ਸੰਗਰੂਰ ਦੇ ਕਿਸ਼ਨ ਬਾਗ ’ਚ ਸੀਵਰੇਜ ਜਾਮ, ਲੋਕ ਪ੍ਰੇਸ਼ਾਨ
ਸੰਗਰੂਰ ਦੇ ਕਿਸ਼ਨ ਬਾਗ ’ਚ ਸੀਵਰੇਜ ਜਾਮ, ਲੋਕ ਪ੍ਰੇਸ਼ਾਨ
Publish Date: Sun, 21 Jun 2026 03:20 PM (IST)
Updated Date: Mon, 22 Jun 2026 04:01 AM (IST)

ਗਲੀ ਤੇ ਘਰਾਂ ’ਚ ਭਰਿਆ ਸੀਵਰੇਜ ਦਾ ਗੰਦਾ ਪਾਣੀ, ਬਿਮਾਰੀਆਂ ਫੈਲਣ ਦਾ ਭੈਅ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸ਼ਹਿਰ ਦੇ ਨਾਭਾ ਗੇਟ ਬਾਹਰ ਕਿਸ਼ਨ ਬਾਗ ਕਲੋਨੀ ਗਲੀ ਨੰਬਰ 9 ਵਿੱਚ ਪਿਛਲੇ ਕਈ ਦਿਨਾਂ ਤੋ ਸੀਵਰੇਜ ਜਾਮ ਹੋਣ ਕਾਰਨ ਲੋਕਾਂ ਦਾ ਜਿਊਣਾ ਦੁਭਰ ਹੋ ਗਿਆ ਹੈ। ਪਹਿਲਾਂ ਤਾਂ ਸਿਰਫ ਗੰਦਾ ਪਾਣੀ ਗਲੀ ਵਿੱਚ ਹੀ ਸੀ, ਪ੍ਰੰਤੂ ਹੁਣ ਹਾਲਾਤ ਇਹ ਹਨ ਕਿ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਭਰਨ ਲੱਗਾ ਹੈ। ਗਲੀ ਵਿੱਚ ਭਰੇ ਗੰਦੇ ਪਾਣੀ ਕਾਰਨ ਜਿੱਥੇ ਲੋਕਾਂ ਦਾ ਲੰਘਣਾ ਔਖਾ ਹੋ ਗਿਆ ਹੈ, ਉੱਥੇ ਹੀ ਘਰਾਂ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਰੋਟੀ ਖਾਣੀ ਵੀ ਔਖੀ ਹੋ ਗਈ ਹੈ। ਹਰ ਸਮੇ ਗੰਦੇ ਪਾਣੀ ਵਿੱਚੋ ਉਠਣ ਵਾਲੀ ਬਦਬੂ ਕਾਰਨ ਜਿੱਥੇ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ, ਉੱਥੇ ਹੀ ਇਸ ਗਰਮੀ ਦੇ ਮੌਸਮ ਵਿੱਚ ਕੋਈ ਵੀ ਭਿਆਨਕ ਬਿਮਾਰੀ ਫੈਲ ਸਕਦੀ ਹੈ ਅਤੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਸਕਦੀ ਹੈ। ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਲੋਕਾਂ ਦੀ ਕੋਈ ਸੁਣਵਾਈ ਨਹੀ ਹੋ ਰਹੀ। ਕਲੋਨੀ ਦੇ ਨਿਵਾਸੀ ਰਾਜ ਕੁਮਾਰ ਮਲਹੋਤਰਾ, ਮਨੀਸ਼ ਕੁਮਾਰ, ਦੀਪੀ, ਨੰਦ ਲਾਲ ਮਲਹੋਤਰਾ, ਰਜਿੰਦਰ ਕੁਮਾਰ ਅਤੇ ਓਮ ਪ੍ਰਕਾਸ਼ ਨੇ ਦੱਸਿਆ ਉਨ੍ਹਾਂ ਦੀ ਕਲੋਨੀ ਵਿੱਚ ਕਈ ਮਹੀਨੇ ਤੋਂ ਸੀਵਰੇਜ ਜਾਮ ਪਿਆ ਹੈ। ਪਹਿਲਾਂ ਥੋੜਾ ਬਹੁਤ ਪਾਣੀ ਸੁੱਕ ਜਾਂਦਾ ਸੀ, ਪ੍ਰੰਤੂ ਹੁਣ ਪਿਛਲੇ ਕਈ ਦਿਨਾਂ ਤੋ ਪਾਣੀ ਭਰਿਆ ਰਹਿਣ ਕਾਰਨ ਇਸ ਤੇ ਹਰੇ ਰੰਗ ਦੀ ਕਾਈ ਜੰਮਣ ਲੱਗੀ ਹੈ ਅਤੇ ਚਾਰੇ ਪਾਸੇ ਬਦਬੂ ਫੈਲੀ ਰਹੀ ਹੈ। ਇਹੋ ਜਿਹੇ ਹਾਲਾਤਾਂ ਵਿੱਚ ਇੱਥੇ ਲੋਕ ਕਿਵੇ ਰਹਿੰਦੇ ਹਨ, ਉਹ ਤਾਂ ਬੱਸ ਉਹੀ ਜਾਣਦੇ ਹਨ। ਗਲੀ ਵਿੱਚ ਸੀਵਰੇਜ ਦੇ ਭਰੇ ਪਾਣੀ ਕਾਰਨ ਲੋਕਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮਾਨਸੂਨ ਵੀ ਆਉਣ ਵਾਲਾ ਹੈ, ਜੇਕਰ ਹਾਲਾਤ ਪਹਿਲਾਂ ਹੀ ਅਜਿਹੇ ਹਨ ਤਾਂ ਬਾਰਿਸ਼ਾਂ ਵਿੱਚ ਕੀ ਹਾਲ ਹੋਵੇਗਾ? ਉਨ੍ਹਾਂ ਦੱਸਿਅਆ ਕਿ ਗਰਮੀ ਦਾ ਮੌਸਮ ਵੈਸੇ ਹੀ ਬਿਮਾਰੀਆਂ ਵਾਲਾ ਮੰਨਿਆਂ ਜਾਂਦਾ ਹੈ ਅਤੇ ਸੀਵਰੇਜ ਦੇ ਗੰਦੇ ਪਾਣੀਕਾਰਨ ਇੱਥੋੇ ਦੇ ਲੋਕ ਕਿਸੇ ਸਮੇ ਵੀ ਬਿਮਾਰੀਆਂ ਦੀ ਜਕੜ ਵਿੱਚ ਆ ਸਕਦੇ ਹਨ। ਕਲੋਨੀ ਨਿਵਾਸੀ ਅਨੇਕਾਂ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਤਰਲੇ ਮਿੰਨਤਾ ਕਰਕੇ ਥੱਕ ਚੁੱਕੇ ਹਨ, ਪ੍ਰੰਤੂ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਛੇਤੀ ਉਨ੍ਹਾਂ ਦੀ ਇਸ ਗੰਭੀਰ ਬਣ ਚੁੱਕੀ ਸਮੱਸਿਆ ਦਾ ਹੱਲ ਨਾ ਕੱਢਿਆ ਗਿਆ ਤਾਂ ਲੋਕ ਸੜਕਾਂ ਤੇ ਉਤਰਨ ਲਈ ਮਜ਼ਬੂਰ ਹੋ ਜਾਣਗੇ।