ਸੇਵਾਮੁਕਤ IG ਚਾਹਲ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਦੁਬਈ 'ਚ ਬੈਠੇ ਦੋ ਮਾਸਟਰਮਾਈਂਡ ਕੀਤੇ ਨਾਮਜ਼ਦ
ਜਾਂਚ ਅਧਿਕਾਰੀਆਂ ਮੁਤਾਬਕ ਇਹ ਮੁਲਜ਼ਮ ਦੁਬਈ ਤੋਂ ਹੀ ਸਾਰਾ ਆਪ੍ਰੇਸ਼ਨ ਕੰਟਰੋਲ ਕਰ ਰਹੇ ਸਨ ਅਤੇ ਭਾਰਤ ਵਿਚ ਮੌਜੂਦ ਆਪਣੇ ਗੁਰਗਿਆਂ ਰਾਹੀਂ ਪੈਸਿਆਂ ਦਾ ਲੈਣ-ਦੇਣ ਕਰਦੇ ਸਨ। ਸਾਈਬਰ ਪੁਲਿਸ ਪਹਿਲਾਂ ਹੀ ਇਸ ਮਾਮਲੇ ਵਿਚ ਮਹਾਰਾਸ਼ਟਰ ਤੋਂ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਇਹ ਲੋਕ ਮੁੱਖ ਤੌਰ ’ਤੇ ‘ਕੈਸ਼ਆਊਟ’ ਮਡਿਊਲ ਦਾ ਹਿੱਸਾ ਸਨ, ਜੋ ਠੱਗੀ ਦੇ ਪੈਸੇ ਨੂੰ ਵੱਖ-ਵੱਖ ਬੈਂਕ ਖਾਤਿਆਂ ਵਿਚ ਘੁਮਾਉਣ ਤੇ ਕਢਵਾਉਣ ਦਾ ਕੰਮ ਕਰਦੇ ਸਨ।
Publish Date: Tue, 20 Jan 2026 10:44 AM (IST)
Updated Date: Tue, 20 Jan 2026 10:46 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਪਟਿਆਲਾ : ਅੱਠ ਕਰੋੜ ਰੁਪਏ ਤੋਂ ਵੱਧ ਦੀ ਵੱਡੀ ਸਾਈਬਰ ਠੱਗੀ ਦਾ ਸ਼ਿਕਾਰ ਹੋਣ ਤੋਂ ਬਾਅਦ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਪੰਜਾਬ ਪੁਲਿਸ ਦੇ ਸੇਵਾਮੁਕਤ ਆਈਜੀ ਅਮਰ ਸਿੰਘ ਚਾਹਲ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਪਿਛਲੇ ਕਈ ਦਿਨਾਂ ਤੋਂ ਉਹ ਗੰਭੀਰ ਹਾਲਤ ’ਚ ਜ਼ੇਰੇ ਇਲਾਜ ਸਨ। ਹਾਲਾਂਕਿ ਉਨ੍ਹਾਂ ਦੀ ਸਿਹਤ ਵਿਚ ਹੁਣ ਸੁਧਾਰ ਹੈ ਪਰ ਇਸ ਮਾਮਲੇ ’ਚ ਪੁਲਿਸ ਪ੍ਰਸ਼ਾਸਨ ਅਤੇ ਸਾਈਬਰ ਸੁਰੱਖਿਆ ਦੇ ਖੇਤਰ ਵਿਚ ਹਲਚਲ ਹੈ। ਸਾਈਬਰ ਪੁਲਿਸ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਕੀਤੀ ਜਾ ਰਹੀ ਜਾਂਚ ਵਿਚ ਹੁਣ ਕਈ ਅਹਿਮ ਸੁਰਾਗ ਹੱਥ ਲੱਗੇ ਹਨ।
ਪੁਲਿਸ ਨੇ ਇਸ ਠੱਗੀ ਦੇ ਮਾਸਟਰਮਾਈਂਡ ਦੀ ਪਛਾਣ ਕਰ ਲਈ ਹੈ, ਜੋ ਭਾਰਤ ਤੋਂ ਬਾਹਰ ਬੈਠ ਕੇ ਇਸ ਨੈੱਟਵਰਕ ਨੂੰ ਚਲਾ ਰਿਹਾ ਹੈ। ਇਸ ਠੱਗੀ ਦੇ ਮੁੱਖ ਮੁਲਜ਼ਮ ਹਰੀਸ਼ ਤੇ ਮਹੇਸ਼ ਨਾਮ ਦੇ ਵਿਅਕਤੀ ਹਨ, ਜੋ ਇਸ ਵੇਲੇ ਦੁਬਈ ’ਚ ਰਹਿ ਰਹੇ ਹਨ। ਪੁਲਿਸ ਨੇ ਇਨ੍ਹਾਂ ਦੋਵਾਂ ਨੂੰ ਮਾਮਲੇ ਵਿਚ ਨਾਮਜ਼ਦ ਕਰ ਲਿਆ ਹੈ।
ਜਾਂਚ ਅਧਿਕਾਰੀਆਂ ਮੁਤਾਬਕ ਇਹ ਮੁਲਜ਼ਮ ਦੁਬਈ ਤੋਂ ਹੀ ਸਾਰਾ ਆਪ੍ਰੇਸ਼ਨ ਕੰਟਰੋਲ ਕਰ ਰਹੇ ਸਨ ਅਤੇ ਭਾਰਤ ਵਿਚ ਮੌਜੂਦ ਆਪਣੇ ਗੁਰਗਿਆਂ ਰਾਹੀਂ ਪੈਸਿਆਂ ਦਾ ਲੈਣ-ਦੇਣ ਕਰਦੇ ਸਨ। ਸਾਈਬਰ ਪੁਲਿਸ ਪਹਿਲਾਂ ਹੀ ਇਸ ਮਾਮਲੇ ਵਿਚ ਮਹਾਰਾਸ਼ਟਰ ਤੋਂ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਇਹ ਲੋਕ ਮੁੱਖ ਤੌਰ ’ਤੇ ‘ਕੈਸ਼ਆਊਟ’ ਮਡਿਊਲ ਦਾ ਹਿੱਸਾ ਸਨ, ਜੋ ਠੱਗੀ ਦੇ ਪੈਸੇ ਨੂੰ ਵੱਖ-ਵੱਖ ਬੈਂਕ ਖਾਤਿਆਂ ਵਿਚ ਘੁਮਾਉਣ ਤੇ ਕਢਵਾਉਣ ਦਾ ਕੰਮ ਕਰਦੇ ਸਨ। ਪੁਲਿਸ ਹੁਣ ਦੁਬਈ ਬੈਠੇ ਹਰੀਸ਼ ਤੇ ਮਹੇਸ਼ ਦੇ ਪੂਰੇ ਪਤੇ ਅਤੇ ਉਨ੍ਹਾਂ ਦੀ ਭੂਮਿਕਾ ਬਾਰੇ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਪੁਲਿਸ ਇਨ੍ਹਾਂ ਮੁਲਜ਼ਮਾਂ ਵਿਰੁੱਧ ਲੁੱਕਆਊਟ ਸਰਕੂਲਰ ਜਾਰੀ ਕਰਨ ਅਤੇ ਇੰਟਰਪੋਲ ਦੀ ਮਦਦ ਲੈਣ ਦੀ ਤਿਆਰੀ ਵਿਚ ਹੈ ਤਾਂ ਜੋ ਉਨ੍ਹਾਂ ਨੂੰ ਭਾਰਤ ਲਿਆਂਦਾ ਜਾ ਸਕੇ।