ਪਟਿਆਲਾ 'ਚ ਬੇਅਦਬੀ: ਗੁਰੂ ਸਾਹਿਬ ਦੀ ਗੰਦਗੀ ’ਤੇ ਰੱਖੀ ਫੋਟੋ ਇੰਟਰਨੈੱਟ ’ਤੇ ਪਾਈ, ਸਾਈਬਰ ਸੈੱਲ ਵੱਲੋਂ ਜਾਂਚ ਸ਼ੁਰੂ
ਇੰਸਟਾਗ੍ਰਾਮ ’ਤੇ ਅਪਲੋਡ ਹੋਈ ਇਸ ਵੀਡੀਓ ਦੇ ਪ੍ਰਬੰਧਕਾਂ ਕੋਲ ਪਹੁੰਚਦਿਆਂ ਹੀ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ। ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਐੱਸਐੱਸਪੀ ਵਰੁਣ ਸ਼ਰਮਾ ਨੂੰ ਮਿਲ ਕੇ ਇਹ ਵੀਡੀਓ ਸੌਂਪਦਿਆਂ ਸ਼ਿਕਾਇਤ ਦਰਜ ਕਰਵਾਈ ਹੈ।
Publish Date: Wed, 18 Feb 2026 10:29 AM (IST)
Updated Date: Wed, 18 Feb 2026 10:32 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ: ਸਨੌਰ ਇਲਾਕੇ ’ਚ ਬੀਤੇ ਦਿਨੀਂ ਸ੍ਰੀ ਅਖੰਡ ਪਾਠ ਸਾਹਿਬ ਦੌਰਾਨ ਪਾਵਨ ਸਰੂਪ ਦੀ ਬੇਅਦਬੀ ਦਾ ਮਾਮਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਹੁਣ ਫਿਰ ਇੰਟਰਨੈੱਟ ’ਤੇ ਬੇਅਦਬੀ ਦੀ ਇਕ ਹੋਰ ਘਟਨਾ ਵਾਇਰਲ ਹੋ ਗਈ ਹੈ। ਗੁਰਦੁਆਰਾ ਕਲਗੀਧਰ ਸਾਹਿਬ ਦੇ ਅੰਦਰ ਲੰਗਰ ਲਈ ਰੱਖੇ ਬਰਤਨਾਂ ਦੇ ਨੇੜੇ ਗੁਰੂ ਸਾਹਿਬ ਦੀ ਫੋਟੋ ਗੰਦਗੀ ’ਤੇ ਰੱਖੀ ਹੋਣ ਦੀ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋਈ ਹੈ।
ਇੰਸਟਾਗ੍ਰਾਮ ’ਤੇ ਅਪਲੋਡ ਹੋਈ ਇਸ ਵੀਡੀਓ ਦੇ ਪ੍ਰਬੰਧਕਾਂ ਕੋਲ ਪਹੁੰਚਦਿਆਂ ਹੀ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ। ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਐੱਸਐੱਸਪੀ ਵਰੁਣ ਸ਼ਰਮਾ ਨੂੰ ਮਿਲ ਕੇ ਇਹ ਵੀਡੀਓ ਸੌਂਪਦਿਆਂ ਸ਼ਿਕਾਇਤ ਦਰਜ ਕਰਵਾਈ ਹੈ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਡੀਐੱਸਪੀ ਸਾਈਬਰ ਕ੍ਰਾਈਮ ਗੁਰਵੀਰ ਸਿੰਘ ਨੂੰ ਸੌਂਪ ਦਿੱਤੀ ਗਈ ਹੈ।
ਸ਼ਿਕਾਇਤ ਦੇਣ ਪਹੁੰਚੇ ਪ੍ਰਧਾਨ ਮਹਾਵੀਰ ਸਿੰਘ, ਮੈਂਬਰ ਗੁਰਮੀਤ ਸਿੰਘ, ਕੈਸ਼ੀਅਰ ਜਰਨੈਲ ਸਿੰਘ, ਮੈਂਬਰ ਪ੍ਰੀਤਮ ਸਿੰਘ, ਮੈਂਬਰ ਜਸਪਾਲ ਸਿੰਘ, ਮੈਂਬਰ ਕਰਮਜੀਤ ਸਿੰਘ, ਨੰਬਰਦਾਰ ਰਾਜ ਸਿੰਘ ਅਤੇ ਸੰਜੇ ਨਿਵਾਸੀ ਸਾਹਿਬ ਨਗਰ ਥੇੜੀ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਬੇਅਦਬੀ ਕਰਨ ਤੋਂ ਬਾਅਦ ਝੂਠੀ ਕਹਾਣੀ ਬਣਾ ਕੇ ਵੀਡੀਓ ਅਪਲੋਡ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਪ੍ਰਬੰਧਕ ਕਮੇਟੀ ਅਨੁਸਾਰ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਕੁਝ ਲੋਕਾਂ ਨੇ ਜਾਣਬੁੱਝ ਕੇ ਗੁਰੂ ਸਾਹਿਬਾਨ ਦੀ ਤਸਵੀਰ ਦੀ ਬੇਅਦਬੀ ਕਰਕੇ ਇਸ ਦੀ ਵੀਡੀਓ ਇੰਸਟਾਗ੍ਰਾਮ ’ਤੇ ਅਪਲੋਡ ਕਰ ਦਿੱਤੀ। ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਨ ਲਈ ਇਹ ਲੋਕ ਖ਼ੁਦ ਹੀ ਬੇਅਦਬੀ ਕਰ ਰਹੇ ਹਨ ਅਤੇ ਲਾਪਰਵਾਹੀ ਦੀ ਫਰਜ਼ੀ ਕਹਾਣੀ ਬਣਾ ਕੇ ਇੰਸਟਾਗ੍ਰਾਮ ਦੀ ਫੇਕ ਆਈਡੀ ’ਤੇ ਵੀਡੀਓ ਅਪਲੋਡ ਕੀਤੀ ਜਾ ਰਹੀ ਹੈ। ਕਮੇਟੀ ਮੈਂਬਰਾਂ ਨੇ ਕਿਹਾ ਕਿ ਜੇਕਰ ਅਜਿਹਾ ਕੁਝ ਹੋਇਆ ਸੀ ਤਾਂ ਕਮੇਟੀ ਨੂੰ ਸ਼ਿਕਾਇਤ ਕੀਤੀ ਜਾਣੀ ਚਾਹੀਦੀ ਸੀ। ਪਰ ਅਜਿਹਾ ਕਰਨ ਦੀ ਬਜਾਏ ਲੋਕਾਂ ਨੂੰ ਗੁੰਮਰਾਹ ਕਰਨ ਲਈ ਫਰਜ਼ੀ ਵੀਡੀਓ ਤਿਆਰ ਕੀਤੀ ਗਈ ਹੈ।
ਸ਼ਿਕਾਇਤ ਮਿਲਣ ਤੋਂ ਬਾਅਦ ਐੱਸਐੱਸਪੀ ਨੇ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ, ਉੱਥੇ ਹੀ ਡੀਐੱਸਪੀ ਸਾਈਬਰ ਕ੍ਰਾਈਮ ਗੁਰਵੀਰ ਸਿੰਘ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਸ਼ਿਕਾਇਤ ਦੀ ਜਾਂਚ ਲਈ ਫਾਈਲ ਸਾਈਬਰ ਕ੍ਰਾਈਮ ਥਾਣੇ ਭੇਜੀ ਗਈ ਹੈ।