- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਅਨੁਸਾਰ ਪਾਵਰਕਾਮ ਵੱਲੋਂ 'ਸਿੰਗਲ ਬਿਲਿੰਗ ਸਿਸਟਮ' ਪ੍ਰੋਜੈਕਟ ਤਹਿਤ ਪੁਰਾਣੇ ਆਧਾਰਿਤ ਬਿਲਿੰਗ ਪਲੇਟਫਾਰਮ ਤੋਂ ਨਵੇਂ 'ਕਸਟਮਰ ਕੇਅਰ ਬਿਲਿੰਗ' ਸਿਸਟਮ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ। ਇਸ ਤਬਦੀਲੀ ਅਤੇ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਅਸਲ ਮੀਟਰ ਰੀਡਿੰਗ ਨਹੀਂ ਲਈ ਜਾ ਸਕੀ। ਨਤੀਜੇ ਵਜੋਂ, ਵਿਭਾਗ ਨੇ ਖਪਤਕਾਰਾਂ ਨੂੰ ਔਸਤ ਖਪਤ ਦੇ ਆਧਾਰ 'ਤੇ ਬਿੱਲ ਭੇਜ ਦਿੱਤੇ ਹਨ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਲਾਗੂ ਕੀਤੇ ਗਏ ਨਵੇਂ ਬਿਲਿੰਗ ਸਾਫਟਵੇਅਰ ਅਤੇ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਪੂਰੇ ਸੂਬੇ ਵਿੱਚ ਬਿਜਲੀ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਹਾ ਹੈ। ਸੂਬੇ ਦੇ ਲਗਭਗ 19 ਲੱਖ ਖਪਤਕਾਰ ਬਿੱਲਾਂ ਵਿੱਚ ਹੋ ਰਹੀ ਦੇਰੀ ਅਤੇ ਮੋਟੀਆਂ ਰਕਮਾਂ ਦੇ ਬਕਾਏ ਆਉਣ ਕਰਕੇ ਚਿੰਤਾ ਵਿੱਚ ਹਨ।
ਜਾਣਕਾਰੀ ਅਨੁਸਾਰ ਪਾਵਰਕਾਮ ਵੱਲੋਂ 'ਸਿੰਗਲ ਬਿਲਿੰਗ ਸਿਸਟਮ' ਪ੍ਰੋਜੈਕਟ ਤਹਿਤ ਪੁਰਾਣੇ ਆਧਾਰਿਤ ਬਿਲਿੰਗ ਪਲੇਟਫਾਰਮ ਤੋਂ ਨਵੇਂ 'ਕਸਟਮਰ ਕੇਅਰ ਬਿਲਿੰਗ' ਸਿਸਟਮ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ। ਇਸ ਤਬਦੀਲੀ ਅਤੇ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਅਸਲ ਮੀਟਰ ਰੀਡਿੰਗ ਨਹੀਂ ਲਈ ਜਾ ਸਕੀ। ਨਤੀਜੇ ਵਜੋਂ, ਵਿਭਾਗ ਨੇ ਖਪਤਕਾਰਾਂ ਨੂੰ ਔਸਤ ਖਪਤ ਦੇ ਆਧਾਰ 'ਤੇ ਬਿੱਲ ਭੇਜ ਦਿੱਤੇ ਹਨ। ਖ਼ਾਸ ਕਰ ਕੇ ਬਿਨਾਂ ਸਮਾਰਟ ਮੀਟਰ ਵਾਲੇ ਖਪਤਕਾਰਾਂ ਨੂੰ 4 ਤੋਂ 5 ਮਹੀਨਿਆਂ ਦਾ ਇਕੱਠਾ ਬਿੱਲ ਭੇਜ ਕੇ ਵੱਡਾ ਝਟਕਾ ਦਿੱਤਾ ਗਿਆ ਹੈ।
ਪਟਿਆਲਾ ਵਾਸੀ ਦੀਪਕ ਕੁਮਾਰ ਨੇ ਦੱਸਿਆ ਕਿ ਕੋਈ ਮੀਟਰ ਰੀਡਰ ਰੀਡਿੰਗ ਲੈਣ ਨਹੀਂ ਆਇਆ, ਪਰ ਉਨ੍ਹਾਂ ਨੂੰ ਢਾਈ ਮਹੀਨੇ ਦਾ ਬਿੱਲ 12 ਹਜ਼ਾਰ ਰੁਪਏ ਤੋਂ ਵੀ ਵੱਧ ਭੇਜ ਦਿੱਤਾ ਗਿਆ ਹੈ। ਅਰਬਨ ਅਸਟੇਟ ਫੇਜ਼ ਦੋ ਵਾਸੀ ਐਡਵੋਕੇਟ ਸੁਰਜੀਤ ਮਲਹੋਤਰਾ ਨੇ ਦੱਸਿਆ ਕਿ ਕਈ ਮਹੀਨਿਆਂ ਤੋਂ ਬਿੱਲ ਨਾ ਮਿਲਣ ਕਾਰਨ ਉਹ ਖੁਦ ਹੀ ਮੀਟਰ ਰੀਡਿੰਗ ਨੋਟ ਕਰ ਰਹੇ ਹਨ। ਉਨ੍ਹਾਂ ਨੂੰ ਡਰ ਹੈ ਕਿ ਇਕੱਠਾ ਬਿੱਲ ਆਉਣ 'ਤੇ ਮੋਟੀ ਰਕਮ ਤਾਰਨੀ ਪਵੇਗੀ, ਜਿਸ ਲਈ ਉਹ ਬਿਜਲੀ ਦਫ਼ਤਰ ਜਾ ਕੇ ਪਤਾ ਕਰਨਗੇ। ਪ੍ਰੇਮ ਨਗਰ ਵਾਸੀ ਚੰਪਕ ਨਾਥ ਅਨੁਸਾਰ ਬਿਨਾਂ ਦੱਸੇ ਸਮਾਰਟ ਮੀਟਰ ਲਗਾ ਦਿੱਤਾ ਗਿਆ ਹੈ। ਹੁਣ ਖਪਤ ਕੀਤੀਆਂ ਯੂਨਿਟਾਂ ਦਾ ਪਤਾ ਨਹੀਂ ਲੱਗਦਾ, ਸਿਰਫ਼ ਬਿੱਲ ਦੀ ਰਕਮ ਦਾ ਮੈਸੇਜ ਆਉਂਦਾ ਹੈ। ਚਾਰ ਮਹੀਨੇ ਬਾਅਦ 12 ਹਜ਼ਾਰ ਦਾ ਬਿੱਲ ਆਇਆ ਹੈ ਅਤੇ ਮੁਫ਼ਤ ਬਿਜਲੀ ਸਕੀਮ ਦਾ ਲਾਭ ਵੀ ਨਹੀਂ ਮਿਲ ਰਿਹਾ।
ਚੀਫ਼ ਇੰਜੀਨੀਅਰ (ਮੀਟਰਿੰਗ) ਯੂਗੇਸ਼ ਸ਼ਰਮਾ ਨੇ ਪੀ.ਐੱਸ.ਪੀ.ਸੀ.ਐੱਲ. ਦੇ ਲੋਕ ਸੰਪਰਕ ਦਫ਼ਤਰ ਰਾਹੀਂ ਦੱਸਿਆ ਕਿ ਪਹਿਲਾਂ ਕੁੱਝ ਮੀਟਰ ਰੀਡਰ ਕੰਮ 'ਤੇ ਨਹੀਂ ਸਨ, ਜਿਸ ਕਰਕੇ ਇਹ ਦਿੱਕਤ ਆਈ ਸੀ। ਹੁਣ ਕੁੱਝ ਸਟਾਫ਼ ਵਾਪਸ ਕੰਮ 'ਤੇ ਪਰਤ ਆਇਆ ਹੈ ਅਤੇ ਰੀਡਿੰਗ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਹੁਣ ਸਾਫਟਵੇਅਰ ਦੀ ਕੋਈ ਦਿੱਕਤ ਵੀ ਨਹੀ ਹੈ। ਰੀਡਿੰਗ ਪ੍ਰਕਿਰਿਆ ਦੇ ਚਾਰ ਪੜਾਵਾਂ ਵਿੱਚੋਂ ਆਖਰੀ ਪੜਾਅ 'ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਖਪਤਕਾਰਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਹੁਣ ਨਹੀਂ ਆਵੇਗੀ ਦਿੱਕਤ : ਸੀਐੱਮਡੀ
ਪਾਵਰਕਾਮ ਦੇ ਸੀਐਮਡੀ ਆਈਏਐਸ ਬਸੰਤ ਗਰਗ ਨੇ ਦੱਸਿਆ ਕਿ ਪੰਜਾਬ ਭਰ ਵਿਚ 900 ਮੀਟਰ ਰੀਡਰ ਫੀਲਡ ਵਿਚ ਉੱਤਰ ਚੁੱਕੇ ਹਨ ਤੇ ਕਰੀਬ 300 ਹੋਰ ਮੀਟਰਾਂ ਦੀ ਰੀਡਿੰਗ ਦੇ ਕੰਮ ਵਿਚ ਲੱਗਣਗੇ। ਸਮੱਸਿਆ ਦਾ ਹੱਲ ਹੋ ਗਿਆ ਹੈ ਤੇ ਖਪਤਕਾਰਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਬਿੱਲ ਸਬੰਧੀ ਕੋਈ ਦਿੱਕਤ ਹੈ ਤਾਂ ਖਪਤਕਾਰ ਸਬੰਧਤ ਡਵੀਜ਼ਨ ਵਿਚ ਪਹੁੰਚ ਕੇ ਹੱਲ ਕਰਵਾ ਸਕਦੇ ਹਨ। ਸੀਐੱਮਡੀ ਦੱਸਦੇ ਹਨ ਕਿ ਸੋਲਰ ਸਿਸਟਮ ਬਿਜਲੀ ਬਿੱਲ ਬਿੱਲ ਦੀ ਅਡਜਸਟਮੈਂਟ ਸਬੰਧੀ ਵੀ ਸਮੱਸਿਆ ਸੀ, ਇਸ ਦਾ ਹੱਲ ਕੀਤਾ ਗਿਆ ਹੈ।