- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁੰਮਸ ਭਰੀ ਗਰਮੀ ਦੌਰਾਨ ਐਤਵਾਰ ਨੂੰ ਪੰਜਾਬ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 17,117 ਮੈਗਾਵਾਟ ਦਰਜ ਕੀਤੀ ਗਈ, ਜੋ ਪਿਛਲੇ ਦੋ ਸਾਲਾਂ ਦੌਰਾਨ ਇਸੇ ਦਿਨ ਦੇ ਮੁਕਾਬਲੇ 10 ਫ਼ੀਸਦੀ ਤੋਂ ਵੱਧ ਹੈ। ਜਦੋਂਕਿ 19 ਜੁਲਾਈ 2025 ਨੂੰ ਇਹ ਮੰਗ 16,525 ਮੈਗਾਵਾਟ ਅਤੇ 19 ਜੁਲਾਈ 2024 ਨੂੰ 15,776 ਮੈਗਾਵਾਟ ਦਰਜ ਕੀਤੀ ਗਈ ਸੀ।

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ•, ਪਟਿਆਲਾ : ਸੁਸਤ ਮਾਨਸੂਨ ਅਤੇ ਭਿਆਨਕ ਗਰਮੀ ਕਾਰਨ ਬਣੀ ਹੁੰਮਸ ਦਾ ਸਿੱਧਾ ਅਸਰ ਪੰਜਾਬ ਵਿੱਚ ਬਿਜਲੀ ਦੀ ਮੰਗ ਅਤੇ ਸਪਲਾਈ 'ਤੇ ਪੈ ਰਿਹਾ ਹੈ। ਝੋਨੇ ਦੇ ਸੀਜ਼ਨ ਦੌਰਾਨ ਖੇਤਾਂ ਵਿੱਚ ਪਾਣੀ ਦੀ ਵਧਦੀ ਲੋੜ ਅਤੇ ਘਰਾਂ-ਦਫ਼ਤਰਾਂ ਵਿੱਚ ਏਅਰ ਕੰਡੀਸ਼ਨਰਾਂ ਦੀ ਵਧੀ ਵਰਤੋਂ ਕਾਰਨ ਸੂਬੇ ਵਿੱਚ ਬਿਜਲੀ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ 10 ਫ਼ੀਸਦੀ ਤੋਂ ਵੀ ਵੱਧ ਵਧ ਗਈ ਹੈ। ਇਸ ਵਧੀ ਮੰਗ ਨੇ ਪਾਵਰਕਾਮ ਦੇ ਪਸੀਨੇ ਛੁਡਾਏ ਹੋਏ ਹਨ ਤੇ ਪ੍ਰਬੰਧਕਾਂ ਦੀਆਂ ਵੀ ਚਿੰਤਾਵਾਂ ਵਧੀਆ ਹੋਈਆ ਹਨ। ਪਿਛਲੇ ਕਈ ਦਿਨਾਂ ਤੋਂ ਬਿਜਲੀ ਡਿਮਾਂਡ ਪੂਰੀ ਕਰਨ ਲਈ ਪਾਵਰਕਾਮ ਨੂੰ ਕੱਟਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਸੋਮਵਾਰ ਤੋਂ ਸੂਬੇ ’ਚ ਮੀਹ ਪੈਣ ਦੀ ਪੇਸ਼ੀਨਗੋਈ ਹੈ ਤੇ ਬਰਸਾਤ ਨਾਲ ਹੀ ਲੋਕਾਂ ਦੇ ਨਾਲ-ਨਾਲ ਪਾਵਰਕਾਮ ਨੂੰ ਰਾਹਤ ਦੀ ਉਮੀਦ ਹੈ।
ਹੁੰਮਸ ਭਰੀ ਗਰਮੀ ਦੌਰਾਨ ਐਤਵਾਰ ਨੂੰ ਪੰਜਾਬ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 17,117 ਮੈਗਾਵਾਟ ਦਰਜ ਕੀਤੀ ਗਈ, ਜੋ ਪਿਛਲੇ ਦੋ ਸਾਲਾਂ ਦੌਰਾਨ ਇਸੇ ਦਿਨ ਦੇ ਮੁਕਾਬਲੇ 10 ਫ਼ੀਸਦੀ ਤੋਂ ਵੱਧ ਹੈ। ਜਦੋਂਕਿ 19 ਜੁਲਾਈ 2025 ਨੂੰ ਇਹ ਮੰਗ 16,525 ਮੈਗਾਵਾਟ ਅਤੇ 19 ਜੁਲਾਈ 2024 ਨੂੰ 15,776 ਮੈਗਾਵਾਟ ਦਰਜ ਕੀਤੀ ਗਈ ਸੀ। ਮਾਨਸੂਨ ਦੀ ਸੁਸਤੀ ਅਤੇ ਝੋਨੇ ਦੇ ਸੀਜ਼ਨ ਕਾਰਨ ਕਰੀਬ 1,500 ਮੈਗਾਵਾਟ ਦੀ ਅਚਾਨਕ ਵਧੀ ਮੰਗ ਨੇ ਬਿਜਲੀ ਸਪਲਾਈ ’ਤੇ ਭਾਰੀ ਬੋਝ ਪਾਇਆ ਹੋਇਆ ਹੈ। 18 ਜੁਲਾਈ ਨੂੰ ਸੂਬੇ ਵਿੱਚ ਬਿਜਲੀ ਦੀ ਮੰਗ 17,452 ਮੈਗਾਵਾਟ ਤੱਕ ਰਹੀ ਸੀ।
