ਦੌੜ ਮੁਕਾਬਲੇ ’ਚ ਜੇਤੂਆਂ ਨੂੰ ਵਾਸ਼ਿੰਗ ਮਸ਼ੀਨਾਂ ਤੇ ਨਕਦ ਰਾਸ਼ੀ ਨਾਲ ਸਨਮਾਨੇ
ਕਾਲਾਬੂਲਾ 'ਚ ਨੌਜਵਾਨਾਂ ਵੱਲੋਂ ਕਰਵਾਇਆ ਦੌੜ ਮੁਕਾਬਲਾ
Publish Date: Mon, 22 Jun 2026 05:24 PM (IST)
Updated Date: Tue, 23 Jun 2026 04:04 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ਼ੇਰਪੁਰ : ਨੌਜਵਾਨ ਏਕਤਾ ਕਲੱਬ ਕਾਲਾਬੂਲਾ ਵੱਲੋਂ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨੌਜਵਾਨਾਂ ਦੇ ਦੌੜ ਮੁਕਾਬਲੇ ਟੂਰਨਾਮੈਂਟ ਕਰਵਾਏ ਗਏ। ਜਿਸ ਦਾ ਉਦਘਾਟਨ ਬਾਬਾ ਪ੍ਰਿਤਪਾਲ ਸਿੰਘ ਅਤੇ ਸਰਪੰਚ ਡਾ. ਰਣਜੀਤ ਸਿੰਘ ਕਾਲਾਬੂਲਾ ਵੱਲੋਂ ਕੀਤਾ ਗਿਆ। ਇਸ ਖੇਡ ਟੂਰਨਾਮੈਂਟ ਵਿੱਚ ਭਾਨਾ ਸਿੱਧੂ, ਕਾਂਗਰਸੀ ਆਗੂ ਕਮਲਜੀਤ ਚੱਕ ਦੇ ਪਿਤਾ ਸੁਖਦੇਵ ਸਿੰਘ ਚੱਕ, ਕਥਾਵਾਚਕ ਗੁਰਪ੍ਰੀਤ ਸਿੰਘ ਕਾਲਾਬੂਲਾ ਅਤੇ ਸੁਖਮਿੰਦਰ ਸਿੰਘ ਰੰਧਾਵਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਮੌਕੇ ਭਾਨਾ ਸਿੱਧੂ ਨੇ ਕਿਹਾ ਕਿ ਨਸ਼ਾ ਕੋਈ ਸ਼ੌਕ ਨਹੀਂ, ਇਹ ਜ਼ਿੰਦਗੀ ਅਤੇ ਪਰਿਵਾਰਾਂ ਨੂੰ ਖਾ ਜਾਣ ਵਾਲਾ ਜ਼ਹਿਰ ਹੈ। ਜੋ ਹੱਥ ਕਲਮ, ਖੇਡ ਅਤੇ ਮਿਹਨਤ ਲਈ ਬਣੇ ਹਨ, ਉਹ ਨਸ਼ਿਆਂ ਨਾਲ ਬਰਬਾਦ ਨਹੀਂ ਹੋਣੇ ਚਾਹੀਦੇ। ਕਲੱਬ ਦੇ ਆਗੂ ਕੋਚ ਹਰਵਿੰਦਰ ਹੈਰੀ, ਅਮਨਪ੍ਰੀਤ ਸਿੰਘ, ਕਰਨ ਕਾਲਾਬੂਲਾ, ਜਸਵਿੰਦਰ ਸਿੰਘ ਅਤੇ ਜਗਤਾਰ ਸਿੰਘ ਫੌਜੀ ਦੀ ਅਗਵਾਈ ਹੇਠ ਹੋਏ 800 ਮੀਟਰ ਓਪਨ ਦੇ ਹੋਏ ਦੌੜ ਮੁਕਾਬਲਿਆਂ ਵਿੱਚ ਨਵਜੋਤ ਕੌਰ ਪੱਖੋ ਕਲਾਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਵਾਸਿੰਗ ਮਸ਼ੀਨ ਜਿੱਤੀ ਅਤੇ ਰਮਨਜੀਤ ਕੌਰ ਨੇ ਦੂਸਰਾ ਸਥਾਨ ਹਾਸਿਲ ਕਰਦਿਆਂ 2100 ਦਾ ਨਗਦ ਇਨਾਮ ਪ੍ਰਾਪਤ ਕੀਤਾ। ਜਦਕਿ ਤੀਜੇ ਸਥਾਨ ਤੇ ਰਹੀ ਖੁਸ਼ਪ੍ਰੀਤ ਕੌਰ ਪੱਖੋ ਕਲਾਂ ਨੇ 1100 ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਅੰਡਰ 14 ਦੇ ਮੁਕਾਬਲਿਆਂ ਵਿੱਚ ਮਨੀਸਾ ਨੇ ਪਹਿਲਾ ਸਥਾਨ, ਹਰਮਨ ਖਿਲਰੀਆਂ ਨੇ ਦੂਜਾ ਸਥਾਨ ਅਤੇ ਮੰਨਤਬੀਰ ਬਰਨਾਲਾ ਤੀਜੇ ਸਥਾਨ ਤੇ ਰਹੇ। ਇਸੇ ਤਰ੍ਹਾਂ 1600 ਮੀਟਰ ਅਗਨੀ ਵੀਰ ਨੌਜਵਾਨਾਂ ਦੇ ਮੁਕਾਬਲਿਆਂ ਵਿੱਚ ਗੁਰਤੇਜ ਸਿੰਘ ਕਾਲਾ ਸੰਗਰੂਰ ਨੇ ਪਹਿਲਾ ਸਥਾਨ ਹਾਸਿਲ ਕਰਕੇ ਵਾਸ਼ਿੰਗ ਮਸ਼ੀਨ ਤੇ ਕਬਜ਼ਾ ਕੀਤਾ।ਜਦ ਕਿ ਸਤਨਾਮ ਸਿੰਘ ਦਿਓਲ ਨੇ 2100 ਰੁਪਏ ਅਤੇ ਹਨੀ ਧੂਰਾ ਨੇ ਨਾਮ ਹਾਸਿਲ ਕੀਤਾ। ਇਹਨਾਂ ਮੁਕਾਬਲਿਆਂ ਵਿੱਚ ਦਿਲਪ੍ਰੀਤ ਅਤੇ ਜੋਬਨ ਘਨੌਰੀ ਨੇ ਹੈਰੀ ਅਕੈਡਮੀ ਵੱਲੋਂ ਭਾਗ ਲਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਹਿਜ ਨੂਰ ਅਨਮੋਲ, ਹਕੀਕਤ ਕੌਰ ਜਗਰਾਉਂ ਅਤੇ ਕਬੱਡੀ ਖਿਡਾਰੀ ਸੱਤਾ ਕਾਲਾਬੂਲਾ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਫੌਜੀ, ਮੱਖਣ ਸਿੰਘ, ਮੁਲਾਜ਼ਮ ਸਿਹਤ ਵਿਭਾਗ, ਹੌਲਦਾਰ ਰਾਮ ਸਿੰਘ, ਲਖਵਿੰਦਰ ਸਿੰਘ ਲੱਖਾ, ਰੇਸਮ ਸਿੰਘ, ਦੇਵ ਸਿੰਘ ਭੱਠਲ, ਸੂਬੇਦਾਰ ਰਾਮ ਸਿੰਘ ਹਾਜ਼ਰ ਸਨ।