- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਜੀਤ ਦੀ ਪਟਿਆਲਾ ਤੋਂ ਗ੍ਰਿਫਤਾਰੀ ਸਮੇਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿਚ ਰਾਜਜੀਤ ਸਿੰਘ ਦੇ ਚਿੱਟਾ ਪਰਨਾ ਬੰਨਿ੍ਹਆ ਹੋਇਆ ਹੈ ਤੇ ਡੱਬੀਦਾਰ ਕਮੀਜ਼ ਪਾਈ ਹੋਈ ਹੈ। ਏਐੱਨਟੀਐੱਫ ਟੀਮ ਰਾਜਜੀਤ ਨੂੰ ਲੈਣ ਲਈ ਆਮ ਕੱਪੜਿਆਂ ਵਿਚ ਤੜਕ ਸਵੇਰੇ ਪਟਿਆਲਾ ਪੁੱਜੀ ਜਿਸ ਬਾਰੇ ਸਥਾਨਕ ਪੁਲਿਸ ਨੂੰ ਵੀ ਕੋਈ ਜਾਣਕਾਰੀ ਨਹੀਂ ਸੀ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਨਸ਼ਾ ਤਸਕਰੀ ਅਤੇ ਜਬਰੀ ਵਸੂਲੀ ਦੇ ਗੰਭੀਰ ਮਾਮਲਿਆਂ ਵਿੱਚ ਲੰਬੇ ਸਮੇਂ ਤੋਂ ਭਗੌੜਾ ਚੱਲ ਰਹੇ ਪੰਜਾਬ ਪੁਲਿਸ ਦੇ ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਪਟਿਆਲਾ ਵਿਚ ਹੀ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਸਨ। ਇਹ ਖੁਲਾਸਾ ਏ.ਐੱਨ.ਟੀ.ਐੱਫ ਵੱਲੋਂ ਰਾਜਜੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਹੋਇਆ ਹੈ। ਏਐਨਟੀਐਫ ਨੂੰ ਪਤਾ ਲੱਗਾ ਹੈ ਕਿ ਰਾਜ ਜੀਤ ਸਿੰਘ ਪਟਿਆਲਾ ਦੇ ਦਰਸ਼ਨ ਨਗਰ ਵਿਖੇ ਇਕ ਘਰ ਵਿਚ ਪਛਾਣ ਲੁਕਾ ਕੇ ਕਿਰਾਏ ਦੇ ਕਮਰੇ ਵਿਚ ਰਹਿ ਰਿਹਾ ਸੀ। ਹੁਲੀਆ ਬਦਲਿਆ ਹੋਣ ਕਰ ਕੇ ਉਸ ਨੂੰ ਕੋਈ ਪਛਾਣ ਨਹੀਂ ਸਕਿਆ ਸੀ। ਰਾਜਜੀਤ ਕਿੰਨੇ ਸਮੇਂ ਤੋਂ ਰਹਿ ਰਿਹਾ ਸੀ ਇਸ ਬਾਰੇ ਏਐਨਟੀਐਫ ਜਾਂਚ ਕਰ ਰਹੀ ਹੈ। ਰਾਜਜੀਤ ਦੀ ਪਟਿਆਲਾ ਤੋਂ ਗ੍ਰਿਫਤਾਰੀ ਸਮੇਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿਚ ਰਾਜਜੀਤ ਸਿੰਘ ਦੇ ਚਿੱਟਾ ਪਰਨਾ ਬੰਨਿ੍ਹਆ ਹੋਇਆ ਹੈ ਤੇ ਡੱਬੀਦਾਰ ਕਮੀਜ਼ ਪਾਈ ਹੋਈ ਹੈ। ਏਐੱਨਟੀਐੱਫ ਟੀਮ ਰਾਜਜੀਤ ਨੂੰ ਲੈਣ ਲਈ ਆਮ ਕੱਪੜਿਆਂ ਵਿਚ ਤੜਕ ਸਵੇਰੇ ਪਟਿਆਲਾ ਪੁੱਜੀ ਜਿਸ ਬਾਰੇ ਸਥਾਨਕ ਪੁਲਿਸ ਨੂੰ ਵੀ ਕੋਈ ਜਾਣਕਾਰੀ ਨਹੀਂ ਸੀ।
ਦੱਸਣਾ ਬਣਦਾ ਹੈ ਕਿ ਰਾਜਜੀਤ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ 'ਤੇ ਹੋਈ ਜਾਂਚ ਤੋਂ ਬਾਅਦ ਅਪ੍ਰੈਲ 2019 ਵਿੱਚ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਜਾਂਚ ਦੌਰਾਨ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਉਸ ਦੀ ਮਿਲੀਭੁਗਤ ਸਾਹਮਣੇ ਆਈ ਸੀ, ਜੋ ਖ਼ੁਦ ਨਸ਼ਾ ਤਸਕਰੀ ਅਤੇ ਜਬਰੀ ਵਸੂਲੀ ਦੇ ਇੱਕ ਵੱਡੇ ਨੈੱਟਵਰਕ ਨਾਲ ਜੁੜਿਆ ਹੋਇਆ ਸੀ। ਹਾਈ ਕੋਰਟ ਦੇ ਰਿਕਾਰਡ ਮੁਤਾਬਕ ਜਾਂਚ ਵਿੱਚ ਇੰਦਰਜੀਤ ਸਿੰਘ, ਰਾਜਜੀਤ ਸਿੰਘ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਭੂਮਿਕਾ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਗਏ ਸਨ। ਸਾਲ 2019 ਵਿੱਚ ਰਾਜਜੀਤ ਸਿੰਘ ਖ਼ਿਲਾਫ਼ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਸਨ। ਪਹਿਲਾ ਕੇਸ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਦਰਜ ਕੀਤਾ ਗਿਆ ਸੀ, ਜਦਕਿ ਦੂਜਾ ਕੇਸ ਸਪੈਸ਼ਲ ਟਾਸਕ ਫੋਰਸ ਵੱਲੋਂ ਜਬਰੀ ਵਸੂਲੀ ਕਰਨ, ਨਿਰਦੋਸ਼ ਲੋਕਾਂ ਨੂੰ ਝੂਠੇ ਨਸ਼ਾ ਕੇਸਾਂ ਵਿੱਚ ਫਸਾਉਣ ਅਤੇ ਨਸ਼ਾ ਤਸਕਰਾਂ ਨੂੰ ਸਰਪ੍ਰਸਤੀ ਦੇਣ ਦੇ ਦੋਸ਼ਾਂ ਹੇਠ ਦਰਜ ਹੋਇਆ ਸੀ। ਹਾਈ ਕੋਰਟ ਵੱਲੋਂ ਜ਼ਮਾਨਤ ਅਰਜ਼ੀ ਖ਼ਾਰਜ ਕੀਤੇ ਜਾਣ ਮਗਰੋਂ ਰਾਜਜੀਤ ਸਿੰਘ ਰੂਪੋਸ਼ ਹੋ ਗਿਆ ਸੀ। ਜਾਂਚ ਏਜੰਸੀਆਂ ਨੇ ਉਸ ਦੀ ਭਾਲ ਲਈ 'ਲੁੱਕਆਊਟ ਸਰਕੂਲਰ' ਵੀ ਜਾਰੀ ਕੀਤਾ ਹੋਇਆ ਸੀ।