਾਰਕ ਨਮੂਨਿਆਂ ਦਾ ਧਿਆਨ ਨਾਲ ਅਧਿਐਨ ਕਰਦਿਆਂ ਕਿਹਾ ਕਿ ਅਜਿਹੇ ਅਜਾਇਬ ਘਰ ਸਿਰਫ਼ ਪੁਰਾਣੀਆਂ ਯਾਦਾਂ ਦੀ ਸੰਭਾਲ ਨਹੀਂ ਕਰਦੇ, ਸਗੋਂ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਇਤਿਹਾਸ ਨਾਲ ਜੋੜਨ ਦਾ ਵੀ ਮਹੱਤਵਪੂਰਨ ਸਾਧਨ ਹਨ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਜਾਇਬ ਘਰ ਵਿੱਚ ਡਿਜੀਟਲ ਪ੍ਰਦਰਸ਼ਨੀਆਂ, ਆਡੀਓ-ਵਿਜ਼ੂਅਲ ਸਹੂਲਤਾਂ ਅਤੇ ਹੋਰ ਸੁਧਾਰਾਂ ਰਾਹੀਂ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇ। ਇਸ ਦੌਰਾਨ ਰਾਜਪਾਲ ਨੇ ਬਨਾਸਰ ਬਾਗ਼ ਸਥਿਤ ਇਤਿਹਾਸਕ ਬਾਰਾਂਦਰੀ ਦੀ ਸੰਭਾਲ ਸਬੰਧੀ ਵਿਸਥਾਰ ਨਾਲ ਜਾਣਕਾਰੀ ਲੈਦਿਆਂ ਕਿਹਾ ਕਿ ਬਾਰਾਂਦਰੀ ਸੰਗਰੂਰ ਦੀ ਇਤਿਹਾਸਕ ਪਛਾਣ ਦਾ ਇੱਕ ਅਹਿਮ ਹਿੱਸਾ ਹੈ ਅਤੇ ਇਸ ਦੀ ਵਿਸ਼ੇਸ਼ ਸਾਂਭ-ਸੰਭਾਲ ਲਈ ਯੋਜਨਾਬੱਧ ਢੰਗ ਨਾਲ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਜਿਹੀਆਂ ਵਿਰਾਸਤੀ ਇਮਾਰਤਾਂ ਨੂੰ ਸੰਭਾਲਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਰਾਜਪਾਲ ਨੇ ਕਿਹਾ ਕਿ ਪੰਜਾਬ ਦੀ ਧਰਤੀ ਇਤਿਹਾਸਕ ਅਤੇ ਧਾਰਮਿਕ ਵਿਰਾਸਤ ਨਾਲ ਭਰਪੂਰ ਹੈ ਅਤੇ ਸਰਕਾਰ ਦਾ ਫਰਜ਼ ਹੈ ਕਿ ਇਨ੍ਹਾਂ ਧਰੋਹਰਾਂ ਦੀ ਸੰਭਾਲ ਕਰਕੇ ਉਨ੍ਹਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਿਆ ਜਾਵੇ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਸੰਗਰੂਰ ਦੀਆਂ ਹੋਰ ਵਿਰਾਸਤੀ ਥਾਵਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਸੰਭਾਲ ਲਈ ਵੀ ਯੋਜਨਾਵਾਂ ਤਿਆਰ ਕੀਤੀਆਂ ਜਾਣ। ਇਸ ਤੋਂ ਪਹਿਲਾਂ ਰਾਜਪਾਲ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਨਤਮਸਤਕ ਹੋਏ ਅਤੇ ਪੰਜਾਬ ਦੀ ਖੁਸ਼ਹਾਲੀ, ਤਰੱਕੀ ਅਤੇ ਅਮਨ-ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਇਸ ਮੌਕੇ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ।