ਸਫ਼ਾਈ ਸੇਵਕਾਂ ਦੀ ਹੜਤਾਲ, ਸ਼ਹਿਰ ਹੋਇਆ ਬੇਹਾਲ ਸਫਾਈ ਸੇਵਕਾਂ ਦੀ ਹੜਤਾਲ, ਸ਼ਹਿਰ ਹੋਇਆ ਬੇਹਾਲ
Publish Date: Fri, 10 Jul 2026 04:03 PM (IST)
Updated Date: Sat, 11 Jul 2026 04:00 AM (IST)
ਹੜਤਾਲ ਦੇ ਤੀਜੇ ਦਿਨ ਹੀ ਕੂੜੇ ਦੇ ਢੇਰ ’ਚ ਤਬਦੀਲ ਹੋਇਆ ਸੰਗਰੂਰ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਜੈਪੁਰ ਦੀ ਤਰਜ ’ਤੇ ਵਸਿਆ ਸ਼ਹਿਰ ਸੰਗਰੂਰ ਜਿੱਥੇ ਆਪਣੀ ਖੂਬਸੂਰਤੀ ਲਈ ਮਸ਼ਹੂਰ ਹੈ, ਪ੍ਰੰਤੂ ਇਨੀਂ ਦਿਨੀਂ ਸਾਰਾ ਸ਼ਹਿਰ ਬਦਸੂਰਤ ਜਿਹਾ ਨਜ਼ਰ ਆ ਰਿਹਾ ਹੈ। ਕਿਉਂਕਿ ਸਫਾਈ ਸੇਵਕਾਂ ਵੱਲੋ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਹੜਤਾਲ ਨੇ ਸ਼ਹਿਰ ਨੂੰ ਬੇਹਾਲ ਕਰ ਦਿੱਤਾ ਹੈ। ਹੜਤਾਲ ਦੇ ਤੀਜੇ ਦਿਨ ਹੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ ਅਤੇ ਜੇਕਰ ਬਾਰਿਸ਼ ਹੁੰਦੀ ਹੈ ਤਾਂ ਸਥਿਤੀ ਹੋਰ ਵੀ ਭਿਆਨਕ ਬਣ ਜਾਵੇਗੀ। ਕੂੜੇ ਦੇ ਢੇਰਾਂ ਕਾਰਨ ਜਿੱਥੇ ਸ਼ਹਿਰ ਦਾ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ, ਉੱਥੇ ਹੀ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਪੈਦਾ ਹੋ ਸਕਦਾ ਹੈ। ਹੜਤਾਲ ਦੇ ਚਲਦਿਆਂ ਸ਼ਹਿਰ ਦੇ ਵੱਖ-ਵੱਖ ਹਿੱਸਿਆ ਰਣਬੀਰ ਕਲੱਬ, ਸਿਵਲ ਹਸਪਤਾਲ ਦੇ ਬਾਹਰ, ਨਾਭਾ ਗੇਟ, ਧੂਰੀ ਗੇਟ, ਟਿਆਲਾ ਗੇਟ, ਰਣਬੀਰ ਕਾਲਜ ਰੋਡ, ਕਿਲਾ ਮਾਰਕੀਟ, ਬਨਾਸਰ ਬਾਗ ਸਟੇਡੀਅਮ ਰੋਡ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਨ੍ਹਾਂ ’ਤੇ ਸਾਰਾ ਦਿਨ ਲਾਵਾਰਿਸ ਪਸ਼ੂ ਮੂੰਹ ਮਾਰਦੇ ਹਨ। ਹਾਲਾਤ ਇਹ ਹਨ ਕਿ ਇਨ੍ਹਾਂ ਕੂੜੇ ਦੇ ਢੇਰਾਂ ਕੋਲੋਂ ਲੰਘਣ ਸਮੇਂ ਲੋਕਾਂ ਨੂੰ ਨੱਕ ’ਤੇ ਰੁਮਾਲ ਰੱਖਣਾ ਪੈਂਦਾ ਹੈ। ਸਭ ਤੋਂ ਜ਼ਿਆਦਾ ਔਖਾ ਇੱਥੇ ਰਹਿਣ ਵਾਲੇ ਲੋਕਾਂ ਨੂੰ ਹੈ, ਜੋ ਸਾਰਾ ਦਿਨ ਕੂੜੇ ਦੇ ਢੇਰਾਂ ਵਿੱਚ ਉੱਠਣ ਵਾਲੀ ਬਦਬੂ ਦਾ ਸਾਹਮਣਾ ਕਰਦੇ ਹਨ। ਸ਼ਹਿਰ ਨਿਵਾਸੀ ਸੁਮਨ ਰਾਣੀ, ਕਮਲੇਸ਼ ਕੁਮਾਰੀ ਅਤੇ ਗੀਤਾ ਰਾਣੀ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋ ਸਫਾਈ ਸੇਵਕਾਂ ਦੇ ਨਾ ਆਉਣ ਕਾਰਨ ਘਰਾਂ ਵਿੱਚ ਕੂੜੇ ਇਕੱਠਾ ਹੋਇਆ ਪਿਆ ਹੈ। ਜਿਸਨੂੰ ਹੋਰ ਕੁਝ ਦਿਨ ਰੱਖਣਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬਾਰਿਸ਼ ਦੇ ਦਿਨਾਂ ਵਿੱਚ ਜੇਕਰ ਕੂੜਾ ਨਾ ਚੁੱਕਿਆ ਗਿਆ ਅਤੇ ਜੇਕਰ ਬਾਰਿਸ਼ ਹੁੰਦੀ ਹੈ ਤਾਂ ਹਾਲਾਤ ਹੋਰ ਵੀ ਜਿਆਦਾ ਖਰਾਬ ਹੋ ਜਾਣਗੇ ਅਤੇ ਲੋਕਾਂ ਨੂੰ ਗੰਭੀਰ ਬਿਮਾਰੀਆਂ ਲੱਗਣ ਦਾ ਖ਼ਤਰਾ ਹੈ। ਸਫ਼ਾਈ ਯੂਨੀਅਨ ’ਚ ਸਰਕਾਰ ਪ੍ਰਤੀ ਰੋਸ : ਜ਼ਿਲ੍ਹਾ ਪ੍ਰਧਾਨ ਹੜਤਾਲ ’ਤੇ ਡਟੇ ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਾਰਤ ਬੇਦੀ ਨੇ ਕਿਹਾ ਕਿ ਸਰਕਾਰ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀ ਕਰ ਰਹੀ। ਜਿਸ ਕਾਰਨ ਯੂਨੀਅਨ ਵਿੱਚ ਸਰਕਾਰ ਪ੍ਰਤੀ ਕਾਫੀ ਰੋਸ ਹੈ। ਉਨ੍ਹਾਂ ਕਿਹਾ 2 ਜੁਲਾਈ ਨੂੰ ਵਿੱਤ ਮੰਤਰੀ ਪੰਜਾਬ ਸਰਕਾਰ ਵੱਲੋ ਯੂਨੀਅਨ ਨਾਲ ਮੀਟਿੰਗ ਕੀਤੀ ਗਈ ਸੀ, ਪ੍ਰੰਤੂ ਇਹ ਮੀਟਿੰਗ ਵੀ ਕਿਸੇ ਨਤੀਜੇ ਨਾ ਪੁੱਜੀ।ਸਰਕਾਰ ਦੇ ਝੂਠੇ ਲਾਰਿਆਂ ਤੋ ਅੱਕੇ ਸਫਾਈ ਸੇਵਕਾਂ ਨੇ ਹੁਣ ਅਣਮਿੱਥੇ ਸਮੇ ਲਈ ਕੰਮ ਛੱਡ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਹੜਤਾਲ ਕਾਰਨ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਨੂੰ ਚੰਗੀ ਤਰ੍ਹਾਂ ਸਮਝਦੀ ਹੈ, ਪ੍ਰੰਤੂ ਸਫਾਈ ਸੇਵਕਾਂ ਦੀ ਆਪਣੀ ਮਜਬੂਰੀ ਹੈ। ਪੈਨਸ਼ਨ ਸਕੀਮ ਲਾਗੂ ਤੇ ਪੱਕੇ ਕਰਨ ਦੀ ਕੀਤੀ ਮੰਗ ਉਨ੍ਹਾਂ ਮੰਗ ਕੀਤੀ ਕਿ ਕੱਚੇ ਸਫਾਈ ਸੇਵਕਾਂ ਤੇ ਸੀਵਰਮੈਨਾਂ ਨੂੰ ਪੱਕਾ ਕੀਤਾ ਜਾਵੇ, 2004 ਤੋਂ ਬਾਅਦ ਬੰਦ ਕੀਤੀ ਪੈਨਸ਼ਨ ਸਕੀਮ ਲਾਗੂ ਕੀਤਾ ਜਾਵੇ, ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇ, 2021 ਵਿੱਚ ਰੈਗੂਲਰ ਕੀਤੇ 27 ਸਫਾਈ ਸੇਵਕਾਂ ਨੂੰ ਸਰਵਿਸ ਬੁੱਕ ਜਾਰੀ ਜਾਵੇ ਅਤੇ ਹੋਰ ਰਹਿੰਦੀਆਂ ਮੰਗਾਂ ਨੂੰ ਵੀ ਛੇਤੀ ਤੋ ਛੇਤੀ ਪੂਰਾ ਕੀਤਾ ਜਾਵੇ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ।