ਆਪ ਦੇ ਰਿਤੇਸ਼ ਬਾਂਸਲ ਤੇ ਸਿਰ ਸਜਿਆ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਤਾਜ ਆਪ ਦੇ ਰਿਤੇਸ਼ ਬਾਂਸਲ ਤੇ ਸਿਰ ਸਜਿਆ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਤਾਜ
Publish Date: Thu, 02 Jul 2026 06:43 PM (IST)
Updated Date: Fri, 03 Jul 2026 04:12 AM (IST)
ਐੱਚ ਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਰਾਜਪੁਰਾ ਨਗਰ ਕੌਂਸਲ ਦੇ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਅਤੇ ਪ੍ਰਧਾਨ ਦੀ ਚੋਣ ਕਰਨ ਦੇ ਲਈ ਤੀਜੀ ਵਾਰ ਰੱਖੀ ਮੀਟਿੰਗ ਦੇ ਵਿੱਚ ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਅਤੇ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਸਿੰਘ ਘਨੋਰ ਦੀ ਹਾਜ਼ਰੀ ਦੇ ਵਿੱਚ ਆਪ ਰਾਜਪੁਰਾ ਦੇ ਕੁਲ 31 ਵਾਰਡਾਂ ਵਿੱਚੋਂ ਜਿੱਤੇ ਆਮ ਆਦਮੀ ਪਾਰਟੀ ਦੇ ਸਿਰਫ਼ 7 ਕੌਂਸਲਰਾਂ *ਚੋਂ ਵਾਰਡ ਨੰਬਰ 14 ਤੋਂ ਜਿੱਤੇ ਰਿਤੇਸ਼ ਬਾਂਸਲ ਨੂੰ ਪ੍ਰਧਾਨ, ਵਾਰਡ ਨੰਬਰ 31 ਤੋਂ ਜਿੱਤੇ ਦੇਸ ਰਾਜ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਵਾਰਡ ਨੰਬਰ 17 ਤੋਂ ਜਿੱਤੀ ਕਲਪਨਾ ਕੁਕਰੇਜਾ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ। ਅੱਜ ਦੀ ਇਸ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਨ ਦੇ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਨਗਰ ਕੌਂਸਲ ਨੂੰ ਜਾਣ ਵਾਲੇ ਸਾਰੇ ਰਸਤਿਆਂ ਨੂੰ ਬੈਰੀਕੇਡ ਦੇ ਰਾਹੀ ਮੁਕੰਮਲ ਤੌਰ ਤੇ ਬੰਦ ਕੀਤਾ ਹੋਇਆ ਸੀ। ਮੌਕੇ ਤੇ ਡੀਐਸਪੀ ਰਾਜਪੁਰਾ ਮਨਜੀਤ ਸਿੰਘ, ਡੀਐਸਪੀ ਬਨੂੜ ਸੁਖਦੇਵ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਰਿਹਾ। ਜਾਣਕਾਰੀ ਅਨੁਸਾਰ ਨਗਰ ਕੌਂਸਲ ਦੇ ਕਾਨਫਰੰਸ ਹਾਲ ਦੇ ਨਾਲ ਵਾਲੇ ਕਮਰੇ ’ਚ ਪਹਿਲਾਂ ਸਾਰੇ ਜਿੱਤੇ ਹੋਏ ਕੌਂਸਲਰਾਂ ਨੂੰ ਇਕ-ਇਕ ਕਰਕੇ ਸੋਂਹ ਚੁਕਾਈ ਗਈ ਤੇ ਫੇਰ ਆਮ ਆਦਮੀ ਪਾਰਟੀ ਦੇ 7 ਕੌਂਸਲਰਾਂ ਨੂੰ ਕਾਨਫਰੰਸ ਹਾਲ ’ਚ ਵਾੜ੍ਹ ਦਿੱਤਾ ਗਿਆ। ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ 9 ਕੋਂਸਲਰਾਂ ਅਤੇ 2 ਅਜਾਦ ਕੋਂਸਲਰਾਂ ਨੂੰ ਵੀ ਕਾਨਫਰੰਸ ਹਾਲ ਦੀ ਇਜਾਜਤ ਦਿੱਤੀ ਗਈ। ਇਸ ਤੋਂ ਕਾਂਗਰਸ ਪਾਰਟੀ ਦੇ 9 ਕੌਂਸਲਰਾਂ ਦੇ ਚੋਣ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਅਤੇ ਸ਼ੋਮਣੀ ਅਕਾਲੀ ਦਲ ਦੇ 4 ਕੌਂਸਲਰਾਂ ਨੂੰ ਪੁਲਿਸ ਪ੍ਰਸ਼ਾਸ਼ਨ ਨੇ ਕਾਨਫਰੰਸ ਹਾਲ ਤੋਂ ਬਾਹਰ ਰੋਕ ਲਿਆ। ਇਸੇ ਦੌਰਾਨ ਕਾਨਫਰੰਸ ਹਾਲ ਤੋਂ ਚੋਣ ਅਧਿਕਾਰੀ-ਕਮ-ਐੱਸ.ਡੀ.ਐੱਮ. ਰਵਿੰਦਰ ਸਿੰਘ ਨੇ ਰਿਤੇਸ਼ ਬਾਂਸਲ ਨੂੰ ਪ੍ਰਧਾਨ ਚੁਣੇ ਜਾਣ ਦਾ ਐਲਾਨ ਕਰ ਦਿੱਤਾ ਤੇ ਆਮ ਆਦਮੀ ਪਾਰਟੀ ਦੇ ਦੋਵੇਂ ਵਿਧਾਇਕ ਅਤੇ ਕੌਂਸਲਰ ਮੋਕੇ ਤੋਂ ਜਲਦੀ ਬਾਹਰ ਨਿਕਲ ਕੇ ਚਲੇ ਗਏ। ਭਾਜਪਾ ਕੌਂਸਲਰ ਰੁਪਿੰਦਰ ਸਿੰਘ ਰੂਪੀ, ਰੰਜਨਾ ਵਰਮਾ ਅਤੇ ਆਸ਼ਾ ਸਹਿਜੜਾ ਨੇ ਦਾਅਵਾ ਕੀਤਾ ਕਿ ਭਾਜਪਾ ਕੋਲ ਆਪਣੇ 9 ਕੌਂਸਲਰਾਂ ਦੀਆਂ ਵੋਟਾਂ ਸਨ, ਜਦਕਿ ਆਪ ਕੋਲ 7 ਕੌਂਸਲਰਾਂ, 1 ਅਜ਼ਾਦ ਕੌਂਸਲਰ ਤੋਂ ਇਲਾਵਾ ਰਾਜਪੁਰਾ ਅਤੇ ਘਨੌਰ ਦੇ ਵਿਧਾਇਕਾਂ ਦੀਆਂ ਵੋਟਾਂ ਮਿਲਾ ਕੇ ਕੁੱਲ 10 ਵੋਟਾਂ ਬਣਦੀਆਂ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਨੇ ਚੋਣ ਦਾ ਬਾਈਕਾਟ ਕਰਕੇ ਅਸਿੱਧੇ ਤੌਰ ਤੇ ਆਪ ਦੀ ਮਦਦ ਕੀਤੀ ਅਤੇ ਇੱਕ ਕੌਂਸਲਰ ਦੇ ਦੋ ਹੱਥ ਖੜ੍ਹੇ ਕਰਵਾ ਕੇ ਚੋਣ ਜਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੁਰਜੀਤ ਸਿੰਘ ਗੜ੍ਹੀ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਕੌਂਸਲਰਾਂ ਨੂੰ ਮੀਟਿੰਗ ਹਾਲ ਵਿੱਚ ਦਾਖਲ ਹੀ ਨਹੀਂ ਹੋਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਬਾਈਕਾਟ ਨੇ ਆਪ ਦੀ ਜਿੱਤ ਦਾ ਰਸਤਾ ਸਾਫ਼ ਕੀਤਾ ਹੈ। ਉੱਧਰ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਭਾਜਪਾ ਅਤੇ ਅਕਾਲੀ ਦਲ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਦੀ ਆਪਸੀ ਸਹਿਮਤੀ ਅਤੇ ਸਾਜ਼ਿਸ਼ ਨਾਲ ਹੀ ਆਪ ਦਾ ਪ੍ਰਧਾਨ ਬਣਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੂਰੀ ਚੋਣ ਪ੍ਰਕਿਰਿਆ ਦੌਰਾਨ ਲੋਕਤੰਤਰ ਦਾ ਘਾਣ ਕੀਤਾ ਗਿਆ। ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੋਂਸਲਰਾਂ ਅਤੇ ਸਮਰਥੱਕਾਂ ਨੇ ਭਾਜਪਾ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਅਤੇ ਅਕਾਲੀ ਦੇ ਹਲਕਾ ਇੰਚਾਰਜ ਜਥੇ. ਸੁਰਜੀਤ ਸਿੰਘ ਗੜ੍ਹੀ ਦੀ ਅਗਵਾਈ ’ਚ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਖ਼ਿਲਾਫ਼ ਜਮ ਕੇ ਨਾਅਰੇਬਾਜੀ ਕੀਤੀ ਅਤੇ ਰੈਲੀ ਦੇ ਰੂਪ ’ਚ ਰਾਜਪੁਰਾ-ਪਟਿਆਲਾ ਮਾਰਗ ’ਚ ਸਥਾਨਕ ਟਾਹਲੀ ਵਾਲਾ ਚੋਂਕ ਵਿਖੇ ਪਹੁੰਚ ਕੇ ਧਰਨਾ ਲਗਾ ਦਿੱਤਾ। ਜਿਸ ਤੇ ਦੋਵੇਂ ਪਾਸੇ ਵਾਹਨਾਂ ਦੀਆਂ ਲਾਈਨਾਂ ਲੱਗ ਗਈਆਂ ਅਤੇ ਲੋਕਾਂ ਦੀ ਇਸ ਅੱਤ ਦੀ ਗਰਮੀ *ਚ ਪ੍ਰੇਸ਼ਾਨੀ ਦੇਖਣ ਵਾਲੀ ਸੀ। ਇਸ ਮੋਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਭਾਰਤੀ ਜਨਤਾ ਪਾਰਟੀ ਦੇ ਜਗਦੀਸ਼ ਜੱਗਾ ਅਤੇ ਅਕਾਲੀ ਦਲ ਦੇ ਜਥੇਦਾਰ ਗੜ੍ਹੀ ਨੇ ਕਿਹਾ ਕਿ ਇਹ ਲੋਕਤੰਤਰ ਦਾ ਸ਼ਰੇਆਮ ਕਤਲ ਕੀਤਾ ਗਿਆ ਹੈ ਤੇ ਉਹਨਾਂ ਨਾਲ ਹੋਏ ਇਸ ਧੱਕੇ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਹਾਈ ਕੋਰਟ *ਚ ਇਸ ਚੋਣ ਨੂੰ ਚਿਨੌਤੀ ਦੇਣਗੇ। ਇਸ ਸਬੰਧੀ ਚੋਣ ਕਨਵੀਨਰ-ਕਮ-ਐਸਡੀਐਮ ਰਾਜਪੁਰਾ ਰਵਿੰਦਰ ਸਿੰਘ ਨੇ ਕਿਹਾ ਕਿ ਮੀਟਿੰਗ ਦੌਰਾਨ ਭਾਜਪਾ ਦੇ 9 ਅਤੇ ਆਪ ਦੇ 10 ਮੈਂਬਰ ਹਾਜ਼ਰ ਸਨ, ਜਦਕਿ ਕਾਂਗਰਸ ਨੇ ਚੋਣ ਦਾ ਬਾਈਕਾਟ ਕੀਤਾ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਨਿਯਮਾਂ ਅਨੁਸਾਰ ਰਿਤੇਸ਼ ਬਾਂਸਲ ਨੂੰ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ ਹੈ।