ਬਰਸਾਤੀ ਪਾਣੀ ਨਾਲ ਘਿਰਿਆ ਸ਼ੇਰਪੁਰ ਦਾ ਸੁਵਿਧਾ ਕੇਂਦਰ ਬਰਸਾਤੀ ਪਾਣੀ ਨਾਲ ਘਿਰਿਆ ਸ਼ੇਰਪੁਰ ਦਾ ਸੁਵਿਧਾ ਕੇਂਦਰ
Publish Date: Thu, 02 Jul 2026 05:43 PM (IST)
Updated Date: Fri, 03 Jul 2026 04:08 AM (IST)
ਮਾਵਾਂ-ਧੀਆਂ ਸਤਿਕਾਰ ਯੋਜਨਾ ਲਈ ਸਰਟੀਫਿਕੇਟ ਬਣਵਾਉਣ ਆਈਆਂ ਔਰਤਾਂ ਨੂੰ ਪ੍ਰੇਸ਼ਾਨੀ ਸਤਪਾਲ ਸਿੰਘ ਕਾਲਾ ਬੂਲਾ ਪੰਜਾਬੀ ਜਾਗਰਣ, ਸ਼ੇਰਪੁਰ : ਬੀਤੀ ਰਾਤ ਪਈ ਤੇਜ਼ ਬਾਰਿਸ਼ ਤੋਂ ਬਾਅਦ ਇਲਾਕੇ ਦਾ ਸੁਵਿਧਾ ਕੇਂਦਰ ਬਰਸਾਤੀ ਪਾਣੀ ਨਾਲ ਘਿਰ ਗਿਆ, ਜਿਸ ਕਾਰਨ ਸਰਕਾਰੀ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕੇਂਦਰ ਦੇ ਮੁੱਖ ਪ੍ਰਵੇਸ਼ ਮਾਰਗ ਤੇ ਪਾਣੀ ਭਰਨ ਕਾਰਨ ਔਰਤਾਂ, ਵਿਦਿਆਰਥੀਆਂ ਅਤੇ ਬਜ਼ੁਰਗਾਂ ਨੂੰ ਰਸਤਾ ਬਦਲ ਕੇ ਕੇਂਦਰ ਤੱਕ ਪਹੁੰਚਣਾ ਪਿਆ। ਇਨ੍ਹਾਂ ਦਿਨਾਂ ਪੰਜਾਬ ਸਰਕਾਰ ਦੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਲੋੜੀਂਦੇ ਸਰਟੀਫਿਕੇਟ ਬਣਵਾਉਣ ਲਈ ਵੱਡੀ ਗਿਣਤੀ ਵਿੱਚ ਔਰਤਾਂ ਰੋਜ਼ਾਨਾ ਸੁਵਿਧਾ ਕੇਂਦਰ ਪਹੁੰਚ ਰਹੀਆਂ ਹਨ। ਪਾਣੀ ਭਰਨ ਦੇ ਬਾਵਜੂਦ ਸਵੇਰ ਤੋਂ ਹੀ ਔਰਤਾਂ ਟੋਕਨ ਲੈ ਕੇ ਆਪਣੀ ਵਾਰੀ ਦੀ ਉਡੀਕ ਵਿੱਚ ਲਾਈਨਾਂ ਵਿੱਚ ਖੜ੍ਹੀਆਂ ਨਜ਼ਰ ਆਈਆਂ। ਸੁਵਿਧਾ ਕੇਂਦਰ ਦੇ ਆਲੇ-ਦੁਆਲੇ ਸਥਿਤ ਟੈਕਸੀ ਯੂਨੀਅਨ, ਪ੍ਰੈਸ ਕਲੱਬ ਅਤੇ ਹੋਰ ਦੁਕਾਨਾਂ ਦੇ ਬਾਹਰ ਵੀ ਪਾਣੀ ਖੜ੍ਹਾ ਹੋਣ ਕਾਰਨ ਆਮ ਲੋਕਾਂ ਨੂੰ ਆਵਾਜਾਈ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੁਵਿਧਾ ਕੇਂਦਰ ਦੇ ਇੰਚਾਰਜ ਦੀਦਾਰ ਸਿੰਘ ਨੇ ਦੱਸਿਆ ਕਿ ਯੋਜਨਾ ਦੇ ਚੱਲਦਿਆਂ ਹਰ ਰੋਜ਼ ਵੱਡੀ ਗਿਣਤੀ ਵਿੱਚ ਔਰਤਾਂ ਕੇਂਦਰ ਵਿੱਚ ਸਰਟੀਫਿਕੇਟਾਂ ਲਈ ਪਹੁੰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰੋਜ਼ਾਨਾ ਕਰੀਬ 100 ਜਾਤੀ ਸਰਟੀਫਿਕੇਟਾਂ ਲਈ ਆਨਲਾਈਨ ਅਰਜ਼ੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਈ ਵਾਰ ਸਰਵਰ ਡਾਊਨ ਹੋਣ ਕਾਰਨ ਕੰਮ ਪ੍ਰਭਾਵਿਤ ਹੁੰਦਾ ਹੈ, ਜਿਸ ਨਾਲ ਲੋਕਾਂ ਨੂੰ ਹੋਰ ਉਡੀਕ ਕਰਨੀ ਪੈਂਦੀ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਜੇਕਰ ਸਰਕਾਰ ਇੱਕੋ ਥਾਂ ਤੇ ਵੱਖ-ਵੱਖ ਸਰਕਾਰੀ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ ਤਾਂ ਸੁਵਿਧਾ ਕੇਂਦਰ ਦੇ ਬਾਹਰ ਬਰਸਾਤੀ ਪਾਣੀ ਦੀ ਨਿਕਾਸੀ ਲਈ ਵੀ ਪੱਕੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਾਣੀ ਖੜ੍ਹਾ ਰਹਿਣ ਕਾਰਨ ਖ਼ਾਸ ਕਰਕੇ ਮਹਿਲਾਵਾਂ, ਬਜ਼ੁਰਗਾਂ ਅਤੇ ਵਿਕਲਾਂਗ ਵਿਅਕਤੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਸਰਪੰਚ ਨੂੰ ਆਖ ਕੇ ਮਸਲੇ ਦਾ ਹੱਲ ਕਰਵਾ ਦਿੱਤਾ ਜਾਵੇਗਾ: ਜਦੋਂ ਇਸ ਮਾਮਲੇ ਸਬੰਧੀ ਬਲਾਕ ਵਿਕਾਸ ਪੰਚਾਇਤ ਅਫਸਰ ਸ਼ੇਰਪੁਰ ਸੰਜੀਵ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਸਰਪੰਚ ਨਾਲ ਗੱਲ ਕਰਕੇ ਇਸ ਪਾਣੀ ਦੀ ਨਿਕਾਸੀ ਦੇ ਮਸਲੇ ਦਾ ਹੱਲ ਕਰਵਾਉਣਗੇ।