ਘਨੌਰ-ਸ਼ੰਭੂ ਸੜਕ ਦਾ ਨਿਰਮਾਣ ਅੱਧ ਵਿਚਕਾਰ ਲਟਕਿਆ
ਘਨੌਰ-ਸੰਭੂ ਸੜਕ ਦਾ ਨਿਰਮਾਣ ਅੱਧ ਵਿਚਕਾਰ ਲਟਕਿਆ, ਰਾਹਗੀਰਾਂ ਦੀ ਜਾਨ ਨਾਲ ਖੇਡ ਰਿਹਾ ਵਿਭਾਗ
Publish Date: Wed, 24 Jun 2026 04:49 PM (IST)
Updated Date: Wed, 24 Jun 2026 04:52 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਘਨੌਰ ਤੋਂ •ਸ਼ੰਭੂ ਤੱਕ ਬਣ ਰਹੀ ਸੜਕ ਦਾ ਨਿਰਮਾਣ ਕੰਮ ਲੋਕ ਨਿਰਮਾਣ ਵਿਭਾਗ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਕਈ ਮਹੀਨਿਆਂ ਤੋਂ ਚੱਲ ਰਹੇ ਇਸ ਪ੍ਰੋਜੈਕਟ ਦਾ ਕੰਮ ਅਜੇ ਤੱਕ ਮੁਕੰਮਲ ਨਹੀਂ ਹੋ ਸਕਿਆ, ਜਿਸ ਕਾਰਨ ਰੋਜ਼ਾਨਾ ਸਫ਼ਰ ਕਰਨ ਵਾਲੇ ਹਜ਼ਾਰਾਂ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਦੇ ਕਰੀਬ 3 ਤੋਂ 4 ਕਿਲੋਮੀਟਰ ਹਿੱਸੇ ਵਿਚ ਨਵੀਂ ਲੁੱਕ ਸਿਰਫ਼ ਅੱਧੀ ਸੜਕ ਉੱਤੇ ਹੀ ਪਾਈ ਗਈ ਹੈ, ਜਦਕਿ ਬਾਕੀ ਹਿੱਸਾ ਪੁਰਾਣੀ ਸੜਕ ਦੇ ਪੱਧਰ ਤੇ ਛੱਡ ਦਿੱਤਾ ਗਿਆ ਹੈ। ਇਸ ਕਾਰਨ ਸੜਕ ਇਕ ਪਾਸੇ ਉੱਚੀ ਅਤੇ ਦੂਜੇ ਪਾਸੇ ਨੀਵੀਂ ਬਣ ਗਈ ਹੈ, ਜੋ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਖ਼ਾਸ ਕਰਕੇ ਦੋਪਹੀਆ ਵਾਹਨ ਚਾਲਕਾਂ, ਸਾਈਕਲ ਸਵਾਰਾਂ ਤੇ ਰਾਤ ਸਮੇਂ ਸਫ਼ਰ ਕਰਨ ਵਾਲਿਆਂ ਲਈ ਇਹ ਸੜਕ ਖ਼ਤਰਨਾਕ ਸਾਬਤ ਹੋ ਰਹੀ ਹੈ। ਮੌਕੇ ਦੀਆਂ ਤਸਵੀਰਾਂ ਤੋਂ ਸਪੱਸ਼ਟ ਹੈ ਕਿ ਸੜਕ ਦੇ ਵਿਚਕਾਰ ਉਚਾਈ ਦਾ ਕਾਫ਼ੀ ਫਰਕ ਹੈ, ਜਿਸ ਨਾਲ ਵਾਹਨਾਂ ਦਾ ਸੰਤੁਲਨ ਵਿਗੜਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਘਨੌਰ-ਸ਼ੰਭੂ ਮਾਰਗ ਇਕ ਮਹੱਤਵਪੂਰਨ ਸੰਪਰਕ ਸੜਕ ਹੈ, ਜਿਸ ਤੋਂ ਹਰ ਰੋਜ਼ ਸੈਂਕੜੇ ਵਾਹਨ ਲੰਘਦੇ ਹਨ। ਪਰੰਤੂ ਨਿਰਮਾਣ ਕੰਮ ਦੀ ਧੀਮੀ ਰਫ਼ਤਾਰ ਤੇ ਵਿਭਾਗ ਦੀ ਅਣਗਹਿਲੀ ਕਾਰਨ ਲੋਕ ਪਰੇਸ਼ਾਨ ਹਨ। ਇਸ ਸਬੰਧੀ ਕਈ ਵਾਰ ਪੀ.ਡਬਲਿਊ.ਡੀ. ਦੇ ਐਕਸੀਅਨ, ਐੱਸਡੀਓ ਤੇ ਜੇਈ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਸੇ ਵੀ ਅਧਿਕਾਰੀ ਨੇ ਫੋਨ ਚੁੱਕਣਾ ਜ਼ਰੂਰੀ ਨਹੀਂ ਸਮਝਿਆ। ਇਸ ਸਬੰਧੀ ਕਿਸਾਨ ਆਗੂ ਪਵਨ ਕੁਮਾਰ ਸੋਗਲਪੁਰ ਨੇ ਕਿਹਾ ਕਿ ਪਹਿਲਾਂ ਵਿਭਾਗ ਵੱਲੋਂ ਸਰਦੀਆਂ ਦੇ ਮੌਸਮ ਦਾ ਹਵਾਲਾ ਦੇ ਕੇ ਕਿਹਾ ਜਾਂਦਾ ਸੀ ਕਿ ਠੰਢ ਕਾਰਨ ਲੁੱਕ ਨਹੀਂ ਪਾਈ ਜਾ ਸਕਦੀ। ਹੁਣ ਜੂਨ ਮਹੀਨਾ ਵੀ ਸਮਾਪਤੀ ਵੱਲ ਹੈ ਅਤੇ ਕੁਝ ਹੀ ਦਿਨਾਂ ਵਿੱਚ ਬਰਸਾਤਾਂ ਸ਼ੁਰੂ ਹੋ ਜਾਣੀਆਂ ਹਨ, ਪਰ ਸੜਕ ਦਾ ਕੰਮ ਅਜੇ ਵੀ ਅਧੂਰਾ ਪਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਬਰਸਾਤਾਂ ਤੋਂ ਪਹਿਲਾਂ ਕੰਮ ਮੁਕੰਮਲ ਨਾ ਕੀਤਾ ਗਿਆ ਤਾਂ ਸੜਕ ਦੀ ਹਾਲਤ ਹੋਰ ਖ਼ਰਾਬ ਹੋ ਸਕਦੀ ਹੈ ਅਤੇ ਲੋਕਾਂ ਨੂੰ ਹੋਰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਘਨੌਰ-ਸੰਭੂ ਸੜਕ ਦੇ ਨਿਰਮਾਣ ਕਾਰਜ ਨੂੰ ਤੁਰੰਤ ਮੁਕੰਮਲ ਕਰਵਾਇਆ ਜਾਵੇ ਅਤੇ ਰਾਹਗੀਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਮਾਰਗ ਤੇ ਕੋਈ ਵੱਡਾ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਬੰਧਤ ਵਿਭਾਗ ਦੀ ਹੋਵੇਗੀ, ਕਿਉਂਕਿ ਕਈ ਮਹੀਨਿਆਂ ਤੋਂ ਸੜਕ ਨੂੰ ਅਧੂਰੀ ਹਾਲਤ ਵਿੱਚ ਛੱਡਿਆ ਹੋਇਆ ਹੈ।