ਵਧੀ ਹੋਈ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਪਾਵਰਕਾਮ ਨੂੰ ਆਪਣੇ ਸਾਰੇ ਸਰੋਤਾਂ ਦੀ ਵਰਤੋਂ ਕਰਨੀ ਪੈ ਰਹੀ ਹੈ। ਐਤਵਾਰ ਨੂੰ ਸਟੇਟ ਸੈਕਟਰ ਦੇ ਤਿੰਨੋਂ ਥਰਮਲ ਪਲਾਂਟਾਂ, ਪ੍ਰਾਈਵੇਟ ਸੈਕਟਰ ਦੇ ਦੋ ਥਰਮਲ ਪਲਾਂਟਾਂ ਅਤੇ ਹਾਈਡਲ ਪ੍ਰਾਜੈਕਟਾਂ ਤੋਂ ਕਰੀਬ 5,800 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ ਗਈ ਜਦੋਂ ਕਿ ਬਾਕੀ ਵੱਡੀ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਨੂੰ ਕੇਂਦਰੀ ਪੂਲ ਤੋਂ ਸਾਢੇ 10 ਹਜ਼ਾਰ ਮੈਗਾਵਾਟ ਤੋਂ ਵੱਧ ਬਿਜਲੀ ਖਰੀਦਣੀ ਪਈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਵੀ ਮਾਨਸੂਨ ਦੀ ਇਹੀ ਸੁਸਤੀ ਜਾਰੀ ਰਹੀ ਅਤੇ ਵਰਖਾ ਨਾ ਹੋਈ ਤਾਂ ਬਿਜਲੀ ਦੀ ਮੰਗ ਹੋਰ ਵਧ ਸਕਦੀ ਹੈ, ਜਿਸ ਨਾਲ ਪਾਵਰਕਾਮ 'ਤੇ ਵਿੱਤੀ ਬੋਝ ਵੀ ਹੋਰ ਵਧੇਗਾ।
---
ਕਈ ਇਲਾਕਿਆਂ ’ਚ ਲੱਗੇ ਕੱਟ
ਇਸ ਦੌਰਾਨ ਪਾਵਰਕਾਮ ਨੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਬਿਜਲੀ ਕੱਟ ਵੀ ਲਗਾਏ ਗਏ। ਇਸ ਸਬੰਧੀ ਪਾਵਰਕਾਮ ਵੱਲੋਂ ਪਹਿਲਾਂ ਹੀ ਸੂਚਨਾ ਜਾਰੀ ਕਰ ਦਿੱਤੀ ਗਈ ਸੀ। ਐਤਵਾਰ ਨੂੰ ਅੰਮ੍ਰਿਤਸਰ, ਫਿਰੋਜ਼ਪੁਰ, ਪਟਿਆਲਾ, ਬਠਿੰਡਾ, ਸੰਗਰੂਰ, ਫਤਿਹਗੜ੍ਹ ਸਾਹਿਬ, ਮਾਨਸਾ, ਅਬੋਹਰ ਅਤੇ ਡੇਰਾਬੱਸੀ ਦੇ ਸ਼ਹਿਰੀ ਖੇਤਰਾਂ ਵਿੱਚ ਅੱਧੇ ਘੰਟੇ ਤੋਂ ਲੈ ਕੇ ਦੋ ਘੰਟਿਆਂ ਤੱਕ ਬਿਜਲੀ ਕੱਟ ਲਗਾਏ ਗਏ। ਇਸ ਤੋਂ ਇਲਾਵਾ ਪੇਂਡੂ ਖੇਤਰਾਂ ਵਿੱਚ ਔਸਤਨ ਚਾਰ ਘੰਟਿਆਂ ਤੱਕ ਬਿਜਲੀ ਦੀ ਕਟੌਤੀ ਕੀਤੀ ਗਈ। ਹਾਲਾਂਕਿ ਇਹ ਕੱਟ ਲਗਾਤਾਰ ਨਹੀਂ ਸਨ, ਪਰ ਵਿਚਕਾਰ-ਵਿਚਕਾਰ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ਰਹੀ। ਬਿਜਲੀ ਕਿੱਲਤ ਕਾਰਨ ਖੇਤੀ ਖੇਤਰ ਨੂੰ ਦਿੱਤੀ ਜਾਣ ਵਾਲੀ ਬਿਜਲੀ ਸਪਲਾਈ ਵੀ 5 ਤੋਂ 7 ਘੰਟੇ ਦਿੱਤੀ ਜਾ ਰਹੀ ਹੈ।