ਸਫਾਈ ਸੇਵਕਾਂ ਦੀ ਹੜਤਾਲ, ਮਲੇਰਕੋਟਲਾ 'ਚ ਲੱਗੇ ਗੰਦਗੀ ਦੇ ਢੇਰ ਸਫਾਈ ਸੇਵਕਾਂ ਦੀ ਹੜਤਾਲ, ਮਲੇਰਕੋਟਲਾ 'ਚ ਲੱਗੇ ਗੰਦਗੀ ਦੇ ਢੇਰ
Publish Date: Sat, 11 Jul 2026 04:11 PM (IST)
Updated Date: Sun, 12 Jul 2026 04:00 AM (IST)
ਬਿਮਾਰੀਆਂ ਦੇ ਫੈਲਣ ਦਾ ਵਧਿਆ ਖ਼ਤਰਾ, ਮੰਗਾਂ ਪੂਰੀਆਂ ਹੋਣ ਤੋਂ ਬਾਅਦ ਹੀ ਹੋਵੇਗਾ ਕੰਮ ਸ਼ੁਰੂ ਸੱਤਪਾਲ ਸਿੰਘ ਕਾਲਾਬੂਲਾ/ਰਹਿਮਾਨ ਪੰਜਾਬੀ ਜਾਗਰਣ, ਮਾਲੇਰਕੋਟਲਾ : ਸਫਾਈ ਸੇਵਕਾਂ ਦੀ ਅਣਮਿੱਥੇ ਸਮੇਂ ਲਈ ਚੱਲ ਰਹੀ ਹੜਤਾਲ ਦਾ ਅਸਰ ਹੁਣ ਸ਼ਹਿਰ ਦੀ ਸਾਫ਼-ਸਫ਼ਾਈ ਤੇ ਸਪੱਸ਼ਟ ਤੌਰ ਤੇ ਨਜ਼ਰ ਆਉਣ ਲੱਗਾ ਹੈ। ਸ਼ਹਿਰ ਦੀਆਂ ਮੁੱਖ ਸੜਕਾਂ, ਗਲੀਆਂ, ਬਾਜ਼ਾਰਾਂ ਅਤੇ ਜਨਤਕ ਥਾਵਾਂ ਤੇ ਕੂੜੇ-ਕਰਕਟ ਅਤੇ ਪਲਾਸਟਿਕ ਦੇ ਲਿਫ਼ਾਫਿਆਂ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਸ਼ਹਿਰ ਵਿੱਚ ਦਾਖ਼ਲ ਹੁੰਦੇ ਹੀ ਸੜਕਾਂ ਦੇ ਕਿਨਾਰਿਆਂ ਤੇ ਪਈ ਗੰਦਗੀ ਪ੍ਰਸ਼ਾਸਨ ਦੇ ਸਫਾਈ ਪ੍ਰਬੰਧਾਂ ਤੇ ਸਵਾਲ ਖੜ੍ਹੇ ਕਰ ਰਹੀ ਹੈ। ਲਗਾਤਾਰ ਵੱਧ ਰਹੀ ਗੰਦਗੀ ਕਾਰਨ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਕੂੜੇ ਦੀ ਚੁਕਾਈ ਨਾ ਹੋਈ ਤਾਂ ਬਰਸਾਤ ਦੇ ਮੌਸਮ ਦੌਰਾਨ ਮੱਛਰਾਂ ਅਤੇ ਮੱਖੀਆਂ ਦੀ ਗਿਣਤੀ ਵਧਣ ਨਾਲ ਡੇਂਗੂ, ਮਲੇਰੀਆ ਅਤੇ ਹੋਰ ਛੂਤ ਦੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਬਣ ਸਕਦਾ ਹੈ। ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਲੋਕਾਂ ਨੂੰ ਸਫ਼ਾਈ ਅਤੇ ਸਿਹਤ ਪ੍ਰਤੀ ਜਾਗਰੂਕ ਕਰਨ ਵਾਲੇ ਸਿਵਲ ਹਸਪਤਾਲ ਦੇ ਆਲੇ-ਦੁਆਲੇ ਵੀ ਕੂੜੇ ਦੇ ਢੇਰ ਅਤੇ ਪਲਾਸਟਿਕ ਦੇ ਲਿਫ਼ਾਫੇ ਪਏ ਦਿਖਾਈ ਦੇ ਰਹੇ ਹਨ। ਇਸ ਕਾਰਨ ਹਸਪਤਾਲ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਦੁਕਾਨਦਾਰ ਰਹਿਮਾਨ, ਸਰਪੰਚ ਗੁਰਮੀਤ ਸਿੰਘ ਮਾਹਮਦਪੁਰ, ਕੈਪਟਨ ਬਲਦੇਵ ਸਿੰਘ ਨੇ ਦੱਸਿਆ ਕਿ ਤੇਜ਼ ਹਵਾ ਅਤੇ ਬਰਸਾਤ ਦੌਰਾਨ ਕੂੜਾ ਅਤੇ ਪਲਾਸਟਿਕ ਦੇ ਲਿਫ਼ਾਫੇ ਉੱਡ ਕੇ ਦੁਕਾਨਾਂ ਅੰਦਰ ਆ ਜਾਂਦੇ ਹਨ, ਜਿਸ ਨਾਲ ਨਾ ਸਿਰਫ਼ ਕਾਰੋਬਾਰ ਪ੍ਰਭਾਵਿਤ ਹੁੰਦਾ ਹੈ, ਸਗੋਂ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਡਰ ਵੀ ਬਣਿਆ ਰਹਿੰਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਜਲਦ ਕੋਈ ਹੱਲ ਕੱਢਣ ਦੀ ਮੰਗ ਕੀਤੀ ਹੈ। ਘਰੇਲੂ ਕੂੜਾ ਨਿਰਧਾਰਤ ਥਾਵਾਂ ’ਤੇ ਪਾਉਣ ਦੀ ਅਪੀਲ ਸਫਾਈ ਸੇਵਕ ਯੂਨੀਅਨ ਦੇ ਆਗੂ ਦੀਪਕ ਮੱਧਣ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਹੱਲ ਨਹੀਂ ਕਰਦੀ, ਉਦੋਂ ਤੱਕ ਹੜਤਾਲ ਅਣਮਿਥੇ ਸਮੇਂ ਲਈ ਜਾਰੀ ਰਹੇਗੀ ਅਤੇ ਸਫਾਈ ਦਾ ਕੰਮ ਵੀ ਠੱਪ ਰੱਖਿਆ ਜਾਵੇਗਾ। ਸ਼ਹਿਰ ਵਾਸੀਆਂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਨਤਕ ਥਾਵਾਂ, ਸੜਕਾਂ ਤੇ ਖਾਲੀ ਪਲਾਟਾਂ ’ਚ ਕੂੜਾ ਸੁੱਟਣ ਤੋਂ ਗੁਰੇਜ਼ ਕਰਨ ਤੇ ਘਰੇਲੂ ਕੂੜਾ ਨਿਰਧਾਰਤ ਥਾਵਾਂ ’ਤੇ ਹੀ ਪਾਉਣ, ਤਾਂ ਜੋ ਸ਼ਹਿਰ ਨੂੰ ਗੰਦਗੀ ਅਤੇ ਸੰਭਾਵਿਤ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਨੇ ਨਗਰ ਕੌਂਸਲ ਅਤੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਸਫਾਈ ਸੇਵਕਾਂ ਨਾਲ ਜਲਦ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਿਆ ਜਾਵੇ, ਤਾਂ ਜੋ ਸ਼ਹਿਰ ਦੀ ਸਫਾਈ ਵਿਵਸਥਾ ਮੁੜ ਪਟੜੀ ਤੇ ਆ ਸਕੇ।