ਕੌਂਸਲ ਤੇ ਸੀਵਰੇਜ ਬੋਰਡ ਖ਼ਿਲਾਫ਼ ਕਾਂਗਰਸ ਨੇ ਕੀਤਾ ਰੋਸ ਵਿਖਾਵਾ
ਨਗਰ ਕੌਂਸਲ ਤੇ ਸੀਵਰੇਜ ਬੋਰਡ ਖ਼ਿਲਾਫ਼ ਕਾਂਗਰਸ ਦਾ ਹੱਲਾ ਬੋਲ
Publish Date: Fri, 26 Jun 2026 05:14 PM (IST)
Updated Date: Fri, 26 Jun 2026 05:16 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਨਗਰ ਕੌਂਸਲ ਰਾਜਪੁਰਾ, ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੀ ਕਥਿਤ ਨਾਕਾਮ ਕਾਰਗੁਜ਼ਾਰੀ ਖ਼ਿਲਾਫ਼ ਕਾਂਗਰਸ ਪਾਰਟੀ ਵੱਲੋਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਰੋਸ ਧਰਨਾ ਦੇ ਕੇ ਪੰਜਾਬ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਧਰਨੇ ਦੌਰਾਨ ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਰਾਜਪੁਰਾ ਸ਼ਹਿਰ ਵਿਚ ਪੀਣ ਵਾਲੇ ਪਾਣੀ, ਸੀਵਰੇਜ ਅਤੇ ਸਫ਼ਾਈ ਵਰਗੀਆਂ ਮੁੱਢਲੀਆਂ ਸਹੂਲਤਾਂ ਦਾ ਬੁਰਾ ਹਾਲ ਹੈ, ਜਦਕਿ ਨਗਰ ਕੌਂਸਲ ਤੇ ਸਬੰਧਤ ਵਿਭਾਗ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦੇ ਰਹੇ। ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਸੂਬਾ ਸਰਕਾਰ ਲੋਕ ਹਿੱਤਾਂ ਤੋਂ ਮੂੰਹ ਮੋੜ ਕੇ ਸੁੱਤੀ ਪਈ ਹੈ ਅਤੇ ਉਸ ਨੂੰ ਜਗਾਉਣ ਲਈ ਕਾਂਗਰਸ ਨੂੰ ਸੜਕਾਂ ਤੇ ਉਤਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਗਲੀਆਂ ਵਿੱਚ ਸੀਵਰੇਜ ਦੀ ਸਮੱਸਿਆ ਗੰਭੀਰ ਰੂਪ ਧਾਰ ਚੁੱਕੀ ਹੈ, ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੈ ਅਤੇ ਸਫ਼ਾਈ ਪ੍ਰਬੰਧ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੇ ਹਨ। ਕੰਬੋਜ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਵਿਕਸਤ ਕੀਤੇ ਗਏ ਸੁੰਦਰ ਪਾਰਕ ਅੱਜ ਬਦਹਾਲੀ ਦਾ ਸ਼ਿਕਾਰ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਾਰਡਾਂ ’ਚ ਕਾਂਗਰਸੀ ਕੌਂਸਲਰ ਜਿੱਤੇ ਹਨ, ਉਨ੍ਹਾਂ ਨਾਲ ਵਿਧਾਇਕਾ ਨੀਨਾ ਮਿੱਤਲ ਵੱਲੋਂ ਰਾਜਨੀਤਿਕ ਵਿਤਕਰਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਵਿਕਾਸ ਕਾਰਜ ਠੱਪ ਪਏ ਹਨ। ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ, ਕੌਂਸਲਰ ਡਿੰਪੀ ਰਾਣਾ, ਸਾਬਕਾ ਕੌਂਸਲਰ ਜਗਨੰਦਨ ਗੁਪਤਾ, ਅਮਰਜੀਤ ਸਿੰਘ ਲਿੰਕਨ ਸਮੇਤ ਕਈ ਆਗੂਆਂ ਨੇ ਵੀ ਸੰਬੋਧਨ ਕੀਤਾ, ਜਦਕਿ ਸਟੇਜ ਸਕੱਤਰ ਦੀ ਭੂਮਿਕਾ ਕੌਂਸਲਰ ਅਮਨਦੀਪ ਸਿੰਘ ਨਾਗੀ ਨੇ ਨਿਭਾਈ। ਧਰਨੇ ਦੇ ਅੰਤ ’ਚ ਪ੍ਰਦਰਸ਼ਨਕਾਰੀਆਂ ਨੇ ਆਮ ਆਦਮੀ ਪਾਰਟੀ, ਨਗਰ ਕੌਂਸਲ ਤੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸ਼ਹਿਰ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਇਸ ਕਰਨੇ ਦੌਰਾਨ ਬਲਦੇਵ ਸਿੰਘ ਗੱਦੋਮਾਜਰਾ, ਕੌਂਸਲਰ ਮਨੀਸ਼ ਮਜਾਲ, ਸੁਖਦੇਵ ਸਿੰਘ ਬਾਸਮਾ, ਯੂਥ ਕਾਂਗਰਸ ਪ੍ਰਧਾਨ ਨਵਦੀਪ ਸਿੰਘ ਨਵੀ, ਰਵਿੰਦਰ ਸਿੰਘ, ਅਨਿਲ ਕੁਮਾਰ ਟੰਨੀ, ਰਜਿੰਦਰ ਸਿੰਘ ਰਾਜੂ, ਅਵਤਾਰ ਸਿੰਘ ਨਲਾਸ ਰੋਡ, ਮਲਕੀਤ ਸਿੰਘ ਉੱਪਲਹੇੜੀ, ਗੁਰਪ੍ਰੀਤ ਸਿੰਘ ਜੰਡੋਲੀ, ਜੱਗਾ ਕੋਟਲਾ ਸਮੇਤ ਹੋਰ ਹਾਜ਼ਰ ਸਨ।