ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਇਤਿਹਾਸ ਦੇ ਸਨ ਪਹਿਲੇ ਕ੍ਰਾਂਤੀਕਾਰੀ ਸ਼ਹੀਦ : ਬਡੂੰਗਰ
ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਮਨਾਇਆ
Publish Date: Thu, 18 Jun 2026 04:01 PM (IST)
Updated Date: Fri, 19 Jun 2026 04:01 AM (IST)

ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਮਨਾਇਆ, ਗੁਰਦੁਆਰਾ ਪ੍ਰਬੰਧਕ ਨੇ ਸੰਗਤਾਂ ਲਈ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਬਾਣੀ ਦੇ ਬੋਹਿਥ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸੰਗਤਾਂ ਵੱਲੋਂ ਗੁਰੂ ਘਰ ਨਤਮਸਤਕ ਹੋ ਕੇ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਅਰਦਾਸ ਕੀਤੀ ਅਤੇ ਹਜ਼ੂਰੀ ਰਾਗੀ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜ ਕੇ ਨਿਹਾਲ ਕੀਤਾ ਗਿਆ। ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਕਰਵਾਏ ਸਮਾਗਮ ਵਿਚ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਜਸਮੇਰ ਸਿੰਘ ਲਾਛੜ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਿੱਖ ਇਤਿਹਾਸ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਪਹਿਲੇ ਕ੍ਰਾਂਤੀਕਾਰੀ ਸ਼ਹੀਦ ਸਨ, ਜਿਨਾਂ ਨੇ ਮਨੁੱਖੀ ਬਰਾਬਰੀ, ਮਨੁੱਖੀ ਅਧਿਕਾਰਾਂ ਅਤੇ ਸਾਂਝੀਵਾਲਤਾ ਲਈ ਅਦੁੱਤੀ ਕੁਰਬਾਨੀ ਦਿੱਤੀ। ਪ੍ਰੋ. ਬਡੂੰਗਰ ਨੇ ਗੁਰੂ ਸਾਹਿਬ ਨੇ ਜਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਅਤੇ ਬਹੁਤ ਹੀ ਸਹਿਜ, ਸੰਜਮ ਤੇ ਦਿ੍ਰੜਤਾ ਨਾਲ ਜ਼ਬਰ ਜ਼ੁਲਮ ਖਿਲਾਫ਼ ਆਵਾਜ਼ ਬੁਲੰਦ ਕਰਦਿਆਂ ਉਸ ਸਮੇਂ ਦੀ ਰਾਜ ਸ਼ਕਤੀ ਹਾਰ ਦਿੱਤੀ। ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਜਥੇ. ਸੁਰਜੀਤ ਸਿੰਘ ਗੜ੍ਹੀ ਨੇ ਗੁਰੂ ਸਾਹਿਬ ਦੀ ਸ਼ਹੀਦੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਆਪਣੀ ਲਾਸਾਨੀ ਸ਼ਹੀਦੀ ਨੇ ਮੁਗਲ ਸਾਮਰਾਜ ਦੀਆਂ ਜੜਾਂ ਪੁੱਟਣ ਦਾ ਕੰਮ ਕੀਤਾ ਅਤੇ ਮਨੁੱਖਤਾ ਨੂੰ ਜਬਰ ਅਤੇ ਜ਼ੁਲਮ ਅੱਗੇ ਲੜਨ ਦੀ ਜੀਵਨ ਜਾਂਚ ਪ੍ਰਦਾਨ ਕੀਤੀ। ਸ਼ਹੀਦੀ ਪੁਰਬ ਮੌਕੇ ਗੁਰਦੁਆਰਾ ਪ੍ਰਬੰਧਕ ਮੈਨੇਜਰ ਭਾਗ ਸਿੰਘ ਨੇ ਪੁੱਜੀਆਂ ਸਖਸ਼ੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਸੰਗਤਾਂ ਲਈ ਗੁਰਦੁਆਰਾ ਕੰਪਲੈਕਸ ਅੰਦਰ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਅਤੇ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਖੁਦ ਛਬੀਲ ਸੰਗਤਾਂ ਨੂੰ ਵਰਤਾਉਣ ਦੀ ਸੇਵਾ ਨਿਭਾਈ। ਇਸ ਮੌਕੇ ਐਡੀਸ਼ਨਲ ਮਨਦੀਪ ਸਿੰਘ ਭਲਵਾਨ, ਮੀਤ ਮੈਨੇਜਰ ਨਵਜਿੰਦਰ ਸਿੰਘ, ਮਨਜੀਤ ਸਿੰਘ, ਅਕਾਊਟੈਂਟ ਗੁਰਮੀਤ ਸਿੰਘ, ਬੀ.ਸੀ. ਵਿੰਗ ਦਿਹਾਤੀ ਦੇ ਪ੍ਰਧਾਨ ਗੁਰਦੀਪ ਸਿੰਘ ਸ਼ੇਖੂਪੁਰਾ, ਬਲਵਿੰਦਰ ਸਿੰਘ ਨੇਪਰਾ, ਸਾਬਕਾ ਸਕੱਤਰ ਗੁਰਦਰਸ਼ਨ ਸਿੰਘ, ਸ਼ਮਸ਼ੇਰ ਸਿੰਘ ਬਡੂੰਗਰ, ਸਾਬਕਾ ਮੈਨੇਜਰ ਸਾਹਿਬਾਨ ਤੋਂ ਇਲਾਵਾ ਸੁਪਰਵਾਈਜ਼ਰ ਵਰਿੰਦਰ ਸਿੰਘ ਗੋਲਡੀ, ਰਿਕਾਰਡ ਕੀਪਜ ਸਰਬਜੀਤ ਸਿੰਘ, ਪ੍ਰਿਤਪਾਲ ਸਿੰਘ, ਹਜ਼ੂਰ ਸਿੰਘ, ਮਨਜੀਤ ਸਿੰਘ ਪਵਾਰ ਆਦਿ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਅਧਿਕਾਰੀ ਤੇ ਸਮੂਹ ਸਟਾਫ ਮੈਂਬਰ ਆਦਿ ਸ਼ਾਮਲ ਸਨ।