ਦਸਤਾਰ ਮੁਕਾਬਲੇ ’ਚ 250 ਬੱਚਿਆਂ ਨੇ ਦਿਖਾਇਆ ਹੁਨਰ ਦਸਤਾਰ ਮੁਕਾਬਲੇ ’ਚ 250 ਬੱਚਿਆਂ ਨੇ ਦਿਖਾਇਆ ਹੁਨਰ
Publish Date: Fri, 10 Jul 2026 06:33 PM (IST)
Updated Date: Sat, 11 Jul 2026 04:06 AM (IST)
ਜੇਤੂਆਂ ਨੂੰ ਨਗਦ ਇਨਾਮ, ਦਸਤਾਰਾਂ, ਮੈਡਲ ਅਤੇ ਸਨਮਾਨ ਚਿੰਨ੍ਹ ਭੇਟ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ : ਸਾਲਾਨਾ ਗੁਰਮਤਿ ਸਮਾਗਮ ਮੌਕੇ ਸਤਿਕਾਰਯੋਗ ਬ੍ਰਹਮਲੀਨ ਬੀਰਮਦਾਸ ਜੀ, ਪੂਰਨਦਾਸ ਜੀ ਅਤੇ ਸੰਤ ਬਾਬਾ ਬਲਵੰਤ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਗੁਰਦੁਆਰਾ ਸੁਖਸਾਗਰ ਸਾਹਿਬ ਬਾਲੇਵਾਲ-ਭੋਗੀਵਾਲ ਵਿਖੇ ਆਓ ਦਸਤਾਰਾਂ ਸਜਾਈਏ ਮੁਹਿੰਮ ਤਹਿਤ ਸੰਤ ਖਾਲਸਾ ਸੰਤ ਬਲਵੰਤ ਸਿੰਘ ਯਾਦਗਾਰੀ ਚੈਰੀਟੇਬਲ ਟਰੱਸਟ ਅਤੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿੱਚ ਕਰੀਬ 250 ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲੈ ਕੇ ਆਪਣੀ ਦਸਤਾਰ ਸਜਾਉਣ ਦੀ ਕਲਾ ਦਾ ਪ੍ਰਦਰਸ਼ਨ ਕੀਤਾ। ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਮਨਦੀਪ ਸਿੰਘ ਖੁਰਦ ਨੇ ਦੱਸਿਆ ਕਿ ਦਸਤਾਰ ਸਿੱਖ ਕੌਮ ਦੀ ਵਿਲੱਖਣ ਪਹਿਚਾਣ ਅਤੇ ਸਵੈ-ਮਾਣ ਦਾ ਪ੍ਰਤੀਕ ਹੈ। ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਅਤੇ ਦਸਤਾਰ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਇਹ ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਜੇਤੂ ਬੱਚਿਆਂ ਨੂੰ ਹਜ਼ਾਰਾਂ ਰੁਪਏ ਦੇ ਨਗਦ ਇਨਾਮ, ਦਸਤਾਰਾਂ ਅਤੇ ਯਾਦਗਾਰੀ ਸਨਮਾਨ ਚਿੰਨ੍ਹ ਭੇਟ ਕੀਤੇ ਗਏ, ਜਦਕਿ ਮੁਕਾਬਲੇ ਵਿੱਚ ਸ਼ਾਮਲ ਹੋਏ ਸਾਰੇ ਬੱਚਿਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਮੈਡਲ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ। ਸਮਾਗਮ ਦੌਰਾਨ ਉੱਘੇ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ (ਚੇਅਰਮੈਨ ਕੇ.ਐੱਸ. ਗਰੁੱਪ) ਨੇ ਬੱਚਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਅਮਰਗੜ੍ਹ ਦੇ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀ ਨੇ ਵੀ ਬੱਚਿਆਂ ਲਈ ਨਗਦ ਰਾਸ਼ੀ ਦੇ ਕੇ ਸਹਿਯੋਗ ਦਿੱਤਾ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਭਾਈ ਸੁਖਬੀਰ ਸਿੰਘ ਫਲੌਡ ਅਤੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਪ੍ਰਚਾਰਕ ਭਾਈ ਪ੍ਰਦੀਪ ਸਿੰਘ ਬਦੀਨਪੁਰ ਨੇ ਬੱਚਿਆਂ ਨੂੰ ਦਸਤਾਰ ਦੀ ਮਹੱਤਤਾ ਅਤੇ ਸਿੱਖ ਵਿਰਸੇ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ। ਸਮਾਗਮ ਵਿੱਚ ਬਾਬਾ ਕੁਲਦੀਪ ਸਿੰਘ ਮੋਨੀ, ਬਾਬਾ ਏਕਮ ਸਿੰਘ, ਬਾਬਾ ਹਰਮਿੰਦਰ ਸਿੰਘ ਡੇਹਲੋਂ, ਜਸਵੀਰ ਸਿੰਘ ਜੱਸੀ, ਭਾਈ ਗੁਰਵਿੰਦਰ ਸਿੰਘ ਲਵਲੀ, ਇੰਟਰਨੈਸ਼ਨਲ ਦਸਤਾਰ ਕੋਚ ਹਰਵਿੰਦਰ ਸਿੰਘ ਅਮਰਗੜ੍ਹ, ਹਰਪ੍ਰੀਤ ਸਿੰਘ ਚੀਮਾਂ, ਪ੍ਰਭਪਿੰਦਰ ਸਿੰਘ ਬਾਠਾਂ, ਧਰਮਪ੍ਰੀਤ ਸਿੰਘ ਦੁਲਮਾ, ਤਰਨਵੀਰ ਸਿੰਘ ਅਲੀਪੁਰ, ਜਸ਼ਨਦੀਪ ਸਿੰਘ ਮਲੌਦ, ਜਪਜੀਤ ਸਿੰਘ ਮਲੌਦ, ਮਨਵੀਰ ਸਿੰਘ ਮਲੌਦ, ਜਸ਼ਨਦੀਪ ਸਿੰਘ ਤਾਜਪੁਰ, ਤਰਨਜੀਤ ਸਿੰਘ ਭੈਣੀ ਅਤੇ ਸੁਖਪ੍ਰੀਤ ਸਿੰਘ ਖੱਟੜਾਹਾਜ਼ਰ ਸਨ।