ਰਾਸ਼ਟਰ ਮੰਡਲ ਖੇਡਾਂ ਦੀ ਨੁਮਾਇੰਦਗੀ ਕਰਨ ਗਲਾਸਗੋ ਜਾਵੇਗੀ ਪਿੰਡ ਗੰਢੂਆਂ ਦੀ ਧੀ ਰਸ਼ਦੀਪ
ਰਾਸ਼ਟਰ ਮੰਡਲ ਖੇਡਾਂ ਦੀ ਨੁਮਾਇੰਦਗੀ ਕਰਨ ਗਲਾਸਗੋ ਜਾਵੇਗੀ ਪਿੰਡ ਗੰਢੂਆਂ ਦੀ ਧੀ ਰਸ਼ਦੀਪ
Publish Date: Thu, 18 Jun 2026 03:05 PM (IST)
Updated Date: Fri, 19 Jun 2026 04:00 AM (IST)

• ਪਿਤਾ ਨੇ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਖੇਡ ਮੈਦਾਨ ’ਚ ਉਤਾਰਿਆ • ਮਾਪਿਆਂ ਦੀਆਂ ਉਮੀਦਾਂ ’ਤੇ ਖਰੀ ਉਤਰੀ ਰਸ਼ਦੀਪ, ਚਮਕਾਇਆ ਇਲਾਕੇ ਦਾ ਨਾਂਅ ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਰਾਸ਼ਟਰ ਮੰਡਲ ਖੇਡਾਂ ’ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਪਿੰਡ ਗੰਢੂਆਂ ਦੀ ਰਸ਼ਦੀਪ ਕੌਰ ਨੇ ਇਲਾਕੇ ਦਾ ਨਾਮ ਰੌਸ਼ਨ ਕਰ ਦਿੱਤਾ ਹੈ। ਇਹ ਮੁਟਿਆਰ ਸਖਤ ਮਿਹਨਤ ਦੇ ਨਾਲ ਇਸ ਸਮੇਂ ਯੂਕੇ ਸ਼ਹਿਰ ਗਲਾਸਗੋ ਵਿੱਚ ਹੋਣ ਜਾ ਰਹੀਆਂ ਰਾਸ਼ਟਰ ਮੰਡਲ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਤਿਆਰ ਹੈ। ਆਪਣੇ ਪਿੰਡ ਦੇ ਆਦਰਸ਼ ਪਬਲਿਕ ਸਕੂਲ ’ਚ ਪੜੀ ਰਸ਼ਦੀਪ ਕੌਰ ਨੇ ਸਿਰਫ਼ ਅੱਠ ਸਾਲ ਉਮਰ ਵਿੱਚ ਐਥਲੈਟਿਕ ਸ਼ੁਰੂ ਕਰ ਦਿੱਤੀ ਸੀ ਤੇ ਰਸ਼ਦੀਪ ਅਜਿਹੀ ਦੌੜਾਕ ਬਣੀ ਕਿ ਉਸਨੇ ਹੁਣ ਤੱਕ ਕਈ ਮੈਡਲ ਆਪਣੇ ਨਾਮ ਕਰਵਾਏ। ਹਾਲਾਂਕਿ, ਉਸਦੀ ਇਸ ਕਾਮਯਾਬੀ ਵਿੱਚ ਸਭ ਤੋ ਵੱਡਾ ਹੱਥ ਉਸਦੇ ਪਿਤਾ ਗੁਰਲਾਲ ਸਿੰਘ ਦਾ ਹੈ। ਜਿਨ੍ਹਾਂ ਲੋਕਾਂ ਦੀ ਬਿਨਾਂ ਕੋਈ ਪਰਵਾਹ ਕੀਤਿਆਂ ਆਪਣੀ ਧੀ ਨੂੰ ਅੱਗੇ ਵਧਣ ਦਿੱਤਾ। ਸਮਾਜ ਦੀਆਂ ਗੱਲਾਂ ਤੋਂ ਬੇਪਰਵਾਹ ਗੁਰਲਾਲ ਸਿੰਘ ਆਪਣੀ ਧੀ ਨੂੰ ਐਥਲੀਟ ਬਣਾਉਣ ਲਈ ਲਗਾਤਾਰ ਲੱਗਾ ਰਿਹਾ ਉਸ ਦੀ ਮਿਹਨਤ ਰੰਗ ਲਿਆਈ ਕਿ ਅੱਦ ਉਸਦੀ 23 ਸਾਲਾਂ ਧੀ ਰਸ਼ਦੀਪ ਕੌਰ ਗਲਾਸਗੋ ’ਚ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਲਈ ਚੁਣੀ ਗਈ ਤੇ ਉਹ 4x400 ਮੀਟਰ ਰਿਲੇਅ ਦੌੜ ਮਿਕਸਡ ਵਿੱਚ ਕੁਆਲੀਫਾਈ ਕੀਤਾ। ਉਸਦੀਆਂ ਦੋ ਛੋਟੀਆਂ ਭੈਣਾਂ ਸੁਖਵੀਰ ਕੌਰ ਤੇ ਰਣਜੀਤ ਕੌਰ ਨੇ ਵੀ ਖੇਡਾਂ ਵਿੱਚ ਆਪਣੀ ਚੰਗੀ ਪਹਿਚਾਣ ਬਣਾਈ ਅਤੇ ਹੁਣ ਰਾਸ਼ਟਰ ਪੱਧਰ ਦੀਆਂ ਖਿਡਾਰਨਾਂ ਹਨ। ਰਸ਼ਦੀਪ ਦੀ ਮਾਤਾ ਗੁਰਪਿੰਦਰ ਕੌਰ ਕੌਰ ਦੱਸਦੇ ਹਨ ਕਿ ਲੋਕ ਅਕਸਰ ਕਹਿੰਦੇ ਸਨ ਕਿ ਕੁੜੀਆਂ ਨੂੰ ਬਾਹਰ ਨਾ ਭੇਜੋ ਪਰ ਉਸਦੇ ਪਿਤਾ ਨੇ ਕਦੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਪਰਿਵਾਰ ਦਾ ਸਫ਼ਰ ਬਹੁਤ ਸੌਖਾ ਨਹੀਂ ਸੀ। ਵਿੱਤੀ ਤੰਗੀ ਹਮੇਸ਼ਾ ਰਹੀ ਫਿਰ ਵੀ ਗੁਰਲਾਲ ਸਿੰਘ ਅਤੇ ਗੁਰਪਿੰਦਰ ਕੌਰ ਨੇ ਆਪਣੀਆਂ ਧੀਆਂ ਨੂੰ ਕਦੇ ਵੀ ਉਸ ਮੁਸ਼ਕਲ ਦਾ ਭਾਰ ਮਹਿਸੂਸ ਨਹੀਂ ਹੋਣ ਦਿੱਤਾ। ਉਨ੍ਹਾਂ ਨੇ ਕੁੜੀਆਂ ਲਈ ਜਲੰਧਰ ਵਿੱਚ ਰਹਿਣ ਲਈ ਰਿਹਾਇਸ਼ ਦਾ ਪ੍ਰਬੰਧ ਕੀਤਾ ਤਾਂ ਜੋ ਉਹ ਖੇਡ ਵਿਭਾਗ ਦੇ ਐਥਲੈਟਿਕਸ ਕੋਚ ਸਰਬਜੀਤ ਸਿੰਘ ਹੈਪੀ ਦੀ ਅਗਵਾਈ ਵਿੱਚ ਸਿਖਲਾਈ ਜਾਰੀ ਰੱਖ ਸਕਣ। ਹਰ ਤਗਮੇ ਅਤੇ ਹਰ ਦੌੜ ਦੇ ਪਿੱਛੇ ਇੱਕ ਕੁਰਬਾਨੀ ਸੀ, ਜੋ ਧੀਆਂ ਤੋਂ ਲੁਕੀ ਹੋਈ ਸੀ। ਇੱਕ ਵਾਰ ਆਪਣੀ ਸੋਨੇ ਦੀ ਚੇਨ ਵੇਚ ਕੇ ਰਸ਼ਦੀਪ ਲਈ ਟਿਕਟ ਅਤੇ ਹੋਰ ਚੀਜ਼ਾਂ ਦਾ ਪ੍ਰਬੰਧ ਕੀਤਾ ਤਾਂ ਜੋ ਉਹ ਇੱਕ ਮੁਕਾਬਲੇ ਵਿੱਚ ਹਿੱਸਾ ਲੈ ਸਕੇ। ਕੋਚ ਸਰਬਜੀਤ ਸਿੰਘ ਹੈਪੀ ਨੇ ਉਨ੍ਹਾਂ ਨੂੰ ਹਮੇਸ਼ਾ ਕਿਹਾ ਕਿ ਲੋਕ ਕੀ ਕਹਿ ਰਹੇ ਹਨ ਉਸ ਵੱਲ ਧਿਆਨ ਨਾ ਦਿਓ। ਉਨ੍ਹਾਂ ਕਿਹਾ ਕਿ ਸਾਨੂੰ ਸਿਰਫ਼ ਆਪਣੇ ਟੀਚਿਆਂ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਰਸ਼ਦੀਪ ਨੂੰ ਜਲੰਧਰ ਵਿੱਚ ਲਗਪਗ ਇੱਕ ਦਹਾਕੇ ਤੱਕ ਸਿਖਲਾਈ ਦਿੱਤੀ ਅਤੇ ਉਸਦੇ ਸਫ਼ਰ ਦੌਰਾਨ (ਵਿੱਤੀ ਤੌਰ ਤੇ ਵੀ) ਉਸਦਾ ਸਮਰਥਨ ਕੀਤਾ। ਹੁਣ, ਜਿਵੇਂ ਕਿ ਰਸ਼ਦੀਪ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਦੀ ਤਿਆਰੀ ਕਰ ਰਹੀ ਹੈ, ਮਾਪਿਆਂ ਨੂੰ ਪਿੰਡ ਵਾਸੀਆਂ ਤੋਂ ਵਧਾਈਆਂ ਦੇ ਸੁਨੇਹੇ ਮਿਲ ਰਹੇ ਹਨ। ਜਿਸ ਪਲ ਉਸਦੀ ਚੋਣ ਦੀ ਪੁਸ਼ਟੀ ਹੋਈ, ਰਸ਼ਦੀਪ ਨੇ ਘਰ ਫ਼ੋਨ ਕੀਤਾ ਅਤੇ ਕਿਹਾ, ਸਾਡੇ ਸੁਪਨੇ ਸਾਕਾਰ ਹੋ ਰਹੇ ਹਨ। ਮਾਪਿਆਂ ਨੇ ਪੁੱਤਾਂ ਵਾਂਗ ਕੀਤੀ ਪਰਵਰਿਸ਼ : ਰਸ਼ਦੀਪ ਰਸ਼ਦੀਪ ਕੌਰ ਨੇ ਕਿਹਾ ਕਿ ਉਸ ਦੇ ਪਿਤਾ ਛੋਟੇ ਡੇਢ ਏਕੜ ਦੇ ਮਾਲਕ ਹਨ। ਉਨਾਂ ਦੇ ਲਈ ਉਹ ਦੁਨੀਆਂ ਦੇ ਸਭ ਤੋਂ ਅਮੀਰ ਪਿਤਾ ਹਨ। ਉਨਾਂ ਨੇ ਕਦੇ ਵੀ ਪੈਸੇ ਦੀ ਤੰਗੀ ਬਾਰੇ ਉਸ ਨੂੰ ਅਹਿਸਾਸ ਨਹੀਂ ਹੋਣ ਦਿੱਤਾ। ਜਦੋਂ ਵੀ ਪੈਸੇ ਦੀ ਜਰੂਰਤ ਹੁੰਦੀ, ਉਹ ਉਸ ਨੂੰ ਇਹ ਕਹਿ ਕੇ ਚਲੇ ਜਾਂਦੇ ਕਿ ਤੂੰ ਪੁੱਤ ਖੇਡ ਵੱਲ ਧਿਆਨ ਦੇ ਬਾਕੀ ਪੈਸੇ ਦੀ ਇੰਤਜਾਮ ਕਰਨਾ ਮੇਰਾ ਕੰਮ ਹੈ। ਉਸਦੇ ਪਿਤਾ ਅਤੇ ਮਾਤਾ ਹਮੇਸ਼ਾਂ ਖੇਡਾਂ ਵਿੱਚ ਅੱਗੇ ਵਧਣ ਲਈ ਕਹਿੰਦੇ ਰਹਿੰਦੇ ਹਨ। ਹਰ ਸਵੇਰ ਜਗਾਉਣਾ ਅਤੇ ਦੋਵੇਂ ਭੈਣਾ ਨੂੰ ਖੇਡ ਮੈਦਾਨ ਵਿੱ ਲੈ ਕੇ ਜਾਣਾ, ਉਸ ਦੀ ਰੋਜਾਨਾ ਦੀ ਫਿਤਰਤ ਬਣ ਚੁੱਕੀ ਸੀ।