ਕਾਲਾ ਝਾੜ ਖੁਰਦ ਦੇ ਵਾਸੀਆਂ ਨੂੰ ਮਿਲੇ ਸ਼ਾਮਲਾਟ ਜ਼ਮੀਨ ਦੇ ਮਾਲਕਾਨਾ ਹੱਕ
ਕਾਲਾ ਝਾੜ ਖੁਰਦ ਦੇ ਵਾਸੀਆਂ ਨੂੰ ਮਿਲੇ ਸ਼ਾਮਲਾਟ ਜ਼ਮੀਨ ਦੇ ਮਾਲਕਾਨਾ ਹੱਕ
Publish Date: Tue, 09 Jun 2026 04:17 PM (IST)
Updated Date: Wed, 10 Jun 2026 04:03 AM (IST)

ਸਾਲਾਂ ਦੀ ਕਾਨੂੰਨੀ ਲੜਾਈ ਰੰਗ ਲਿਆਈ ਪਿੰਡ ਦੇ ਸਰਵਪੱਖੀ ਵਿਕਾਸ ਲਈ ਯਤਨ ਜਾਰੀ ਰਹਿਣਗੇ : ਡਾ. ਮਿੰਕੂ ਜਵੰਧਾ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਸਾਲਾਂ ਤੋਂ ਚੱਲ ਰਹੀ ਕਾਨੂੰਨੀ ਜੱਦੋ ਜਹਿਦ ਆਖ਼ਿਰਕਾਰ ਰੰਗ ਲੈ ਆਈ ਤੇ ਪਿੰਡ ਕਾਲਾ ਝਾੜ ਖੁਰਦ ਦੇ ਨਿਵਾਸੀਆਂ ਨੂੰ ਸ਼ਾਮਲਾਟ ਜ਼ਮੀਨ ਦੇ ਮਾਲਕਾਨਾ ਹੱਕ ਮਿਲ ਗਏ। ਇਸ ਇਤਿਹਾਸਕ ਜਿੱਤ ਨਾਲ ਪਿੰਡ ਵਾਸੀਆਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਪੂਰੇ ਪਿੰਡ ਵਿੱਚ ਜਸ਼ਨ ਵਰਗਾ ਮਾਹੌਲ ਦੇਖਣ ਨੂੰ ਮਿਲਿਆ। ਪਿੰਡ ਵਾਸੀਆਂ ਨੇ ਇਸ ਮੌਕੇ ਨੂੰ ਲੰਬੇ ਸਮੇਂ ਦੀ ਮਿਹਨਤ, ਏਕਤਾ ਅਤੇ ਸਬਰ ਦੀ ਜਿੱਤ ਕਰਾਰ ਦਿੱਤਾ। ਜਾਣਕਾਰੀ ਅਨੁਸਾਰ, ਲੰਬੇ ਸਮੇਂ ਤੋਂ ਚੱਲ ਰਹੇ ਕਾਨੂੰਨੀ ਸੰਘਰਸ਼ ਤੋਂ ਬਾਅਦ ਪਿੰਡ ਦੀ ਸ਼ਾਮਲਾਟ ਜ਼ਮੀਨ ਦੇ ਮਾਲਕਾਨਾ ਹੱਕ ਕਾਨੂੰਨੀ ਤੌਰ ‘ਤੇ ਪੂਰੀ ਤਰ੍ਹਾਂ ਪਿੰਡ ਵਾਸੀਆਂ ਦੇ ਨਾਮ ਤਬਦੀਲ ਹੋ ਗਏ ਹਨ। ਇਸ ਫੈਸਲੇ ਨੂੰ ਪਿੰਡ ਦੇ ਵਿਕਾਸ ਅਤੇ ਭਵਿੱਖ ਲਈ ਇੱਕ ਇਤਿਹਾਸਕ ਕਦਮ ਮੰਨਿਆ ਜਾ ਰਿਹਾ ਹੈ। ਇਸ ਵੱਡੀ ਕਾਨੂੰਨੀ ਜਿੱਤ ਦੇ ਮੌਕੇ ‘ਤੇ ਪੰਜਾਬ ਇਨਫੋਟੈਕ ਅਤੇ ਭਾਈ ਗੁਰਦਾਸ ਗਰੁੱਪ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਦੌਰਾਨ ਪਿੰਡ ਵਾਸੀਆਂ ਅਤੇ ਪਤਵੰਤੇ ਸੱਜਣਾਂ ਵੱਲੋਂ ਇਸ ਲੜਾਈ ਵਿੱਚ ਅਹਿਮ ਯੋਗਦਾਨ ਅਤੇ ਰਹਿਨੁਮਾਈ ਲਈ ਡਾ. ਜਵੰਧਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਸਾਂਝੀ ਕੀਤੀ ਗਈ। ਚੇਅਰਮੈਨ ਡਾ. ਮਿੰਕੂ ਜਵੰਧਾ ਨੇ ਕਿਹਾ ਕਿ ਕਾਲਾ ਝਾੜ ਖੁਰਦ ਦੇ ਲੋਕਾਂ ਦਾ ਸਬਰ, ਏਕਤਾ ਅਤੇ ਸੰਘਰਸ਼ ਅੱਜ ਸਫਲ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਸਿਰਫ਼ ਕਾਨੂੰਨੀ ਹੱਕ ਨਹੀਂ, ਸਗੋਂ ਪਿੰਡ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਨਹਿਰੇ ਭਵਿੱਖ ਦੀ ਬੁਨਿਆਦ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਜ਼ਮੀਨ ਨਾਲ ਪਿੰਡ ਵਿੱਚ ਲੋਕ-ਹਿੱਤ ਅਤੇ ਸਾਂਝੇ ਵਿਕਾਸ ਦੇ ਕੰਮ ਹੋਰ ਵੀ ਸੁਚਾਰੂ ਢੰਗ ਨਾਲ ਹੋ ਸਕਣਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਪਿੰਡ ਦੀ ਬਿਹਤਰੀ, ਬੁਨਿਆਦੀ ਸਹੂਲਤਾਂ ਅਤੇ ਸਰਵਪੱਖੀ ਵਿਕਾਸ ਲਈ ਯਤਨ ਲਗਾਤਾਰ ਜਾਰੀ ਰਹਿਣਗੇ। ਪਿੰਡ ਦੇ ਸਰਪੰਚ ਸੰਦੀਪ ਸਿੰਘ, ਹਰਮੇਲ ਸਿੰਘ, ਹਰਜਿੰਦਰ ਸਿੰਘ ਅਤੇ ਗੁਰਮੀਤ ਸਿੰਘ ਨਿੱਕਾ ਨੇ ਕਿਹਾ ਕਿ ਚੇਅਰਮੈਨ ਡਾ. ਮਿੰਕੂ ਜਵੰਧਾ ਦੀ ਸਕਾਰਾਤਮਕ ਸੋਚ, ਲਗਾਤਾਰ ਮਾਰਗਦਰਸ਼ਨ ਅਤੇ ਯਤਨਾਂ ਸਦਕਾ ਹੀ ਪਿੰਡ ਅੱਜ ਇਸ ਇਤਿਹਾਸਕ ਮੁਕਾਮ ‘ਤੇ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਪਿੰਡ ਦੇ ਹਰ ਵਾਸੀ ਲਈ ਮਾਣ ਵਾਲਾ ਪਲ ਹੈ।