ਵੱਧ ਰਹੀ ਤਪਸ਼ ਤੇ ਪ੍ਰਦੂਸ਼ਣ ਬਣੇ ਚਿੰਤਾ ਦਾ ਕਾਰਨ, ਪੁਰਾਤਨ ਰੁੱਖਾਂ ਦੀ ਸੰਭਾਲ ਸਮੇਂ ਦੀ ਲੋੜ
ਵੱਧ ਰਹੀ ਤਪਸ਼ ਤੇ ਪ੍ਰਦੂਸ਼ਣ ਬਣੇ ਚਿੰਤਾ ਦਾ ਕਾਰਨ, ਪੁਰਾਤਨ ਰੁੱਖਾਂ ਦੀ ਸੰਭਾਲ ਸਮੇਂ ਦੀ ਲੋੜ
Publish Date: Tue, 09 Jun 2026 04:21 PM (IST)
Updated Date: Wed, 10 Jun 2026 04:03 AM (IST)

ਬੂਟੇ ਲਾਉਣ ਨਾਲ ਹੀ ਘਟੇਗੀ ਗਰਮੀ, ਵਾਤਾਵਰਨ ਬਚਾਉਣ ਲਈ ਲੋਕਾਂ ਨੂੰ ਆਉਣਾ ਪਵੇਗਾ ਅੱਗੇ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਪੰਜਾਬ ਵਿੱਚ ਦਿਨੋ-ਦਿਨ ਵੱਧ ਰਹੀ ਗਰਮੀ, ਪ੍ਰਦੂਸ਼ਣ ਅਤੇ ਕੁਦਰਤੀ ਸਰੋਤਾਂ ਦੇ ਹੋ ਰਹੇ ਨੁਕਸਾਨ ਨੂੰ ਲੈ ਕੇ ਸਮਾਜਿਕ, ਧਾਰਮਿਕ ਅਤੇ ਸਿਹਤ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸੜਕਾਂ, ਖੇਤਾਂ ਅਤੇ ਪਿੰਡਾਂ ਵਿੱਚ ਘਟ ਰਹੇ ਦਰੱਖਤਾਂ ਦੀ ਗਿਣਤੀ ਅਤੇ ਆਧੁਨਿਕ ਜੀਵਨ ਸ਼ੈਲੀ ਕਾਰਨ ਵਾਤਾਵਰਨ ਦਾ ਸੰਤੁਲਨ ਵਿਗੜ ਰਿਹਾ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਵੱਡੇ ਪੱਧਰ ਤੇ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਲੋੜ ਹੈ। ਪੁਰਾਤਨ ਰੁੱਖ ਸਾਡੇ ਵਿਰਸੇ ਦੀ ਅਨਮੋਲ ਧਰੋਹਰ : ਗੁੰਮਟੀ ਮਨਰੇਗਾ ਮਜ਼ਦੂਰ ਯੂਨੀਅਨ ਦੀ ਜ਼ਿਲ੍ਹਾ ਕਨਵੀਨਰ ਕਾਮਰੇਡ ਪਰਮਜੀਤ ਕੌਰ ਗੁੰਮਟੀ ਨੇ ਕਿਹਾ ਕਿ ਪੰਜਾਬ ਦੇ ਪੁਰਾਤਨ ਰੁੱਖ ਸਾਡੇ ਵਿਰਸੇ ਦੀ ਅਨਮੋਲ ਧਰੋਹਰ ਹਨ। ਉਨ੍ਹਾਂ ਕਿਹਾ ਕਿ ਕਈ ਅਜਿਹੇ ਰੁੱਖ ਹਨ ਜੋ ਨਾ ਸਿਰਫ਼ ਸ਼ੁੱਧ ਆਕਸੀਜਨ ਪ੍ਰਦਾਨ ਕਰਦੇ ਹਨ, ਸਗੋਂ ਮਨੁੱਖੀ ਬਿਮਾਰੀਆਂ ਦੇ ਇਲਾਜ ਲਈ ਵੀ ਲਾਹੇਵੰਦ ਸਾਬਤ ਹੁੰਦੇ ਹਨ। ਉਨ੍ਹਾਂ ਲੋਕਾਂ ਨੂੰ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਜਨਮ ਦਿਨ ਮੌਕੇ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦੀ ਅਪੀਲ ਕੀਤੀ। ਪ੍ਰਦੂਸ਼ਿਤ ਹੋ ਰਿਹਾ ਵਾਤਾਵਰਨ ਚਿੰਤਾ ਦਾ ਵਿਸ਼ਾ : ਹਰਵਿੰਦਰ ਘਨੌਰ ਸੀਐੱਚਸੀ ਸ਼ੇਰਪੁਰ ਦੀ ਸਟਾਫ ਨਰਸ ਹਰਵਿੰਦਰ ਕੌਰ ਘਨੌਰ ਕਲਾਂ ਨੇ ਕਿਹਾ ਕਿ ਪ੍ਰਦੂਸ਼ਿਤ ਹੋ ਰਿਹਾ ਵਾਤਾਵਰਨ ਅਤੇ ਦੂਸ਼ਿਤ ਪਾਣੀ ਅੱਜ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਪੰਜਾਬ ਦਾ ਪਾਣੀ ਅੰਮ੍ਰਿਤ ਮੰਨਿਆ ਜਾਂਦਾ ਸੀ, ਪਰ ਅੱਜ ਇਹ ਕਈ ਥਾਵਾਂ ਤੇ ਸਿਹਤ ਲਈ ਖ਼ਤਰਾ ਬਣਦਾ ਜਾ ਰਿਹਾ ਹੈ। ਉਨ੍ਹਾਂ ਵੱਧ ਤੋਂ ਵੱਧ ਬੂਟੇ ਲਗਾ ਕੇ ਪੰਜਾਬ ਨੂੰ ਮੁੜ ਹਰਿਆ-ਭਰਿਆ ਬਣਾਉਣ ਦੀ ਅਪੀਲ ਕੀਤੀ। ਬੂਟੇ ਲਾ ਕੇ ਉਸ ਨੂੰ ਸੰਭਾਲਣ ਦਾ ਲਿਆ ਜਾਵੇ ਸੰਕਲਪ : ਬਾਬਾ ਜਗਤਜੀਤ ਉੱਘੇ ਪੰਥ ਪ੍ਰਚਾਰਕ ਅਤੇ ਡੇਰਾ ਭੋਰਾ ਸਾਹਿਬ ਦੇ ਮੁੱਖ ਸੇਵਾਦਾਰ ਸਰਪੰਚ ਸੰਤ ਬਾਬਾ ਜਗਜੀਤ ਸਿੰਘ ਕਲੇਰਾਂ ਨੇ ਕਿਹਾ ਕਿ ਸਿਰਫ਼ ਬੂਟੇ ਲਗਾਉਣਾ ਹੀ ਕਾਫ਼ੀ ਨਹੀਂ, ਸਗੋਂ ਉਨ੍ਹਾਂ ਦੀ ਸੰਭਾਲ ਦਾ ਸੰਕਲਪ ਵੀ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਤੇ ਸਮਾਜਿਕ ਪੱਧਰ ਤੇ ਲਗਾਏ ਜਾਂਦੇ ਬਹੁਤ ਸਾਰੇ ਪੌਦੇ ਆਵਾਰਾ ਪਸ਼ੂਆਂ ਕਾਰਨ ਨਸ਼ਟ ਹੋ ਜਾਂਦੇ ਹਨ। ਇਸ ਲਈ ਪੌਦਿਆਂ ਦੀ ਸੁਰੱਖਿਆ ਲਈ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਬੂਟੇ ਲਾਉਣ ਨਾਲ ਹੀ ਘਟੇਗੀ ਮੌਸਮ ਦੀ ਤਪਸ : ਸੋਨੀ ਨੌਜਵਾਨ ਆਗੂ ਚੇਤਨ ਗੋਇਲ ਸੋਨੀ ਨੇ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਕਾਰਨ ਸੜਕਾਂ ਕਿਨਾਰੇ ਅਤੇ ਹੋਰ ਥਾਵਾਂ ਤੇ ਲਗਾਏ ਗਏ ਹਜ਼ਾਰਾਂ ਪੌਦੇ ਹਰ ਸਾਲ ਸੜ ਕੇ ਨਸ਼ਟ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਰੁਝਾਨ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਕਿਸਾਨਾਂ ਨੂੰ ਵੀ ਵਾਤਾਵਰਨ ਦੀ ਸੰਭਾਲ ਲਈ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।