ਕੂੜਾ ਸੁੱਟਣ, ਪਾਥੀਆਂ ਪੱਥਣ ਤੋਂ ਇਲਾਵਾ ਨਸ਼ੇੜੀਆਂ ਦਾ ਅੱਡਾ ਬਣੇ ਸੁਵਿਧਾ ਕੇਂਦਰ
37 ਪਿੰਡਾਂ ਦੇ ਲੋਕਾਂ ਲਈ ਸ਼ੇਰਪੁਰ ਦਾ ਸੁਵਿਧਾ ਕੇਂਦਰ ਬਣਿਆ ਸਹਾਰਾ
Publish Date: Mon, 22 Jun 2026 04:05 PM (IST)
Updated Date: Tue, 23 Jun 2026 04:01 AM (IST)

ਬਲਾਕ ਦੇ ਸੱਤ ਕੇਂਦਰ ਹੋਏ ਬੰਦ, ਲੋਕ ਪਰੇਸ਼ਾਨ • ਸੁਵਿਧਾ ਕੇਂਦਰਾਂ ਦਾ ਕੀਮਤੀ ਸਾਮਾਨ ਵੀ ਹੋਇਆ ਖੁਰਦ ਬੁਰਦ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਪਿਛਲੀ ਅਕਾਲੀ ਦਲ ਦੀ ਸਰਕਾਰ ਸਮੇਂ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਸ਼ੇਰਪੁਰ ਬਲਾਕ ਦੇ ਵੱਖ-ਵੱਖ ਪਿੰਡਾਂ ਅੰਦਰ ਬਣੇ ਕਰੀਬ ਸੱਤ ਸੁਵਿਧਾ ਕੇਂਦਰ ਬੰਦ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੱਖਾਂ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਇਹ ਸੁਵਿਧਾ ਕੇਂਦਰ ਜਿੱਥੇ ਹੁਣ ਖੰਡਰਾਂ ਦਾ ਰੂਪ ਧਾਰਨ ਕਰ ਰਹੇ ਹਨ, ਉੱਥੇ ਲੋਕਾਂ ਦੇ ਕੂੜਾ ਸੁੱਟਣ ਤੇ ਪਾਥੀਆਂ ਪੱਥਣ ਤੋਂ ਇਲਾਵਾ ਹੁਣ ਨਸ਼ੇੜੀਆਂ ਦੇ ਅੱਡੇ ਬਣ ਚੁੱਕੇ ਹਨ। ਦੱਸ ਦਈਏ ਕਿ ਬਲਾਕ ਸ਼ੇਰਪੁਰ ਦੇ ਖੇੜੀ ਕਲਾਂ, ਅਲਾਲ, ਰੰਗੀਆਂ, ਫਤਿਹਗੜ੍ਹ ਪੰਜਗਰਾਈਆਂ, ਕਾਤਰੋਂ ਘਨੌਰੀ ਕਲਾ ਅਤੇ ਫਰਵਾਹੀ ਆਦਿ ਪਿੰਡਾਂ ਵਿੱਚ ਬਣੇ ਸੁਵਿਧਾ ਕੇਂਦਰ ਨੂੰ ਬੰਦ ਹੋ ਜਾਣ ਕਾਰਨ ਕਰੀਬ 37 ਪਿੰਡਾਂ ਤੇ ਲੋਕਾਂ ਨੂੰ ਆਪਣੇ ਕੰਮਕਾਜ ਕਰਵਾਉਣ ਲਈ ਅੱਜ ਕੱਲ ਸ਼ੇਰਪੁਰ ਦੇ ਸੁਵਿਧਾ ਕੇਂਦਰ ਵਿੱਚ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਦਕਿ ਪਹਿਲਾਂ ਇਹਨਾਂ ਸੁਵਿਧਾ ਕੇਂਦਰਾਂ ਤੋਂ ਆਲੇ- ਦੁਆਲੇ ਦੇ ਲੋਕ ਆਪਣੇ ਕੰਮਕਾਜ ਆਸਾਨੀ ਨਾਲ ਕਰਵਾ ਲੈਂਦੇ ਸਨ। ਲੋਕਾਂ ਦਾ ਕਹਿਣਾ ਹੈ ਕਿ ਇੱਕ ਤਾਂ ਅੱਤ ਦੀ ਗਰਮੀ ਵਿੱਚ ਉਹਨਾਂ ਨੂੰ 10 ਤੋਂ 15 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਸ਼ੇਰਪੁਰ ਦੇ ਸੁਵਿਧਾ ਕੇਂਦਰ ਵਿੱਚ ਆਉਣਾ ਪੈਂਦਾ ਹੈ। ਦੂਸਰਾ ਜਿਆਦਾ ਪਿੰਡ ਹੋਣ ਕਰਕੇ ਇੱਥੇ ਅਕਸਰ ਹੀ ਭੀੜ ਰਹਿੰਦੀ ਹੈ ਅਤੇ ਕੰਮਕਾਜ ਵੀ ਕਈ- ਕਈ ਦਿਨ ਲਟਕ ਜਾਂਦੇ ਹਨ। ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਮੀਤ ਪ੍ਰਧਾਨ ਜਸਪ੍ਰੀਤ ਜੱਸੀ ਖੇੜੀ, ਹੋਪ ਫਾਰ ਮਹਿਲ ਕਲਾਂ ਦੇ ਇਨਚਾਰਜ ਕੁਲਵੰਤ ਸਿੰਘ ਟਿੱਬਾ, ਸ਼੍ਰੋਮਣੀ ਅਕਾਲੀ ਦਲ ਹਲਕਾ ਧੂਰੀ ਦੇ ਇੰਚਾਰਜ ਰਣਜੀਤ ਸਿੰਘ ਰੰਧਾਵਾ, ਬਸਪਾ ਆਗੂ ਸੋਮਾ ਸਿੰਘ ਗੰਡੇਵਾਲ, ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਦੇ ਬਲਾਕ ਆਗੂ ਪੂਰਨ ਸਿੰਘ ਖਾਲਸਾ ਖਾਲਸਾ, ਸਾਬਕਾ ਸਰਪੰਚ ਹਰਪਾਲ ਸਿੰਘ ਗੋਬਿੰਦਪੁਰਾ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਸਰਬਜੀਤ ਸਿੰਘ ਆਲਾਲ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡਾਂ ਅੰਦਰ ਖੰਡਰ ਬਣ ਚੁੱਕੇ ਸੁਵਿਧਾ ਕੇਂਦਰਾਂ ਨੂੰ ਚਾਲੂ ਕਰਕੇ ਲੋਕਾਂ ਨੂੰ ਰਾਹਤ ਦਵਾਈ ਜਾਵੇ। ਬੰਦ ਕੇਂਦਰਾਂ ’ਚੋਂ ਕੀਮਤੀ ਸਾਮਾਨ ਗਾਇਬ : ਇਹ ਵੀ ਪਤਾ ਲੱਗਾ ਹੈ ਕਿ ਪਿੰਡਾਂ ਦੇ ਬੰਦ ਪਏ ਇਨ੍ਹਾਂ ਸੁਵਿਧਾ ਕੇਂਦਰਾਂ ਵਿੱਚ ਏਸੀ, ਤੇ ਹੋਰ ਫਰਨੀਚਰ ਵੀ ਉਥੋਂ ਖੁਰਦ ਬੁਰਦ ਹੋ ਚੁੱਕਾ ਹੈ। ਸ਼ੀਸ਼ੇ ਬਾਰੀਆਂ ਵੀ ਟੁੱਟ ਚੁੱਕੇ ਹਨ। ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲੱਗਾ ਹੈ। ਇਸ ਲਈ ਸਾਰਾ ਮਾਮਲਾ ਸ਼ੱਕ ਦਾ ਵਿਸ਼ਾ ਹੈ। ਨਸ਼ੇੜੀਆਂ ਅਕਸਰ ਇੱਥੇ ਬੈਠੇ ਰਹਿੰਦੇ ਹਨ ਬਲਾਕ ਸ਼ੇਰਪੁਰ ਦੇ ਅਧੀਨ ਵੱਖ ਵੱਖ ਪਿੰਡਾਂ ਅੰਦਰ ਬੰਦ ਪਏ ਸੁਵਿਧਾ ਕੇਂਦਰ ਅੱਜ ਕੱਲ ਨਸ਼ੇੜੀਆਂ ਦਾ ਅੱਡਾ ਬਣਦੇ ਜਾ ਰਹੇ ਹਨ। ਪਤਾ ਲੱਗਾ ਹੈ ਕਿ ਰਾਤ ਬਰਾਤੇ ਅਤੇ ਦੁਪਹਿਰ ਸਮੇਂ ਅਕਸਰ ਹੀ ਨਸ਼ੇੜੀ ਇੱਥੇ ਬੈਠ ਕਿ ਨਸ਼ੇ ਦੀ ਭਲ ਪੂਰੀ ਕਰਦੇ। ਜਿਸ ਦਾ ਆਸਰ ਨੌਜਵਾਨ ਪੀੜ੍ਹੀ ਤੇ ਵੀ ਪੈਂਦਾ ਹੈ। ਲੋਕਾਂ ਦੀਆਂ ਕਿਹੜੀਆਂ ਸਹੂਲਤਾਂ ਹੋਈਆਂ ਬੰਦ: .ਜਨਮ ਅਤੇ ਮੌਤ ਸਰਟੀਫਿਕੇਟ ਲਈ ਅਰਜ਼ੀ ਅਤੇ ਜਾਰੀ ਕਰਨਾ .ਆਮਦਨ, ਰਿਹਾਇਸ਼ ਤੇ ਜਾਤੀ ਸਰਟੀਫਿਕੇਟ ਬਣਵਾਉਣਾ .ਆਧਾਰ ਕਾਰਡ ਨਾਲ ਸਬੰਧਿਤ ਸੇਵਾਵਾਂ (ਜਿੱਥੇ ਉਪਲਬਧ ਹੋਣ) .ਪੈਨਸ਼ਨ ਸਕੀਮਾਂ ਲਈ ਅਰਜ਼ੀਆਂ ਬਿਜਲੀ, ਪਾਣੀ ਤੇ ਹੋਰ ਬਿੱਲਾਂ ਦੀ ਅਦਾਇਗੀ .ਵੱਖ-ਵੱਖ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਤੇ ਅਰਜ਼ੀ ਜ਼ਮੀਨੀ ਰਿਕਾਰਡ/ਫਰਦ ਨਾਲ ਜੁੜੀਆਂ ਸੇਵਾਵਾਂ .ਵੋਟਰ ਕਾਰਡ ਸਬੰਧੀ ਕੰਮ ਵਾਹਨ ਤੇ ਡਰਾਈਵਿੰਗ ਲਾਇਸੈਂਸ ਸੇਵਾਵਾਂ (ਕੁਝ ਕੇਂਦਰਾਂ ਵਿੱਚ) ਦਸਤਾਵੇਜ਼ਾਂ ਦੀ ਤਸਦੀਕ ਤੇ ਅਰਜ਼ੀਆਂ ਜਮ੍ਹਾਂ ਕਰਵਾਉਣਾ .ਈ-ਗਵਰਨੈਂਸ ਤੇ ਆਨਲਾਈਨ ਸਰਕਾਰੀ ਸੇਵਾਵਾਂ।